ਬਦਲਦੇ ਸਵਰੂਪ ਕਾਰਨ ਪੰਜਾਬ ਵਿੱਚ ਭਾਜਪਾ ਬਣ ਰਹੀ ਹੈ ਪੰਜਾਬੀਆਂ ਦੀ ਪਹਿਲੀ ਪਸੰਦ: ਅਸ਼ਵਨੀ ਸ਼ਰਮਾ

4677788
Total views : 5511183

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ /ਗੁਰਨਾਮ ਸਿੰਘ ਲਾਲੀ

ਭਾਰਤੀ ਜਨਤਾ ਪਾਰਟੀ ਪੰਜਾਬ ਦੀ ਦੋ ਰੋਜ਼ਾ ਸੂਬਾ ਕਾਰਜਕਾਰਨੀ ਦਾ ਉਦਘਾਟਨ ਅੱਜ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਮਾਧਵ ਵਿਦਿਆ ਨਿਕੇਤਨ ਵਿਖੇ ਕੀਤਾ ਗਿਆ। ਜ਼ਿਕਰਯੋਗ ਹੈ ਕਿ ਭਾਜਪਾ ਦੀ ਕੌਮੀ ਕਾਰਜਕਾਰਨੀ ‘ਤੋਂ ਬਾਅਦ ਪੰਜਾਬ ਦੀ ਪਹਿਲੀ ਸੂਬਾ ਪੱਧਰੀ ਕਾਰਜਕਾਰਨੀ ਦਾ ਆਯੋਜਨ ਕੀਤਾ ਗਿਆ ਹੈ। ਇਸ ਦੋ ਰੋਜ਼ਾ ਸੂਬਾ ਕਾਰਜਕਾਰਨੀ ਦੇ ਪਹਿਲੇ ਦਿਨ ਦੀ ਕਾਰਜਕਾਰਨੀ ਦਾ ਉਦਘਾਟਨ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਸੌਦਨ ਸਿੰਘ, ਭਾਜਪਾ ਪੰਜਾਬ ਦੇ ਇੰਚਾਰਜ ਵਿਜੇ ਰੁਪਾਨੀ, ਸਹਿ-ਇੰਚਾਰਜ ਡਾ: ਨਰਿੰਦਰ ਸਿੰਘ ਰੈਨਾ ਅਤੇ ਸੰਗਠਨ ਜਨਰਲ ਸਕੱਤਰ ਸ਼੍ਰੀਮੰਥਰੀ ਸ਼੍ਰੀਨਿਵਾਸੂਲੂ ਨੇ ਸ਼ਮਾਂ ਰੋਸ਼ਨ ਕਰਕੇ ਕੀਤਾ ਅਤੇ ਵੰਦੇ ਮਾਤਰਮ ਗੀਤ ਗਾਇਆ ਗਿਆ।
ਅਸ਼ਵਨੀ ਸ਼ਰਮਾ ਨੇ ਕਾਰਜਕਾਰਨੀ ਦੀ ਮੀਟਿੰਗ ਵਿੱਚ ਸਭ ਤੋਂ ਪਹਿਲਾਂ ਸ਼ੁਰੂਆਤੀ ਸੰਦੇਸ਼ ਪੇਸ਼ ਕੀਤਾ। ਵਿਜੇ ਰੂਪਾਨੀ ਨੇ ਮੌਜੂਦਾ ਅਹੁਦੇਦਾਰਾਂ ਨੂੰ ਪੰਜਾਬ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ ਜਿੱਤਣ ਲਈ ਸੇਧ ਦਿੱਤੀ। ਇਸ ਤੋਂ ਬਾਅਦ ਡਾ: ਸੁਭਾਸ਼ ਸ਼ਰਮਾ ਨੇ ਲੋਕ ਸਭਾ ਪਰਵਾਸ ਯੋਜਨਾ ਅਤੇ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਵਿਰੁੱਧ ਯਾਤਰਾ ਬਾਰੇ ਹਾਜ਼ਰ ਸਾਰੇ ਅਹੁਦੇਦਾਰਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਕਾਰਜਕਾਰਨੀ ਬੈਠਕ ਦੇ ਦੂਜੇ ਸੈਸ਼ਨ ਵਿੱਚ ਜਨਰਲ ਸਕੱਤਰ ਸ਼੍ਰੀਮੰਥਰੀ ਸ਼੍ਰੀਨਿਵਾਸਲੂ ਨੇ ਮੌਜੂਦਾ ਅਹੁਦੇਦਾਰਾਂ ਨੂੰ ਆਪਣੇ-ਆਪਣੇ ਜ਼ਿਲ੍ਹਿਆਂ ਵਿੱਚ ਬੂਥ ਪੱਧਰ ਤੱਕ ਦੇ ਸੰਗਠਨਾਤਮਕ ਢਾਂਚੇ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ।

