ਅੰਮ੍ਰਿਤਸਰ /ਗੁਰਨਾਮ ਸਿੰਘ ਲਾਲੀ
ਗੁਰੂ ਨਾਨਕ ਸਾਹਿਬ ਦੇ ਸਾਂਝੀਵਾਲਤਾ ਦੇ ਸਿਧਾਂਤ ‘ਤੇ ਚੱਲਦਿਆਂ ਜਥੇਦਾਰ ਹਵਾਰਾ ਕਮੇਟੀ ਨੇ ਅੱਜ ਸਥਾਨਕ ਜਾਮਾ ਮਸਜਿਦ ਪਹੁੰਚ ਕੇ ਵੱਡੀ ਗਿਣਤੀ ਵਿਚ ਇਕੱਠੇ ਹੋਏ ਮੁਸਲਮਾਨਾਂ ਨਾਲ ਬਕਰ ਈਦ ਦੀ ਖ਼ੁਸ਼ੀ ਸਾਂਝੀ ਕੀਤੀ ਅਤੇ ਇਸ ਮੌਕੇ ਤੇ ਵਧਾਈ ਦਿੱਤੀ।ਕਮੇਟੀ ਦੇ ਬੁਲਾਰੇ ਪ੍ਰੋਫੈਸਰ ਬਲਜਿੰਦਰ ਸਿੰਘ ਅਤੇ ਰਘਬੀਰ ਸਿੰਘ ਭੁੱਚਰ ਨੇ ਦੱਸਿਆ ਕਿ ਉਨ੍ਹਾਂ ਨੂੰ ਸਥਾਨਕ ਮੁਸਲਿਮ ਆਗੂਆਂ ਵੱਲੋਂ ਈਦ ਦਾ ਵਿਸ਼ੇਸ਼ ਸੱਦਾ ਮਿਲਿਆ ਸੀ।
ਮਨੁੱਖਤਾ ਦੇ ਭਲੇ ਅਤੇ ਸਾਰੇ ਧਰਮਾਂ ਦੀ ਆਪਸੀ ਸਹਿਨਸ਼ੀਲਤਾ ਤੇ ਹਵਾਰਾ ਕਮੇਟੀ ਨੇ ਜ਼ੋਰ ਦਿੱਤਾ ਤੇ ਕਿਹਾ ਕਿ ਸਮਾਜਿਕ ਤੌਰ ਤੇ ਸਾਨੂੰ ਸਾਰਿਆਂ ਧਰਮਾਂ ਦੇ ਤਿਉਹਾਰਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਦੁੱਖ ਸੁੱਖ ਵਿਚ ਇੱਕ ਦੁਸਰੇ ਦੇ ਮਦਦਗਾਰ ਬਨਣ ਦਾ ਸੁਭਾਉ ਬਨਾਉਟਾ ਚਾਹੀਦਾ ਹੈ। ਵਿਸ਼ੇਸ਼ ਤੌਰ ਤੇ ਗੁਰੂ ਕੀ ਨਗਰੀ ਦਾ ਹਵਾਲਾ ਦੇਂਦੇ ਹੋਏ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਪੁਰੇ ਵਿਸ਼ਵ ਦੇ ਸਾਹਮਣੇ ਸਮਾਜਿਕ ਇਕਜੁਟਤਾ ਅਤੇ ਪਿਆਰ ਦਾ ਸੁਨੇਹਾ ਦੇਣਾ ਚਾਹੀਦਾ ਹੈ। ਗੁਰਬਾਣੀ ਅਨੁਸਾਰ ਸਾਰੇ ਧਰਮਾਂ ਦੇ ਲੋਕ ਅਲ਼ਾਹ ਦੇ ਇੱਕ ਨੂਰ ਤੋਂ ਪੈਦਾ ਹੋਏ ਹਨ। ਮੁਸਲਮਾਨ ਭਾਈ ਚਾਰੇ ਨੇ ਇਸ ਪਵਿੱਤਰ ਮੌਕੇ ਤੇ ਪੰਜਾਬ ਹੱਜ ਕਮੇਟੀ ਦੇ ਮੈਂਬਰ ਮੁਹੰਮਦ ਯੁਸੁਫ ਮਲਿਕ ਅਤੇ ਐਡਵੋਕੇਟ ਮੁਹੰਮਦ ਦਾਨਿਸ਼ ਨੇ ਸਿੱਖ ਆਗੂਆਂ ਨੂੰ ਸਨਮਾਨਿਤ ਕੀਤਾ ਅਤੇ ਮਿਠਾਈਆਂ ਨਾਲ ਸੇਵਾ ਕਰਕੇ ਸਭਨੂੰ ਜੀ ਆਇਆਂ ਕਿਹਾ।