Total views : 5507058
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਮੋਗਾ/ਬਾਰਡਰ ਨਿਊਜ ਸਰਵਿਸ
ਮੋਗਾ ’ਚ ਐੱਸਡੀਐੱਮ ਡਾ. ਚਾਰੂਮਿਤਾ ਨੂੰ ਵਿਜੀਲੈਂਸ ਬਿਊਰੋ ਚੀਫ ਦਾ ਰਿਸ਼ਤੇਦਾਰ ਦੱਸ ਕੇ ਬਲੈਕਮੇਲਿੰਗ ਕਰਨ ਦੀ ਕੋਸ਼ਿਸ਼ ਕਰ ਰਹੇ ਮੋਗਾ ਦੇ ਇਕ ਨੌਜਵਾਨ ਨੂੰ ਥਾਣਾ ਸਿਟੀ-1 ਪੁਲਿਸ ਨੇ ਗਿ੍ਫਤਾਰ ਕਰ ਲਿਆ ਹੈ। ਉਸ ਖ਼ਿਲਾਫ਼ ਧੋਖਾਧੜੀ, ਬਲੈਕਮੇਲਿੰਗ ਆਦਿ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੌਜਵਾਨ ਖ਼ਿਲਾਫ਼ ਜਬਰ ਜਨਾਹ ਦੇ ਦੋ ਸਮੇਤ ਤਿੰਨ ਮਾਮਲੇ ਪਹਿਲਾਂ ਤੋਂ ਹੀ ਦਰਜ ਹਨ। ਮੁਲਜ਼ਮ ਨੇ ਸਾਬਕਾ ਐੱਸਡੀਐੱਮ ਸਤਵੰਤ ਸਿੰਘ ਨੂੰ ਵੀ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਸੀ।
ਐੱਸਐੱਸਪੀ ਜੇ ਏਲਨਚੇਜੀਅਨ ਦੇ ਆਦੇਸ਼ ’ਤੇ ਸੀਆਈਏ ਇੰਚਾਰਜ ਦਲਜੀਤ ਸਿੰਘ ਬਰਾੜ ਨੂੰ ਇਸ ਮਾਮਲੇ ਦੀ ਜਾਂਚ ਸੌਂਪੀ ਹੈ। ਤਾਜ਼ਾ ਮਾਮਲੇ ’ਚ ਐੱਸਡੀਐੱਮ ਮੋਗਾ ਡਾ. ਚਾਰੂਮਿਤਾ ਨੂੰ ਉਨ੍ਹਾਂ ਦੇ ਮੋਬਾਈਲ ’ਤੇ ਇਕ ਮੈਸੇਜ ਆਇਆ ਇਕ ਉਨ੍ਹਾਂ ਨਾਲ ਕੋਈ ਜ਼ਰੂਰੀ ਗੱਲ ਕਰਨੀ ਹੈ। ਉਸ ਤੋਂ ਬਾਅਦ ਉਨ੍ਹਾਂ ਨੂੰ ਉਸ ਆਦਮੀ ਦਾ ਜੰਮੂ-ਕਸ਼ਮੀਰ ’ਚ ਰਜਿਸਟਰਡ ਨੰਬਰ ਤੋਂ ਫੋਨ ਆਇਆ ਕਿ ਉਹ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਦਾ ਰਿਸ਼ਤੇਦਾਰ ਹੈ, ਉਨ੍ਹਾਂ ਖ਼ਿਲਾਫ਼ ਕੋਈ ਸ਼ਿਕਾਇਤ ਆਈ ਹੈ ਅਤੇ ਉਹ ਉਸ ਸ਼ਿਕਾਇਤ ਨੂੰ ਰੁਕਵਾ ਸਕਦਾ ਹੈ। ਫੋਨ ਕਰਨ ਵਾਲੇ ਦੇ ਅੰਦਾਜ਼ ਤੋਂ ਉਹ ਫਰਾਡ ਲੱਗਾ।
ਐੱਸਡੀਐੱਮ ਨੇ ਉਸ ਦੇ ਫੋਨ ਨੰਬਰ ਦੀ ਪੜਤਾਲ ਕਰਵਾਈ ਤਾਂ ਜੰਮੂ-ਕਸ਼ਮੀਰ ਦੇ ਨੰਬਰ ਦੇ ਨਾਲ ਉਸ ਆਦਮੀ ਦਾ ਨੰਬਰ ਅਤੇ ਉਸ ਦਾ ਪਤਾ ਮਿਲ ਗਿਆ। ਜਾਂਚ ਦੌਰਾਨ ਫੋਨ ਕਰਨ ਵਾਲਾ ਅਵਤਾਰ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਮਾਈ ਭਾਗੋ ਗਲੀ, ਅੰਮ੍ਰਿਤਸਰ ਰੋਡ ਮੋਗਾ ਦਾ ਨਿਕਲਿਆ।
ਮੁਲਜ਼ਮ ’ਤੇ ਕਈ ਧਾਰਾਵਾਂ ਤਹਿਤ ਹੋਇਆ ਕੇਸ ਦਰਜ
ਬਲੈਕਮੇਲਿੰਗ ਨੂੰ ਲੈ ਕੇ ਐੱਸਡੀਐੱਮ ਡਾ. ਚਾਰੂਮਿਤਾ ਨੇ ਤੁਰੰਤ ਇਸ ਬਾਰੇ ਐੱਸਐੱਸਪੀ ਮੋਗਾ ਨਾਲ ਗੱਲ ਕੀਤੀ। ਐੱਸਐੱਸਪੀ ਨੇ ਤੁਰੰਤ ਇਕ ਟੀਮ ਗਠਿਤ ਕੀਤੀ। ਟੀਮ ਦੇ ਕੁਝ ਹੀ ਘੰਟੇ ਦੇ ਯਤਨਾਂ ਤੋਂ ਬਾਅਦ ਮੁਲਜ਼ਮ ਪੁਲਿਸ ਦੀ ਗਿ੍ਰਫ਼ਤ ਵਿਚ ਆ ਗਿਆ। ਉਸ ਖ਼ਿਲਾਫ਼ ਥਾਣਾ ਸਿਟੀ-1 ’ਚ ਆਈਪੀਸੀ ਦੀ ਧਾਰਾ 419, 384, 506, 120-ਬੀ ਅਤੇ ਆਈਟੀ ਐਕਟ ਦੀ ਧਾਰਾ 66 (ਡੀ) ਤਹਿਤ ਕੇਸ ਦਰਜ ਕਰ ਲਿਆ। ਅਵਤਾਰ ਸਿੰਘ ਤਾਰੀ ਦੇ ਬਾਕੀ ਸਾਥੀਆਂ ਨੂੰ ਗਿ੍ਫ਼ਤਾਰ ਕਰਨ ਲਈ ਸੀਆਈਏ ਸਟਾਫ ਦੀ ਟੀਮ ਦੀ ਛਾਪੇਮਾਰੀ ਜਾਰੀ ਹੈ। ਪੁਲਿਸ ਤਾਰੀ ਦਾ ਫੋਨ ਜਾਂਚ ਰਹੀ ਹੈ ਤਾਂ ਕਿ ਪਤਾ ਲੱਗੇ ਕਿ ਉਸ ਨੇ ਹੋਰ ਕਿਸ ਨੂੰ ਆਪਣੇ ਜਾਲ ਵਿਚ ਫਸਾਇਆ ਹੈ। ਪੁਲਿਸ ਦੀ ਮੁੱਢਲੀ ਜਾਂਚ ਵਿਚ ਪਤਾ ਲੱਗਾ ਹੈ ਕਿ ਮੁਲਜ਼ਮ ਖ਼ਿਲਾਫ਼ ਪਹਿਲਾਂ ਹੀ ਜਬਰ ਜਨਾਹ ਦੇ ਦੋ ਸਮੇਤ ਤਿੰਨ ਕੇਸ ਦਰਜ ਹਨ।
ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