ਭਾਜਪਾ ਦੀ ਦੋ ਰੋਜ਼ਾ ਸੂਬਾ ਕਾਰਜਕਾਰਨੀ ਸ਼ੁਰੂ, ਕਈ ਦਿੱਗਜਾਂ ਨੇ ਕੀਤੀ ਸ਼ਮੂਲੀਅਤ


ਅਸ਼ਵਨੀ ਸ਼ਰਮਾ ਨੇ ਕਾਰਜਕਾਰਨੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸੂਬੇ ਦੇ ਲੋਕਾਂ ਦੀਆਂ ਨਜ਼ਰਾਂ ਭਾਰਤੀ ਜਨਤਾ ਪਾਰਟੀ ‘ਤੇ ਟਿਕੀਆਂ ਹੋਈਆਂ ਹਨ ਅਤੇ ਹੁਣ ਭਾਜਪਾ ਪੰਜਾਬੀਆਂ ਦੀ ਪਹਿਲੀ ਪਸੰਦ ਬਣੀ ਹੋਈ ਹੈ, ਕਿਉਂਕਿ ਪੰਜਾਬ ਦੇ ਲੋਕ ਹੁਣ ਆਪਣਾ ਅਤੇ ਸੂਬੇ ਦਾ ਵਿਕਾਸ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਹੋਣ ਵਾਲੀਆਂ ਸਥਾਨਕ ਅਤੇ ਲੋਕ ਸਭਾ ਚੋਣਾਂ ਆਪਣੇ ਬਲਬੂਤੇ ‘ਤੇ ਲੜੇਗੀ ਅਤੇ ਹੁੰਜਾਫੇਰ ਜਿੱਤ ਪ੍ਰਾਪਤ ਕਰੇਗੀI ਇਸ ਲਈ ਭਾਜਪਾ ਵਰਕਰ ਪਹਿਲਾਂ ਹੀ ਮੈਦਾਨ ਵਿੱਚ ਨਿੱਤਰ ਚੁੱਕੇ ਹਨ। ਉਨ੍ਹਾਂ ਭਾਜਪਾ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਜਨਤਕ ਕੰਮਾਂ ਨਾਲ ਜੁੜੇ ਮੁੱਦਿਆਂ ਨੂੰ ਹੋਰ ਜ਼ੋਰਦਾਰ ਢੰਗ ਨਾਲ ਚੁੱਕਣ ਅਤੇ ਜੇਕਰ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਆਵਾਜ਼ ਨਹੀਂ ਸੁਣੀ ਜਾਂਦੀ ਤਾਂ ਲੋਕਾਂ ਨਾਲ ਮਿਲ ਕੇ ਰੋਸ ਪ੍ਰਦਰਸ਼ਨ ਕਰਨ ਤੋਂ ਪਿੱਛੇ ਨਾ ਹਟਣ। ਪੰਜਾਬ ਵਿੱਚ ਵਗ ਰਹੇ ਨਸ਼ਿਆਂ ਦੇ ਦਰਿਆ ਨੂੰ ਰੋਕਣ ਲਈ ਸ਼ਰਮਾ ਨੇ ਵਰਕਰਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਉਹ ਨਸ਼ੇ ਦੇ ਆਦੀ ਲੋਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦਾ ਯਤਨ ਕਰਨ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਨੌਜਵਾਨਾਂ ਅਤੇ ਜਨਤਾ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਪੂਰੇ ਪੰਜਾਬ ਵਿੱਚ ਸਿਆਸੀ ਅਤੇ ਸਮਾਜਿਕ ਪੱਧਰ ‘ਤੇ ਮੁਹਿੰਮ ਚਲਾ ਕੇ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਵਿਰੁੱਧ ਵਿਸ਼ਾਲ ਯਾਤਰਾ ਦੀ ਸ਼ੁਰੁਆਤ ਮਾਰਚ ਦੇ ਮਹੀਨੇ ਤੋਂ ਕਰੇਗੀ, ਜੋ ਕਿ ਅਗਸਤ ਤੱਕ ਜਾਰੀ ਰਹੇਗੀ ਅਤੇ ਇਹ ਪੰਜਾਬ ਦੀ ਹਰ ਲੋਕ ਸਭਾ ਵਿੱਚ 18 ਦਿਨ ਚੱਲੇਗੀ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਸ਼ਹਿਰਾਂ ਦੇ ਨਾਲ-ਨਾਲ ਪੇਂਡੂ ਖੇਤਰਾਂ ਵਿੱਚ ਵੀ ਭਾਰੀ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਵਰਕਰਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀਆਂ ਲੋਕ ਭਲਾਈ ਸਕੀਮਾਂ ਨੂੰ ਪਿੰਡਾਂ ਦੇ ਹਰ ਘਰ ਤੱਕ ਪਹੁੰਚਾਉਣ ਅਤੇ ਇਸ ਦਾ ਲਾਭ ਲੈਣ ਲਈ ਉਹਨਾਂ ਨੂੰ ਪ੍ਰੇਰਿਤ ਕਰਨ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਬਹੁਤ ਜਲਦ ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ.ਨੱਢਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਦੀ ਹਰ ਵਿਧਾਨ ਸਭਾ ਦਾ ਅੱਧੇ ਦਿਨ ਲਈ ਦੌਰਾ ਕਰਨਗੇ ਅਤੇ ਰੈਲੀਆਂ ਨੂੰ ਵੀ ਸੰਬੋਧਨ ਕਰਨਗੇ। ਇਸ ਮੀਟਿੰਗ ਵਿੱਚ ਕਈ ਹੋਰ ਅਹੁਦੇਦਾਰਾਂ ਨੇ ਵੀ ਸੰਬੋਧਨ ਕੀਤਾ।

Share this News