Total views : 5505137
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਸ੍ਰੀ ਅਕਾਲ ਤਖ਼ਤ ਦੇ ਸਾਬਕਾ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਕਤਲ ਜਾਂ ਲਾਪਤਾ ਹੋਣ ਦੀ ਪੁਲੀਸ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਅੱਜ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਇਹ ਰਿਪੋਰਟ ਭੇਜ ਕੇ ਇਸ ਦੀ ਕਾਨੂੰਨੀ ਪੱਖਾਂ ਤੋਂ ਘੋਖ ਕਰਦਿਆਂ ਢੁਕਵੀਂ ਕਾਰਵਾਈ ਕਰਨ ਅਤੇ ਕਾਤਲਾਂ ਵਿਰੁੱਧ ਕਤਲ ਦਾ ਮੁਕਦੱਮਾ ਦਰਜ ਕਰਵਾਉਣ ਲਈ ਆਦੇਸ਼ ਦਿੱਤੇ ਹਨ। ਬੀਤੇ ਦਿਨ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਆਗੂ ਐਡਵੋਕੇਟ ਸਰਬਜੀਤ ਸਿੰਘ ਵੱਲੋਂ ਇਸ ਮਾਮਲੇ ਦੀ ਰਿਪੋਰਟ ਅਕਾਲ ਤਖ਼ਤ ਵਿਖੇ ਸੌਂਪੀ ਗਈ ਸੀ।
ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਦੋਸ਼ੀਆਂ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਨੂੰ ਆਦੇਸ਼
ਇਹ ਜਾਂਚ ਰਿਪੋਰਟ 1998 ਵਿੱਚ ਪੰਜਾਬ ਪੁਲੀਸ ਦੇ ਉਸ ਵੇਲੇ ਦੇ ਵਧੀਕ ਡਾਇਰੈਕਟਰ ਜਨਰਲ ਬੀਪੀ ਤਿਵਾੜੀ ਵੱਲੋਂ ਇਸ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਤਿਆਰ ਕੀਤੀ ਗਈ ਸੀ ਅਤੇ ਸਰਕਾਰ ਨੂੰ ਸੌਂਪੀ ਗਈ ਸੀ ਪਰ ਇਹ ਰਿਪੋਰਟ 25 ਸਾਲ ਸਰਕਾਰ ਕੋਲ ਫਾਈਲਾਂ ਵਿੱਚ ਦਫਨ ਰਹੀ। ਇਸ ’ਤੇ ਕੋਈ ਕਾਰਵਾਈ ਨਹੀਂ ਹੋਈ। ਹੁਣ ਇਹ ਰਿਪੋਰਟ ਜਨਤਕ ਹੋਈ ਹੈ ਅਤੇ ਦਸੰਬਰ 1992 ਅਤੇ 93 ਵਿੱਚ ਪੁਲੀਸ ਵੱਲੋਂ ਕੀਤੀ ਕਾਰਵਾਈ ਦਾ ਖੁਲਾਸਾ ਹੋਇਆ। ਰਿਪੋਰਟ ਮੁਤਾਬਕ ਦਸੰਬਰ 1992 ਵਿੱਚ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਉਨ੍ਹਾਂ ਦੇ ਪਿੰਡ ਤੋਂ ਪੁਲੀਸ ਥਾਣੇ ਲੈ ਕੇ ਗਈ ਸੀ ਪਰ ਉਸ ਤੋਂ ਬਾਅਦ ਉਨ੍ਹਾਂ ਦਾ ਕੋਈ ਅਤਾ-ਪਤਾ ਨਹੀਂ ਹੈ। ਪੁਲੀਸ ਰਿਪੋਰਟ ਵਿੱਚ ਅੱਜ ਵੀ ਭਾਈ ਕਾਉਂਕੇ ਫ਼ਰਾਰ ਹਨ। ਮਨੁੱਖੀ ਅਧਿਕਾਰ ਕਾਰਕੁਨ ਵੱਲੋਂ ਇਹ ਰਿਪੋਰਟ ਅਕਾਲ ਤਖਤ ਵਿਖੇ ਸੌਂਪਣ ਮਗਰੋਂ ਜਥੇਦਾਰ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਇਸ ਮਾਮਲੇ ਵਿੱਚ ਢੁਕਵੀ ਕਾਰਵਾਈ ਕਰਨ। ਮਨੁੱਖੀ ਅਧਿਕਾਰ ਕਾਰਕੁਨ ਨੇ ਇਸ ਨਾਲ ਜੋੜੀ ਆਪਣੀ ਰਿਪੋਰਟ ਵਿੱਚ ਸਪਸ਼ਟ ਕੀਤਾ ਸੀ ਕਿ ਭਾਈ ਕਾਉਂਕੇ ਨੂੰ ਪੁਲੀਸ ਤਸ਼ੱਦਦ ਦੌਰਾਨ ਕਤਲ ਕਰ ਦਿੱਤਾ ਗਿਆ ਸੀ ਅਤੇ ਲਾਸ਼ ਨੂੰ ਖੁਰਦ ਬੁਰਦ ਕਰ ਦਿੱਤਾ ਗਿਆ ਸੀ। ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਅੱਜ ਇਹ ਰਿਪੋਰਟ ਸ਼੍ਰੋਮਣੀ ਕਮੇਟੀ ਨੂੰ ਭੇਜੀ ਗਈ ਹੈ ਤੇ ਮਾਮਲੇ ਵਿੱਚ ਪੱਤਰ ਭੇਜ ਕੇ ਇਸ ਮਾਮਲੇ ਦੀ ਘੋਖ ਕਰਨ ਅਤੇ ਢੁਕਵੀਂ ਕਾਰਵਾਈ ਕਰਨ ਤੋਂ ਇਲਾਵਾ ਕਾਤਲਾਂ ਖਿਲਾਫ ਕੇਸ ਦਰਜ ਕਰਵਾਉਣ ਲਈ ਆਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਭਾਈ ਗੁਰਦੇਵ ਸਿੰਘ ਕਾਉਂਕੇ ਦਾ ਕਤਲ 90 ਵੇ ਦੇ ਦਹਾਕੇ ਦੌਰਾਨ ਮੁੱਖ ਮੰਤਰੀ ਬੇਅੰਤ ਸਿੰਘ ਦੀ ਕਾਂਗਰਸ ਸਰਕਾਰ ਵੱਲੋਂ ਪੰਜਾਬ ਪੁਲੀਸ ਦੇ ਉਸ ਵੇਲੇ ਦੇ ਮੁਖੀ ਕੇਪੀਐੱਸ ਗਿੱਲ ਰਾਹੀਂ ਹਜ਼ਾਰਾਂ ਸਿੱਖ ਨੌਜਵਾਨਾਂ ਦੀ ਕੀਤੀ ਗਈ ਨਸਲਕੁਸ਼ੀ ਦੀ ਬੇਹੱਦ ਘਿਨਾਉਣੀ ਮਿਸਾਲ ਹੈ, ਜੋ ਦੁਨੀਆਂ ਦੇ ਸਾਹਮਣੇ ਆਉਣੀ ਚਾਹੀਦੀ ਹੈ ਅਤੇ ਭਾਈ ਕਾਉਂਕੇ ਦੇ ਕਾਤਲਾਂ ਨੂੰ ਬੇਪਰਦਾ ਕਰਕੇ ਮਿਸਾਲੀ ਸਜ਼ਾਵਾਂ ਮਿਲਣੀਆਂ ਜ਼ਰੂਰੀ ਹਨ।