Total views : 5516344
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਮਲੇਰਕੋਟਲਾ/ਬੀ.ਐਨ.ਈ ਬਿਊਰੋ
ਮਾਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਫਿਰੋਜ਼ਪੁਰ ਕੁਠਾਲਾ ਦਾ 26 ਸਾਲਾ ਕਿਸਾਨ ਗੁਰਪ੍ਰੀਤ ਸਿੰਘ ਕੁਠਾਲਾ ਪਰਾਲੀ ਤੋਂ ਚੰਗੀ ਕਮਾਈ ਕਰ ਰਿਹਾ ਹੈ। ਜ਼ਿਆਦਾਤਰ ਕਿਸਾਨ ਪਰਾਲੀ ਨੂੰ ਬੋਝ ਸਮਝਦੇ ਹਨ, ਜਦਕਿ ਕਿਸਾਨ ਗੁਰਪ੍ਰੀਤ ਸਿੰਘ ਨੇ ਮੌਕੇ ਦਾ ਭਰਪੂਰ ਲਾਹਾ ਲੈਂਦਿਆਂ ਇਸ ਨੂੰ ਆਪਣੀ ਕਮਾਈ ਦਾ ਸਾਧਨ ਬਣਾਇਆ ਹੈ।
ਉਸ ਨੇ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ 50 ਫੀਸਦੀ ਸਬਸਿਡੀ ’ਤੇ ਪਰਾਲੀ ਦੇ ਪ੍ਰਬੰਧਨ ਲਈ ਮਸ਼ੀਨਾਂ ਜਿਵੇਂ ਸਟਰਾਅ ਰੇਕ ਅਤੇ ਬੇਲਰ ਖਰੀਦ ਕੇ ਮੌਕੇ ਦਾ ਪੂਰਾ ਲਾਭ ਉਠਾਇਆ।
12ਵੀਂ ਪਾਸ ਇਹ ਅਗਾਂਹਵਧੂ ਕਿਸਾਨ 40 ਏਕੜ ਜ਼ਮੀਨ ’ਤੇ ਖੇਤੀ ਕਰਦਾ ਹੈ ਜਿਸ ਵਿਚ 10 ਏਕੜ ਉਸ ਦੇ ਆਪਣੇ ਜਦੋਂਕਿ 30 ਏਕੜ ਠੇਕੇ ’ਤੇ ਹੈ। ਉਸ ਨੇ ਸੰਗਰੂਰ ਆਰਐਨਜੀ ਬਾਇਓ ਗੈਸ ਪਲਾਂਟ, ਪੰਜਗਰਾਈਆਂ ਨਾਲ ਇਕਰਾਰਨਾਮਾ ਕਰ ਕੇ ਪਿਛਲੇ ਸਾਲ 12000 ਕੁਇੰਟਲ ਪਰਾਲੀ ਦੀਆਂ ਗੱਠਾਂ ਦੀ ਸਪਲਾਈ ਕਰ ਕੇ ਲਗਭਗ 16 ਲੱਖ ਰੁਪਏ ਕਮਾਏ ਸਨ।
ਹੁਣ ਇਸ ਨੌਜਵਾਨ ਕਿਸਾਨ ਨੇ ਆਪਣੇ ਦੋਸਤ ਸੁਖਵਿੰਦਰ ਸਿੰਘ ਦੀ ਮਦਦ ਨਾਲ ਦੋ ਬੇਲਰ ਅਤੇ ਦੋ ਰੇਕਸ ਸਮੇਤ ਚਾਰ ਨਵੀਆਂ ਮਸ਼ੀਨਾਂ ਖਰੀਦੀਆਂ ਹਨ।ਇਸ ਸਾਲ ਇਕ ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਨ ਦੀ ਉਮੀਦ ਜ਼ਾਹਿਰ ਕਰਦਿਆਂ ਇਸ ਨੌਜਵਾਨ ਕਿਸਾਨ ਨੇ ਦੱਸਿਆ ਕਿ ਉਸ ਨੇ ਇਸ ਸੀਜ਼ਨ ਵਿੱਚ ਸੰਗਰੂਰ ਆਰਐਨਜੀ ਬਾਇਓ ਗੈਸ ਪਲਾਂਟ, ਪੰਜਗਰਾਈਆਂ ਨੂੰ 160 ਰੁਪਏ ਪ੍ਰਤੀ ਕੁਇੰਟਲ ਅਤੇ 10 ਰੁਪਏ ਪ੍ਰਤੀ ਗੱਠ ਦੀ ਢੋਆ-ਢੁਆਈ ਦੇ ਹਿਸਾਬ ਨਾਲ 18 ਹਜ਼ਾਰ ਕੁਇੰਟਲ ਪਰਾਲੀ ਦੀਆਂ ਗੱਠਾਂ ਦੀ ਸਪਲਾਈ ਲਈ ਸਮਝੌਤਾ ਸਹੀਬੱਧ ਕੀਤਾ ਹੈ।
ਇਸ ਤੋਂ ਇਲਾਵਾ ਉਸ ਨੇ ਪੁਸਵ ਬੇਲਰ, ਮਾਨਸਾ ਨਾਲ ਅੰਮ੍ਰਿਤਸਰ ਜ਼ਿਲ੍ਹੇ ਵਿੱਚ 5000 ਕੁਇੰਟਲ ਪਰਾਲੀ ਦੀਆਂ ਗੱਠਾਂ ਮੁਹੱਈਆ ਕਰਵਾਉਣ ਲਈ ਵੀ ਸਮਝੌਤਾ ਕੀਤਾ ਹੈ। ਉਸ ਵੱਲੋਂ ਪੰਜ ਹਜ਼ਾਰ ਕੁਇੰਟਲ ਪਰਾਲੀ ਸਥਾਨਕ ਗੁੱਜਰ ਭਾਈਚਾਰੇ ਨੂੰ ਸਪਲਾਈ ਕੀਤੀ ਜਾ ਚੁੱਕੀ ਹੈ।
ਉਸ ਨੇ ਦੱਸਿਆ ਕਿ ਉਹ ਆਪਣੀ ਜ਼ਮੀਨ ਅਤੇ ਹੋਰ ਨੇੜਲੇ ਪਿੰਡਾਂ ਵਿੱਚੋਂ ਲਗਭਗ 20,000 ਕੁਇੰਟਲ ਗੱਠਾਂ ਸਟੋਰ ਕਰ ਕੇ ਇਸ ਨੂੰ ਆਫ਼ ਸੀਜ਼ਨ ਵਿੱਚ ਲਗਭਗ 280 ਰੁਪਏ ਦੇ ਹਿਸਾਬ ਨਾਲ ਪੇਪਰ ਮਿੱਲਾਂ, ਬਾਇਓ-ਸੀਐਨਜੀ ਪਲਾਂਟਾਂ ਨੂੰ ਸਪਲਾਈ ਕਰੇਗਾ। ਕਿਸਾਨ ਨੇ ਦੱਸਿਆ ਕਿ ਉਹ ਮਾਲੇਰਕੋਟਲਾ ਜ਼ਿਲ੍ਹੇ ਵਿੱਚ ਕਰੀਬ 1125 ਏਕੜ ਵਿੱਚੋਂ 18 ਹਜ਼ਾਰ ਕੁਇੰਟਲ ਗੱਠਾਂ ਇਕੱਠੀਆਂ ਕਰੇਗਾ।