ਪੁਲਿਸ ਨੇ ਹੈਰੋਇਨ ਤਸਕਰੀ ਦੇ ਮਾਮਲੇ ਦੇ ਵਿੱਚ ਮਾਮੇ ਭਾਣਜੇ ਨੂੰ ਕੀਤਾ ਗ੍ਰਿਫ਼ਤਾਰ

4677773
Total views : 5511117

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਅੰਮ੍ਰਿਤਸਰ ਦੀ ਪੁਲਿਸ ਨੇ ਹੈਰੋਇਨ ਤਸਕਰੀ ਦੇ ਮਾਮਲੇ ਦੇ ਵਿੱਚ ਮਾਮਾ ਭਾਣਜੇ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਹਨਾਂ ਕੋਲੋਂ 275 ਗ੍ਰਾਮ ਹੈਰੋਇਨ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ। ਪੱਤਰਕਾਰਾਂ ਦੇ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਥਾਣਾ ਇੰਚਾਰਜ ਖੁਸ਼ਬੂ ਸ਼ਰਮਾ ਨੇ ਦੱਸਿਆ ਕਿ ਭਗਵਾਨ ਵਾਲਮੀਕਿ ਦੀ ਮੂਰਤੀ ਦੇ ਕੋਲ ਐਸ.ਆਈ ਸੁਸ਼ੀਲ ਕੁਮਾਰ ਇੰਚਾਰਜ਼ ਪੁਲਿਸ ਚੌਕੀ ਗਵਾਲ ਮੰਡੀ ਨੇ ਨਾਕਾਬੰਦੀ ਦੌਰਾਨ ਅਰਸ਼ਦੀਪ ਸਿੰਘ ਅਰਸ਼ੀ ਅਤੇ ਹਰਜਿੰਦਰ ਸਿੰਘ ਕਾਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਕੀਤਾ ਜਾਵੇਗਾ ਰਿਮਾਂਡ ਹਾਸਲ- ਖੁਸ਼ਬੂ ਸ਼ਰਮਾ

ਉਨ੍ਹਾਂ ਦੱਸਿਆ ਕਿ ਤਲਾਸ਼ੀ ਦੌਰਾਨ ਇਹਨਾਂ ਦੇ ਕੋਲੋਂ 275 ਗਰਾਮ ਹੈਰੋਇਨ ਇਕ ਮੋਟਰ ਸਾਈਕਲ ਅਤੇ ਇਕ ਕੰਡਾ ਵੀ ਬਰਾਮਦ ਕੀਤਾ ਗਿਆ ਹੈ। ਖੁਸ਼ਬੂ ਸ਼ਰਮਾ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਅਰਸ਼ਦੀਪ ਸਿੰਘ ਅਰਸ਼ੀ ਅੰਮ੍ਰਿਤਸਰ ਦੇ ਨਾਮੀ ਕਾਲਜ ਦਾ ਵਿਦਿਆਰਥੀ ਹੈ ਜੋ ਕਿ ਆਪਣੇ ਮਾਮੇ ਨਾਲ ਰਲ ਕੇ ਹੈਰੋਇਨ ਦੀ ਤਸਕਰੀ ਕਰਦਾ ਸੀ। 

ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਕਈ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਵਿਦਿਆਰਥੀ ਸਿਰਫ ਬਾਹਰ ਹੀ ਸਪਲਾਈ ਕਰਦਾ ਸੀ ਜਾਂ ਫਿਰ ਕਾਲਜ ਦੇ ਵਿਦਿਆਰਥੀਆਂ ਨੂੰ ਵੀ ਹੈਰੋਇਨ ਸਪਲਾਈ ਕਰਿਆ ਕਰਦਾ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਖਾਲਸਾ ਕਾਲਜ ਦੇ ਇਕ ਵਿਦਿਆਰਥੀ ਨੂੰ ਨਾਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਸੀ।

ਉਨ੍ਹਾਂ ਅੱਗੇ ਕਿਹਾ ਕਿ ਉਕਤ ਦੋਹਾਂ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਇਹਨਾਂ ਤੋਂ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਨਸ਼ਾ ਕਿੱਥੋਂ ਲੈ ਕੇ ