Total views : 5508484
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਵਿਰਾਸਤੀ ਮੰਚ ਬਟਾਲਾ ਵੱਲੋਂ ਸੰਗਤਾਂ ਨੂੰ ਉਦਘਾਟਨੀ ਸਮਾਰੋਹ ਵਿੱਚ ਸ਼ਾਮਲ ਹੋਣ ਦਾ ਸੱਦਾ
ਬਟਾਲਾ/ਰਣਜੀਤ ਸਿੰਘ ਰਾਣਾਨੇਸ਼ਟਾ
ਵਿਰਾਸਤੀ ਮੰਚ ਬਟਾਲਾ ਵੱਲੋਂ ਪਿੰਡ ਮਿਰਜ਼ਾਜਾਨ ਵਿਖੇ ਤਿਆਰ ਕੀਤੇ ਗਏ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਮਿਊਜ਼ੀਅਮ ਅਤੇ ਲਾਇਬ੍ਰੇਰੀ ਦਾ ਉਦਘਾਟਨ 12 ਮਾਰਚ ਨੂੰ ਸਵੇਰੇ 10 ਵਜੇ ਕੀਤਾ ਜਾਵੇਗਾ। ਉਦਘਾਟਨੀ ਸਮਾਰੋਹ ਦੌਰਾਨ ਪ੍ਰਸਿੱਧ ਇਤਿਹਾਸਕਾਰ, ਵਿਦਵਾਨ, ਸਿੱਖ ਚਿੰਤਕ ਅਤੇ ਧਾਰਮਿਕ ਸਖਸ਼ੀਅਤਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੀ ਸੰਗਤ ਵੱਲੋਂ ਹਾਜ਼ਰੀ ਭਰੀ ਜਾਵੇਗੀ।
ਵਿਰਾਸਤੀ ਮੰਚ ਬਟਾਲਾ ਦੇ ਬੁਲਾਰੇ ਸ. ਇੰਦਰਜੀਤ ਸਿੰਘ ਹਰਪੁਰਾ ਨੇ ਦੱਸਿਆ ਕਿ ਇਤਿਹਾਸਕ ਪਿੰਡ ਮਿਰਜ਼ਾਜਾਨ ਵਿਖੇ ਵਿਰਾਸਤੀ ਮੰਚ ਬਟਾਲਾ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਮਿਊਜ਼ੀਅਮ ਅਤੇ ਲਾਇਬ੍ਰੇਰੀ ਦੀ ਉਸਾਰੀ ਕੀਤੀ ਗਈ ਹੈ। ਇਸ ਇਮਾਰਤ ਦੀ ਦਿੱਖ ਬਾਬਾ ਬੰਦਾ ਸਿੰਘ ਬਹਾਦਰ ਜੀ ਵੱਲੋਂ ਤਿਆਰ ਕੀਤੇ ਕਿਲ੍ਹੇ ਵਾਂਗ ਦਿੱਤੀ ਗਈ ਹੈ ਜੋ ਕਿ ਬਹੁਤ ਖੂਬਸੂਰਤ ਹੈ।
ਸ. ਇੰਦਰਜੀਤ ਸਿੰਘ ਹਰਪੁਰਾ ਨੇ ਦੱਸਿਆ ਇਸ ਇਮਾਰਤ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਅਤੇ ਸੰਘਰਸ਼ ਨੂੰ ਦਰਸਾਉਂਦੇ ਚਿੱਤਰ ਲਗਾਏ ਗਏ ਹਨ, ਇਸਤੋਂ ਇਲਾਵਾ ਪੰਜਾਬ ਤੇ ਸਿੱਖ ਦੇ ਇਤਿਹਾਸ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਬਾਰੇ ਪ੍ਰਕਾਸ਼ਤ ਵੱਖ-ਵੱਖ ਲੇਖਕਾਂ ਦੀਆਂ ਕਿਤਾਬਾਂ ਨੂੰ ਲਾਇਬ੍ਰੇਰੀ ਵਿੱਚ ਰੱਖਿਆ ਗਿਆ ਹੈ।
ਉੱਘੇ ਇਤਿਹਾਸਕਾਰ, ਵਿਦਵਾਨ ਅਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ ਉਦਘਾਟਨੀ ਸਮਾਰੋਹ ਮੌਕੇ ਭਰਨਗੇ ਹਾਜ਼ਰੀ
