ਖਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਨਵੀਂ ਐਗਜੈਕਟਿਵ ਕਮੇਟੀ ਦੀ ਅਗਲੇ 5 ਸਾਲਾਂ ਲਈ ਸਰਬ ਸੰਮਤੀ ਨਾਲ ਹੋਈ ਚੋਣ

4674975
Total views : 5506381

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਸੱਤਿਆਜੀਤ ਮਜੀਠੀਆ ਸਰਵਸੰਮਤੀ ਨਾਲ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ,ਰਾਜਮਹਿੰਦਰ ਸਿੰਘ ਮਜੀਠਾ ਚਾਂਸਲਰ, ਲੋਧੀਨੰਗਲ ਰੈਕਟਰ ਅਤੇ ਛੀਨਾ ਆਨਰੇਰੀ ਸਕੱਤਰ ਚੁਣੇ ਗਏ, ਕੱਥੂਨੰਗਲ ਬਣੇ ਮੀਤ ਪ੍ਰਧਾਨ

ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਅੱਜ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਜਨਰਲ ਇਜਲਾਸ ’ਚ ਕੌਂਸਲ ਦੀ ਨਵੀਂ ਐਗਜੈਕਟਿਵ ਕਮੇਟੀ ਅਗਲੇ 5 ਸਾਲਾਂ ਲਈ ਸਰਬਸੰਮਤੀ ਨਾਲ ਚੁਣੀ ਗਈ। ਜਿਸ ’ਚ ਸ: ਸੱਤਿਆਜੀਤ ਸਿੰਘ ਮਜੀਠੀਆ ਪ੍ਰਧਾਨ ਅਤੇ ਸ: ਰਜਿੰਦਰ ਮੋਹਨ ਸਿੰਘ ਛੀਨਾ ਮੁੜ ਆਨਰੇਰੀ ਸਕੱਤਰ ਚੁਣੇ ਗਏ। ਜਿਨ੍ਹਾਂ ਨੂੰ ਸਰਵਸੰਮਤੀ ਨਾਲ ਸਮੂਹ ਮੈਂਬਰ ਸਾਹਿਬਾਨ ਨੇ ਜੈਕਾਰਿਆਂ ਦੀ ਗੂੰਜ ’ਚ ਹਾਮੀ ਭਰਦਿਆ ਅਹੁੱਦੇ ’ਤੇ ਬਿਰਾਜਮਾਨ ਕੀਤਾ। ਇਸ ਦੌਰਾਨ ਇਤਿਹਾਸਕ ਕੌਂਸਲ ਸ: ਰਾਜਮਹਿੰਦਰ ਸਿੰਘ ਮਜੀਠਾ ਚਾਂਸਲਰ ਤੇ ਸ: ਲਖਬੀਰ ਸਿੰਘ ਲੋਧੀਨੰਗਲ ਰੈਕਟਰ ਵਜੋਂ ਚੁਣੇ ਗਏ।
 ਇਸ ਤੋਂ ਪਹਿਲਾ ਕੌਂਸਲ ਦੇ ਮੈਂਬਰਾਂ ਦੀ ਮੀਟਿੰਗ ਕੌਂਸਲ ਦੇ ਮੁੱਖ ਹਾਲ ਵਿਖੇ ਹੋਈ, ਜਿੱਥੇ ਬਹੁਤ ਹੀ ਸੁਖਾਵੇਂ ਅਤੇ ਖੁਸ਼ਮਿਜ਼ਾਜ਼ ਮਾਹੌਲ ’ਚ ਅਹੁੱਦੇਦਾਰਾਂ ਦੀ ਚੋਣ ਸਰਵਸੰਮਤੀ ਨਾਲ ਸੰਪੰਨ ਹੋਈ। ਸ: ਮਜੀਠੀਆ ਦੇ ਨਾਮ ਦਾ ਮਤਾ ਪੇਸ਼ ਹੁੰਦਿਆਂ ਹੀ ਕੌਂਸਲ ਮੈਂਬਰਾਂ ਨੇ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਬੁਲੰਦ ਕਰਦਿਆਂ ਉਨ੍ਹਾਂ ਨੂੰ ਦੁਬਾਰਾ ਪ੍ਰਧਾਨ ਥਾਪਿਆ। ਸ: ਮਜੀਠੀਆ ਨੇ ਹਾਜ਼ਰ ਮੈਂਬਰ ਸਾਹਿਬਾਨ ਦਾ ਉਨ੍ਹਾਂ ’ਚ ਦੁਬਾਰਾ ਵਿਸ਼ਵਾਸ਼ ਜਿਤਾਉਣ ’ਤੇ ਉਨ੍ਹਾਂ ਦਾ ਧੰਨਵਾਦ ਕੀਤਾ।

ਮੈਨੇਜਮੈਂਟ ਖਾਲਸਾ ਵਿਦਿਅਕ ਸੰਸਥਾਵਾਂ ਨੂੰ ਨਵੀਆਂ ਬੁਲੰਦੀਆਂ ’ਤੇ ਲੈ ਕੇ ਜਾਵੇਗੀ


 ਇਸ ਉਪਰੰਤ ਸ: ਮਜੀਠੀਆ ਨੇ ਆਪਣੇ ਨਵੀਂ ਐਗਜੈਕਟਿਵ ਦੀ ਤਜ਼ਵੀਜ ਰੱਖੀ ਅਤੇ ਉਪ ਪ੍ਰਧਾਨ ਲਈ ਸਾਬਕਾ ਵਿਧਾਇਕ ਸ: ਸਵਿੰਦਰ ਸਿੰਘ ਕੱਥੂਨੰਗਲ ਨੂੰ ਬਰਕਰਾਰ ਰੱਖਿਆ, ਜਿਸ ’ਤੇ ਵੀ ਸਰਵਸੰਮਤੀ ਨਾਲ ਮੋਹਰ ਲੱਗੀ। ਐਗਜੈਕਟਿਵ ’ਚ ਪੁਰਾਣੇ ਅਤੇ ਨਵੇਂ ਚਿਹਰਿਆਂ ਜਿੰਨ੍ਹਾਂ ’ਚ ਵਧੀਕ ਆਨਰੇਰੀ ਸਕੱਤਰ ਸ: ਜਤਿੰਦਰ ਸਿੰਘ ਬਰਾੜ, ਸ: ਗੁਨਬੀਰ ਸਿੰਘ ਜੁਆਇੰਟ ਸਕੱਤਰ (ਫ਼ਾਈਨਾਂਸ), ਸ: ਅਜ਼ਮੇਰ ਸਿੰਘ ਹੇਰ ਜੁਆਇੰਟ ਸਕੱਤਰ (ਲੀਗਲ ਅਤੇ ਪ੍ਰਾਪਰਟੀਜ਼), ਸ: ਰਾਜਬੀਰ ਸਿੰਘ ਜੁਆਇੰਟ ਸਕੱਤਰ (ਐਨੀਮਲ ਹਸਬੈਂਡਰੀ ਐਂਡ ਫ਼ਾਰਮਜ਼), ਸ: ਪਰਮਜੀਤ ਸਿੰਘ ਬੱਲ ਜੁਆਇੰਟ ਸੈਕਟਰੀ (ਬਿਲਡਿੰਗਜ਼), ਸ: ਸੰਤੋਖ ਸਿੰਘ ਸੇਠੀ ਜੁਆਇੰਟ ਸਕੱਤਰ (ਪਬਲਿਕ ਸਕੂਲਜ਼ ਸੀ. ਬੀ. ਐਸ. ਈ.), ਸ: ਗੁਰਪ੍ਰੀਤ ਸਿੰਘ ਗਿੱਲ ਜੁਆਇੰਟ ਸੈਕਟਰੀ (ਏਡਿਡ ਸਕੂਲਜ਼), ਸ: ਲਖਵਿੰਦਰ ਸਿੰਘ ਢਿੱਲੋਂ ਜੁਆਇੰਟ ਸੈਕਟਰੀ (ਰਿਲੀਜਸ ਅਫ਼ੇਅਰਜ਼) ਅਤੇ ਸ: ਡਾ. ਕਰਤਾਰ ਸਿੰਘ ਗਿੱਲ ਜੁਆਇੰਟ ਸਕੱਤਰ (ਐਗਰੀਕਲਚਰ ਕਾਲਜ) ਨੂੰ ਅਹੁੱਦਿਆਂ ਲਈ ਚੁਣ ਲਿਆ ਗਿਆ।
 ਸ: ਮਜੀਠੀਆ ਨੇ ਕਿਹਾ ਕਿ ਉਨ੍ਹਾਂ ਦੀ ਇਹ ਕੋਸ਼ਿਸ਼ ਹੈ ਕਿ ਖਾਲਸਾ ਕਾਲਜ ਸੰਸਥਾਵਾਂ ਜਿੰਨ੍ਹਾਂ ਦੀ ਗਿਣਤੀ 3 ਤੋਂ ਅੱਜ 19 ਹੋ ਗਈ ਹੈ, ਦਿਨ ਦੁਗਣੀ ਤੇ ਰਾਤ ਚੁਗਣੀ ਤਰੱਕੀ ਕਰਨ। ਉਨ੍ਹਾਂ ਕਿਹਾ ਕਿ ਆਉਣ ਵਾਲੇ 5 ਸਾਲ ਇਸ ਨੂੰ ਨਿਸ਼ਚਿਤ ਬਣਾਉਣਗੇ ਕਿ ਖਾਲਸਾ ਕਾਲਜ ਸੰਸਥਾਵਾਂ ’ਚ ਵਿੱਦਿਆ ਮਿਆਰ ਪ੍ਰਦੇਸ਼ ਹੀ ਨਹੀਂ, ਸਗੋਂ ਪੂਰੇ ਦੇਸ਼ ’ਚ ਪ੍ਰਸਿੱਧ ਸੰਸਥਾਵਾਂ ਵਾਂਗ ਹੋਵੇ। ਉਨ੍ਹਾਂ ਨੇ ਪ੍ਰੋਫੈਸ਼ਨਲ ਉਚ ਵਿੱਦਿਆ ਦੇ ਕੋਰਸ ਖੋਲ੍ਹਣ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਅਗਲੇ 5 ਸਾਲਾਂ ’ਚ ਨਵੇਂ ਇਨਫ਼ਰਾਸਟਰਕਚਰ ਦੇ ਵਿਕਾਸ ’ਤੇ ਖ਼ਾਸ ਧਿਆਨ ਦਿੱਤਾ ਜਾਵੇਗਾ ਅਤੇ ਉਨ੍ਹਾਂ ਦਾ ਮੁੱਖ ਮਨੋਰਥ ਖ਼ਾਲਸਾ ਮੈਡੀਕਲ ਕਾਲਜ, ਨਿਊ ਸੀ. ਬੀ. ਐਸ. ਈ. ਖ਼ਾਲਸਾ ਕਾਲਜ ਪਬਲਿਕ ਸਕੂਲ, ਘੁੱਗ, ਜਲੰਧਰ ਦੀ ਸਥਾਪਨਾ ਕਰਨਾ ਹੋਵੇਗਾ।
 ਸ: ਛੀਨਾ ਨੇ ਕਿਹਾ ਗਵਰਨਿੰਗ ਕੌਂਸਲ ਉੱਤਰੀ ਭਾਰਤ ’ਚ ਇਤਿਹਾਸਕ ਖਾਲਸਾ ਕਾਲਜ ਅਤੇ ਹੋਰ ਪ੍ਰੋਫੈਸ਼ਨਲ ਕਾਲਜਾਂ ਅਤੇ ਸਕੂਲਾਂ ਸਮੇਤ 19 ਵਿਦਿਅਕ ਸੰਸਥਾਵਾਂ ਚਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਵਿਦਿਆਰਥੀ ਨਾ ਸਿਰਫ਼ ਅਕਾਦਮਿਕ ਖੇਤਰ ’ਚ ਸਗੋਂ ਖੇਡਾਂ ਅਤੇ ਸੱਭਿਆਚਾਰ ਅਤੇ ਵਿਰਸੇ ਨੂੰ ਉਤਸ਼ਾਹਿਤ ਕਰਨ ’ਚ ਵੀ ਵਧੀਆ ਪ੍ਰਦਰਸ਼ਨ ਕਰ ਰਹੇ ਹਨ। ਸ: ਛੀਨਾ ਜੋ ਹੁਣ ਪੰਜਵੀਂ ਵਾਰ ਆਨਰੇਰੀ ਸਕੱਤਰ ਬਣੇ ਹਨ, ਨੇ ਆਪਣੇ ਸੰਬੋਧਨ ’ਚ ਮੌਜੂਦਾ ਮੈਨੇਜਮੈਂਟ ਦੀਆਂ ਪ੍ਰਾਪਤੀਆਂ ਦਾ ਵਰਣਨ ਕੀਤਾ, ਜਿਸ ’ਚ ਵਿਦਿਆਰਥੀਆਂ ਅਤੇ ਸਟਾਫ਼ ਲਈ ਵੱਖ-ਵੱਖ ਵਿਕਾਸ, ਭਲਾਈ ਅਤੇ ਧਾਰਮਿਕ ਸਕੀਮਾਂ ਤੋਂ ਇਲਾਵਾ 10 ਨਵੇਂ ਕਾਲਜ ਅਤੇ ਦੋ ਸਕੂਲ ਖੋਲ੍ਹਣੇ ਸ਼ਾਮਿਲ ਹਨ।
ਸ: ਛੀਨਾ ਨੇ ਕਿਹਾ ਕਿ ਨਾ ਸਿਰਫ਼ ਵਿੱਦਿਆ ਦੇ ਖ਼ੇਤਰ ਬਲਕਿ ਉਨ੍ਹਾਂ ਦੇ ਵਿਦਿਆਰਥੀ ਖੇਡ ਜਗਤ ਅਤੇ ਸੱਭਿਆਚਾਰ ਤੇ ਵਿਰਸੇ ਦੀ ਸੰਭਾਲ ਦੇ ਖ਼ੇਤਰ ’ਚ ਅਹਿਮ ਭੂਮਿਕਾ ਨਿਭਾਅ ਰਹੇ ਹਨ ਅਤੇ ਉਹ ਪੜ੍ਹਿਆ-ਲਿਖਿਆ ਤੇ ਸੁਹਿਰਦ ਸਮਾਜ ਬਣਾਉਣ ’ਚ ਦਿਨ-ਰਾਤ ਮਿਹਨਤ ਕਰਨਗੇ।

Share this News