ਕੈਨੇਡਾ ਦੇ ਖ਼ੁਲਾਸੇ ਬਾਅਦ ਗੋਦੀ ਮੀਡੀਆ ਵੱਲੋਂ ਸਿੱਖਾਂ ਵਿਰੁੱਧ ਸਿਰਜੇ ਜਾ ਰਹੇ ਬਿਰਤਾਂਤ ਖਿਲਾਫ ਪੰਜਾਬ ਹਿਤੈਸ਼ੀ ਸਿਆਸੀ ਪਾਰਟੀਆਂ ਬੋਲਣ-ਜਥੇਦਾਰ ਹਵਾਰਾ ਕਮੇਟੀ

4675395
Total views : 5507062

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾ
ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਪੰਜਾਬ ਹਿਤੈਸ਼ੀ ਰਾਜਨੀਤਿਕ ਪਾਰਟੀਆਂ ਅਤੇ ਮੱਨੂਖੀ ਅਧਿਕਾਰ ਸੰਗਠਨਾਂ ਨੂੰ ਅਪੀਲ ਕੀਤੀ ਹੈ ਉਹ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਸੰਬੰਧੀ ਭਾਰਤ ਸਰਕਾਰ ਤੇ ਲਗਾਏ ਦੋਸ਼ਾਂ ਤੋਂ ਬਾਅਦ ਗੋਦੀ ਮੀਡੀਆ ਵੱਲੋਂ ਸਿੱਖਾਂ ਵਿਰੁੱਧ ਸਿਰਜੇ ਜਾ ਰਹੇ ਬਿਰਤਾਂਤ ਖਿਲਾਫ ਆਵਾਜ਼ ਬੁਲੰਦ ਕਰਨ।ਹਵਾਰਾ ਕਮੇਟੀ ਨੇ ਦੋਸ਼ ਲਗਾਇਆ ਕਿ ਭਾਰਤ ਦਾ ਮੀਡੀਆ ਤੈਅ ਸ਼ੁਦਾ ਨੀਤੀ ਹੇਠ ਕੈਨੇਡਾ-ਭਾਰਤ ਦੇ ਕੂਟਨੀਤਿਕ ਸੰਬੰਧਾਂ ਵਿੱਚ ਆਏ ਤਨਾਵ ਨੂੰ ਸਮੁੱਚੇ ਸਿੱਖ ਭਾਈਚਾਰੇ ਵਿਰੁੱਧ ਪ੍ਰਚਾਰ ਰਿਹਾ ਹੈ। ਦੇਸ਼ ਦੇ ਲੋਕਾਂ ਦੇ ਸਾਹਮਣੇ ਸਿੱਖਾਂ ਦਾ ਅਕਸ਼ ਨੂੰ ਦੇਸ਼ ਦ੍ਰੋਹੀ ਅਤੇ ਅਤਿਵਾਦੀ ਦੇ ਰੂਪ ਵਿੱਚ ਪਰੋਸ ਕੇ ਪੇਸ਼ ਕਰਨਾ ਵੱਡੀ ਸਾਜ਼ਿਸ਼ ਦਾ ਹਿੱਸਾ ਹੈ ਜਿਸਨੂੰ ਫ਼ੌਰਨ ਠੀਕ ਕਰਨਾ ਜ਼ਰੂਰੀ ਹੈ।