ਸ. ਇੰਦਰਜੀਤ ਸਿੰਘ ਹਰਪੁਰਾ ਨੇ ਦੱਸਿਆ ਕਿ ਉਦਘਾਟਨੀ ਸਮਾਰੋਹ ਦੌਰਾਨ ਉੱਘੇ ਇਤਿਹਾਸਕਾਰ ਅਤੇ ਪੰਜਾਬੀ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਪ੍ਰੋਫੈਸਰ ਡਾ. ਸੁਖਦਿਆਲ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਪ੍ਰੋਫੈਸਰ ਅਤੇ ਫ਼ਾਰਸੀ ਦੇ ਉੱਘੇ ਵਿਦਵਾਨ ਡਾ. ਬਲਵੰਤ ਸਿੰਘ ਢਿਲੋਂ, ਉੱਘੇ ਸਿੱਖ ਚਿੰਤਕ ਸ. ਸੁਖਦੇਵ ਸਿੰਘ (ਯੂ.ਐੱਸ.ਏ.) ਅਤੇ ਹੋਰ ਵਿਦਵਾਨਾਂ ਤੇ ਧਾਰਮਿਕ ਸਖਸ਼ੀਅਤਾਂ ਵੱਲੋਂ ਬਾਬਾ ਬੰਦਾ ਸਿੰਘ ਜੀ ਦੇ ਜੀਵਨ ਤੇ ਸਿੱਖ ਇਤਿਹਾਸ ਬਾਰੇ ਚਾਨਣਾ ਪਾਇਆ ਜਾਵੇਗਾ।
ਸ. ਇੰਦਰਜੀਤ ਸਿੰਘ ਨੇ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਵੱਲੋਂ ਸੰਨ 1715 ਵਿੱਚ ਕਲਾਨੌਰ ਅਤੇ ਬਟਾਲਾ ਫ਼ਤਹਿ ਕਰਨ ਤੋਂ ਬਾਅਦ ਪਿੰਡ ਮਿਰਜ਼ਾਜਾਨ ਵਿਖੇ ਆਪਣੇ ਹੱਥੀਂ ਕਿਲ੍ਹਾ ਬਣਵਾਇਆ ਗਿਆ ਸੀ ਜਿਸਦੀਆਂ ਕੰਧਾਂ ਅੱਜ ਵੀ ਮੌਜੂਦ ਹਨ। ਇਥੇ ਹੀ ਸੰਨ 1715 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਅਤੇ ਮੁਗਲਾਂ ਵਿਚਕਾਰ ਭਿਆਨਿਕ ਜੰਗ ਵੀ ਹੋਈ ਸੀ। ਵਿਰਾਸਤੀ ਮੰਚ ਬਟਾਲਾ ਦੇ ਪ੍ਰਧਾਨ ਸ. ਬਲਦੇਵ ਸਿੰਘ ਰੰਧਾਵਾ ਅਤੇ ਉਨ੍ਹਾਂ ਦੇ ਛੋਟੇ ਭਰਾਤਾ ਸ. ਸੁਖਦੇਵ ਸਿੰਘ (ਯੂ.ਐੱਸ.ਏ.) ਵੱਲੋਂ ਆਪਣੀ ਨੇਕ ਕਮਾਈ ਵਿਚੋਂ ਇਸ ਪਿੰਡ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਮਿਊਜ਼ੀਅਮ ਅਤੇ ਲਾਇਬ੍ਰੇਰੀ ਦੀ ਉਸਾਰੀ ਕੀਤੀ ਗਈ ਹੈ, ਜਿਸਦਾ ਸੰਗਤਾਂ ਵੱਲੋਂ 12 ਮਾਰਚ ਨੂੰ ਸਵੇਰੇ 10:00 ਵਜੇ ਉਦਘਾਟਨ ਕੀਤਾ ਜਾਵੇਗਾ,ਵਿਰਾਸਤੀ ਮੰਚ ਬਟਾਲਾ ਦੇ ਪ੍ਰਧਾਨ ਸ. ਬਲਦੇਵ ਸਿੰਘ ਰੰਧਾਵਾ ਨੇ ਇਲਾਕੇ ਦੇ ਵਸਨੀਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ 12 ਮਾਰਚ ਨੂੰ ਸਵੇਰੇ 10:00 ਵਜੇ ਪਿੰਡ ਮਿਰਜ਼ਾਜਾਨ ਵਿਖੇ ਹੋ ਰਹੇ ਉਦਘਾਟਨੀ ਸਮਾਰੋਹ ਵਿੱਚ ਆਪਣੀ ਹਾਜ਼ਰੀ ਜਰੂਰ ਲਗਾਉਣ।