Total views : 5513928
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਯੋਗ ਅਗਵਾਈ ਅਧੀਨ ਚੱਲ ਰਹੀਆਂ ਖ਼ਾਲਸਾ ਕਾਲਜ ਸੰਸਥਾਵਾ ਦੀਆਂ ਰਵਾਇਤਾਂ ਅਨੁਸਾਰ ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਨਵੇਂ ਵਿੱਦਿਅਕ ਸੈਸ਼ਨ ਦੀ ਆਰੰਭਤਾ ਮੌਕੇ ਪ੍ਰਮਾਤਮਾ ਦਾ ਓਟ ਆਸਰਾ ਲੈਂਦਿਆਂ ਅਰਦਾਸ ਦਿਵਸ ਮਨਾਇਆ ਗਿਆ। ਇਸ ਮੌਕੇ ‘ਸ੍ਰੀ ਸਹਿਜ ਪਾਠ’ ਜੀ ਦੇ ਭੋਗ ਉਪਰੰਤ ਕਾਲਜ ਵਿਦਿਆਰਥਣਾਂ ਵੱਲੋਂ ਸਮੂਹ ਸੰਗਤ ਨੂੰ ਰਸਭਿੰਨੀ ਬਾਣੀ ਦਾ ਕੀਰਤਨ ਸਰਵਣ ਕਰਵਾਇਆ ਗਿਆ। ਇਸ ਮੌਕੇ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਮੁੱਖ-ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਗੁਰੂ ਚਰਨਾਂ ’ਚ ਹਾਜ਼ਰੀ ਲਵਾਈ।
ਇਸ ਮੌਕੇ ਸ: ਛੀਨਾ ਨੇ ਨਰਸਿੰਗ ਵਿਦਿਆਰਥੀਆਂ ਦੇ ਉਜਵਲ ਭਵਿੱਖ ਲਈ ਕਾਮਨਾ ਕਰਦਿਆਂ ਕਿਹਾ ਕਿ ਗਵਰਨਿੰਗ ਕੌਂਸਲ ਦੀ ਸਰਪ੍ਰਸਤੀ ਹੇਠ ਚੱਲ ਰਹੇ ਖਾਲਸਾ ਕਾਲਜ ਅਦਾਰਿਆਂ ਦੀ ਰਵਾਇਤ ਸਬੰਧੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਵਿਦਿਆਰਥਣਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਨਰਸਿੰਗ ਦਾ ਕਿੱਤਾ ਮਹਾਨ ਹੈ। ਇਸ ਲਈ ਹਰੇਕ ਵਿਦਿਆਰਥੀ ਨੂੰ ਇਸ ਕਿੱਤਾ ਨਾਲ ਜੁੜਨਾ ਚਾਹੀਦਾ ਹੈ, ਕਿਉਂਕਿ ਇਹ ਨਾਲੇ ਪੁੰਨ, ਨਾਲੇ ਫਲੀਆਂ ਵਾਲਾ ਇਕ ਅਜਿਹਾ ਕਿੱਤਾ ਹੈ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ ਨੇ ਅਰਦਾਸ ਦਿਵਸ ’ਤੇ ਪਹੁੰਚੇ ਸਮੂਹ ਮਹਿਮਾਨਾਂ ਦਾ ਸਵਾਗਤ ਕਰਦਿਆਂ ਨਵੇ ਸੈਸ਼ਨ ਦੇ ਵਿਦਿਆਰਥੀਆਂ ਨੂੰ ਪੜਾਈ ਲਈ ਪ੍ਰੇਰਿਤ ਕੀਤਾ ਅਤੇ ਸੁਨਿਹਰੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਉਪਰੰਤ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਡਾ: ਇੰਦਰਜੀਤ ਸਿੰਘ ਗੋਗੋਆਣੀ ਵੱਲੋਂ ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਦਿੰਦੇ ਹੋਏ ਧਾਰਮਿਕ ਵਿਚਾਰ ਸਾਂਝੇ ਕੀਤੇ ਗਏ। ਇਸ ਪ੍ਰੋਗਰਾਮ ’ਚ ਸਮੂਹ ਕਾਲਜ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।