ਸ਼੍ਰੋਮਣੀ ਕਮੇਟੀ ਦੇ ਸੈਟੇਲਾਈਟ ਚੈਨਲ ਲਈ ਐਡਵੋਕੇਟ ਧਾਮੀ ਦੀ ਅਗਵਾਈ `ਚ ਵਫ਼ਦ ਵੱਲੋਂ ਕੇਂਦਰੀ ਮੰਤਰੀ ਸ੍ਰੀ ਅਨੁਰਾਗ ਠਾਕੁਰ ਨਾਲ ਮੁਲਾਕਾਤ

4675397
Total views : 5507065

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ  

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਉੱਚ-ਪੱਧਰੀ ਵਫ਼ਦ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਲਈ ਆਪਣਾ ਸੈਟੇਲਾਈਟ ਚੈਨਲ ਸਥਾਪਤ ਕਰਨ ਵਾਸਤੇ ਕੀਤੇ ਜਾ ਰਹੇ ਯਤਨਾਂ ਤਹਿਤ ਅੱਜ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸ੍ਰੀ ਅਨੁਰਾਗ ਸਿੰਘ ਠਾਕੁਰ ਨਾਲ ਦਿੱਲੀ ਵਿਖੇ ਮੁਲਾਕਾਤ ਕੀਤੀ ਹੈ। ਇਸ ਵਫ਼ਦ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਸ. ਕੁਲਵੰਤ ਸਿੰਘ ਮੰਨਣ ਅਤੇ ਸ. ਸਰਵਣ ਸਿੰਘ ਕੁਲਾਰ ਸ਼ਾਮਲ ਸਨ। ਇਸ ਤੋਂ ਇਲਾਵਾ ਕੇਂਦਰੀ ਰਾਜ ਮੰਤਰੀ ਸ੍ਰੀ ਸੋਮ ਪ੍ਰਕਾਸ਼ ਵੀ ਇਸ ਮੌਕੇ ਮੌਜੂਦ ਰਹੇ।


ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਨਾਲ ਮੁਲਾਕਾਤ ਮੌਕੇ ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਇੱਕ ਪੱਤਰ ਵੀ ਸੌਂਪਿਆ, ਜਿਸ ਵਿੱਚ ਸੈਟੇਲਾਈਟ ਚੈਨਲ ਦੀ ਪ੍ਰਕਿਰਿਆ ਅੱਗੇ ਵਧਾਉਣ ਦੀ ਮੰਗ ਕੀਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਆਪਣਾ ਵੈੱਬ ਚੈਨਲ ਚਲਾਉਣ ਮਗਰੋਂ ਹੁਣ ਸੈਟੇਲਾਈਟ ਚੈਨਲ ਸਥਾਪਤ ਕਰਨ ਲਈ ਵੀ ਯਤਨ ਆਰੰਭੇ ਗਏ ਹਨ। ਮੁੱਢਲੇ ਤੌਰ `ਤੇ ਸਬੰਧਤ ਕੇਂਦਰੀ ਮੰਤਰੀ ਨੂੰ ਜਾਣੂ ਕਰਵਾਇਆ ਗਿਆ ਹੈ ਤਾਂ ਜੋ ਪ੍ਰਕਿਰਿਆ ਜਲਦ ਮੁਕੰਮਲ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਚੈਨਲ ਦੀ ਸਥਾਪਨਾ ਲਈ ਸੰਗਤ ਦੀ ਚਿਰੋਕਣੀ ਮੰਗ ਚੱਲੀ ਆ ਰਹੀ ਹੈ ਜਿਸ ਦੀ ਤਰਜਮਾਨੀ ਲਈ ਸ਼੍ਰੋਮਣੀ ਕਮੇਟੀ ਵਚਨਬੱਧ ਹੈ।

ਐਡਵੋਕੇਟ ਧਾਮੀ ਨੇ ਇਹ ਵੀ ਕਿਹਾ ਕਿ ਸਾਡਾ ਯਤਨ ਹੈ ਕਿ ਆਪਣਾ ਚੈਨਲ ਸਥਾਪਤ ਹੋਣ `ਤੇ ਦੂਰਦਰਸ਼ਨ ਦੀ ਫ੍ਰੀ ਡਿਸ਼ `ਤੇ ਵੱਧ ਤੋਂ ਵੱਧ ਸੰਗਤ ਤੱਕ ਵੀ ਗੁਰਬਾਣੀ ਕੀਰਤਨ ਪਹੁੰਚੇ। ਉਨ੍ਹਾਂ ਕਿਹਾ ਇਸ ਭਾਵਨਾ ਨੂੰ ਵੀ ਕੇਂਦਰੀ ਮੰਤਰੀ ਨਾਲ ਸਾਂਝਾ ਕੀਤਾ ਗਿਆ ਹੈ ਅਤੇ ਉਨ੍ਹਾਂ ਨੇ ਸੰਜੀਦਾ ਗੌਰ ਕਰਦਿਆਂ ਕਾਰਵਾਈ ਅੱਗੇ ਵਧਾਉਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਨੇੜ ਭਵਿੱਖ ਵਿਚ ਸ਼੍ਰੋਮਣੀ ਕਮੇਟੀ ਆਪਣਾ ਸੈਟੇਲਾਈਟ ਚੈਨਲ ਜ਼ਰੂਰ ਸਥਾਪਤ ਕਰ ਲਵੇਗੀ।

Share this News