Total views : 5507062
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾ ਨੇਸ਼ਟਾ
ਜਿਲ੍ਹੇ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੇ ਰੁਝਾਨ ਵਿੱਚ ਹੋਏ ਵਾਧੇ ਨੂੰ ਗੰਭੀਰਤਾ ਨੂੰ ਲੈਂਦੇ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਪਰਾਲੀ ਸਾੜ੍ਹਨ ਵਾਲੇ ਖੇਤ ਮਾਲਕਾਂ ’ਤੇ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਅੱਜ ਇਸ ਵਿਸ਼ੇ ’ਤੇ ਸਾਰੇ ਐਸ.ਡੀ.ਐਮਜ਼, ਪੁਲਿਸ, ਪ੍ਰਦੂਸ਼ਣ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਤੀ ਵਿਸਥਾਰਤ ਮੀਟਿੰਗ ਵਿੱਚ ਉਨਾਂ ਨੇ ਕਿਹਾ ਕਿ ਵਾਤਾਵਰਨ ਨੂੰ ਬਚਾਉਣ ਲਈ ਅਜਿਹੇ ਮਾਲਕਾਂ ’ਤੇ ਕਾਰਵਾਈ ਕਰਨੀ ਸਮੇਂ ਦੀ ਲੋੜ ਹੈ। ਡਿਪਟੀ ਕਮਿਸ਼ਨਰ ਨੇ ਉਕਤ ਨਿਗਰਾਨੀ ਲਈ ਬਣੀਆਂ ਟੀਮਾਂ ਨੂੰ ਲਗਾਤਾਰ ਅੱਗ ਲੱਗਣ ਵਾਲੇ ਖੇਤਾਂ ਤੱਕ ਪਹੁੰਚ ਕਰਨ ਅਤੇ ਬਣਦੀ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ। ਸ੍ਰੀ ਥੋਰੀ ਨੇ ਕਿਸਾਨਾਂ ਨੂੰ ਚੌਕਸ ਕਰਦਿਆਂ ਕਿਹਾ ਕਿ ਸਾਡੀ ਨਿਗਾਹ ਹਰ ਖੇਤ ਉੱਪਰ ਹੈ ਅਤੇ ਜੋ ਵੀ ਪਰਾਲੀ ਸਾੜੇਗਾ, ਕਾਨੂੰਨੀ ਕਾਰਵਾਈ ਹੋਵੇਗੀ। ਉਨ੍ਹਾਂ ਦੱਸਿਆ ਕਿ ਹਰੇਕ ਸਬ ਡਵੀਜ਼ਨ ਵਿੱਚ ਐਸ ਡੀ ਐਮ ਅੱਗ ਲੱਗਣ ਵਾਲੇ ਖੇਤ ਤੱਕ ਪਹੁੰਚ ਕੇ ਕਾਰਵਾਈ ਕਰ ਰਹੇ ਹਨ।
ਐਸ.ਡੀ.ਐਮ., ਪੁਲਿਸ, ਪ੍ਰਦੂਸ਼ਣ ਅਤੇ ਖੇਤੀ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਖੇਤੀਬਾੜੀ ਅਧਿਕਾਰੀ ਸ: ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਹੁਣ ਤੱਕ ਸਾਡੀਆਂ ਟੀਮਾਂ ਨੂੰ 834 ਥਾਵਾਂ ’ਤੇ ਅੱਗ ਲੱਗਣ ਦੀ ਸੂਚਨਾ ਉਪਗ੍ਰਹਿ ਰਾਹੀਂ ਮਿਲੀ ਸੀ, ਜਿਨ੍ਹਾਂ ਵਿਚੋਂ ਵੱਖ-ਵੱਖ ਟੀਮਾਂ ਵਲੋਂ 677 ਥਾਵਾਂ ਦਾ ਮੌਕੇ ਉਤੇ ਜਾ ਕੇ ਦੌਰਾ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਨਾਂ ਵਿਚੋਂ 334 ਕੇਸਾਂ ਵਿੱਚ ਸਬੰਧਤ ਕਿਸਾਨਾਂ ਨੂੰ ਕਰੀਬ 8 ਲੱਖ 37500 ਰੁਪਏ ਦਾ ਜ਼ੁਰਮਾਨਾ ਕੀਤਾ ਗਿਆ ਹੈ, ਜਦਕਿ 76 ਕੇਸਾਂ ਵਿਚ ਮਾਲ ਰਿਕਾਰਡ ਵਿੱਚ ਲਾਲ ਇੰਦਰਾਜ ਦਰਜ਼ ਕੀਤਾ ਗਿਆ ਹੈ।
ਉਨਾਂ ਦੱਸਿਆ ਕਿ ਮਜੀਠਾ ਵਿੱਚ ਸਭ ਤੋਂ ਵੱਧ 4 ਲੱਖ 7500 ਰੁਪਏ, ਬਾਬਾ ਬਕਾਲਾ ਸਾਹਿਬ ਵਿਖੇ 2 ਲੱਖ 32500 ਰੁਪਏ, ਅੰਮ੍ਰਿਤਸਰ-1 ਤਹਿਸੀਲ ਵਿੱਚ 75000 ਰੁਪਏ, ਅੰਮ੍ਰਿਤਸਰ-2 ਤਹਿਸੀਲ ਵਿੱਚ 62500 ਰੁਪਏ ਅਤੇ ਅਜਨਾਲਾ ਵਿੱਚ 60000 ਰੁਪਏ ਦਾ ਜੁਰਮਾਨਾ ਪਰਾਲੀ ਸਾੜ੍ਹਨ ਵਾਲੇ ਕਿਸਾਨਾਂ ਨੂੰ ਕੀਤਾ ਗਿਆ ਹੈ।
ਉਨਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਝੋਨੇ ਦੀ ਫਸਲ ਸਾੜ੍ਹਨ ਨਾਲ ਅਸੀਂ ਜੈਵਿਕ ਕਾਰਬਨ, ਨਾਈਟਰੋਜਨ, ਫਾਸਫੋਰਸ, ਪੋਟਾਸ਼ ਅਤੇ ਸਲਫਰ ਵਰਗੇ ਅਹਿਮ ਤੱਤਾਂ ਦਾ ਨੁਕਸਾਨ ਕਰ ਬੈਠਦੇ ਹਾਂ। ਉਨਾਂ ਕਿਹਾ ਕਿ ਖੇਤੀ ਮਾਹਰਾਂ ਅਨੁਸਾਰ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਮਿਲਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ, ਖਾਦਾਂ ਘੱਟ ਪਾਉਣ ਦੀ ਲੋੜ ਪੈਂਦੀ ਹੈ ਅਤੇ ਮਿੱਤਰ ਕੀੜ੍ਹਿਆਂ ਦੀ ਗਿਣਤੀ ਵਧਣ ਕਾਰਨ ਫਸਲ ’ਤੇ ਕੀੜੇ ਮਕੌੜੇ ਦਾ ਹਮਲਾ ਵੀ ਘੱਟ ਹੁੰਦਾ ਹੈ। ਇਸ ਲਈ ਪਰਾਲੀ ਨੂੰ ਸਾੜ੍ਹਨ ਦੀ ਬਜਾਏ ਖੇਤ ਵਿੱਚ ਵਾਹ ਕੇ ਖੇਤ ਦੀ ਉਪਜਾਊ ਸ਼ਕਤੀ ਨੂੰ ਵਧਾਇਆ ਜਾਵੇ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਹਰਪ੍ਰੀਤ ਸਿੰਘ, ਐਸ.ਡੀ.ਐਮਜ਼ ਸ੍ਰੀ ਨਿਕਾਸ, ਮਨਕੰਵਲ ਸਿੰਘ ਚਾਹਲ, ਸ੍ਰੀਮਤੀ ਅਲਕਾ ਕਾਲੀਆ, ਅਰਵਿੰਦਰਪਾਲ ਸਿੰਘ, ਸ੍ਰੀਮਤੀ ਹਰਨੂਰ ਕੌਰ ਢਿੱਲੋਂ ਅਤੇ ਹੋਰ ਅਧਿਕਾਰੀ ਹਾਜ਼ਰ ਸਨ।