ਪੰਜਾਬ ਹਿਤੈਸ਼ੀ ਸਿਆਸੀ ਪਾਰਟੀਆਂ ਅਤੇ ਮੱਨੁਖੀ ਅਧਿਕਾਰ ਸੰਗਠਨਾਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਆ ਰਹੀਆਂ ਲੋਕ ਸਭਾ ਚੋਣਾਂ ਦੇ ਮਦੇਨਜਰ ਵੋਟਾਂ ਦੇ ਧਰੁਵੀਕਰਨ ਦੀ ਸਿਆਸਤ ਨੂੰ ਰੋਕਣ ਲਈ ਅੱਗੇ ਆਉਣ ਤਾਂ ਜੋ ਭਾਜਪਾ ਦੇ ਖਤਰਨਾਕ ਇਰਾਦਿਆਂ ਤੋਂ ਪੰਜਾਬ ਨੂੰ ਬਚਾਇਆ ਜਾ ਸਕੇ।
ਹਵਾਰਾ ਕਮੇਟੀ ਦੇ ਆਗੂ ਪ੍ਰੋਫੈਸਰ ਬਲਜਿੰਦਰ ਸਿੰਘ,ਬਾਪੂ ਗੁਰਚਰਨ ਸਿੰਘ,ਐਡਵੋਕੇਟ ਦਿਲਸ਼ੇਰ ਸਿੰਘ ਨੇ ਕਿਹਾ ਕਿ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਵੀ ਗੋਦੀ ਮੀਡੀਆ ਨੇ ਦੇਸ਼ ਦ੍ਰੋਹੀ ਦੇ ਦੋਸ਼ ਲਗਾਏ ਸੀ ਅਤੇ ਹੁਣ ਸਿੱਖ ਭਾਈਚਾਰੇ ਨੂੰ ਟਰੂਡੋ ਦੇ ਬਿਆਨ ਦੇ ਬਾਅਦ ਵਲ੍ਹੇਟਿਆ ਜਾ ਰਿਹਾ ਹੈ।ਆਗੂਆਂ ਨੇ ਇਹ ਖ਼ਦਸ਼ਾ ਪ੍ਰਗਟ ਕੀਤਾ ਕਿ ਮੁਸਲਿਮ ਭਾਈਚਾਰੇ ਵਾਂਗ ਹੁਣ ਸਿੱਖਾਂ ਵਿਰੁੱਧ ਕੋਈ ਵੱਡੀ ਘਟਨਾ ਦੇ ਆਸਾਰ ਹਨ ਜਿਸਤੋਂ ਸਾਵਧਾਨ ਰਹਿਣ ਦੀ ਲੋੜ ਹੈ।
ਕੈਨੇਡੀਅਨ ਨਾਗਰਿਕਾਂ ਨੂੰ ਭਾਰਤ ਵਲੋ ਵੀਜ਼ਾ ਨਾ ਦੇਣ ਤੇ ਕਮੇਟੀ ਨੇ ਕਿਹਾ ਇੱਕ ਅੰਦਾਜ਼ੇ ਮੁਤਾਬਿਕ ਦੋ ਲੱਖ ਤੋਂ ਵੱਧ ਪੰਜਾਬੀਆਂ ਜਿਨ੍ਹਾ ਕੋਲ ਉਸ ਦੇਸ਼ ਦਾ ਪਾਸਪੋਰਟ ਹੈ ਉਨ੍ਹਾਂ ਨੂੰ ਬਿਨਾ ਕਿਸੇ ਕਸੂਰ ਦੇ ਸਜ਼ਾ ਦੇਣਾ ਕੇਂਦਰ ਸਰਕਾਰ ਦਾ ਵੱਧੀਆ ਫੈਸਲਾ ਨਹੀਂ ਹੈ।ਇਸੇ ਤਰ੍ਹਾਂ ਜਾਇਦਾਦਾਂ ਨੂੰ ਜ਼ਬਤ ਕਰਨ ਦਾ ਫੈਸਲਾ ਅੰਗਰੇਜ਼ ਹਕੂਮਤ ਦੀ ਯਾਦ ਦਵਾਉਦਾ ਹੈ।ਸਰਕਾਰ ਨੂੰ ਕਮੇਟੀ ਮੈਂਬਰਾਂ ਨੇ ਅਪੀਲ ਕੀਤੀ ਇਨ੍ਹਾਂ ਫੈਸਲਿਆਂ ਤੇ ਮੁੜ ਵਿਚਾਰ ਕੀਤਾ ਜਾਵੇ।
Share this News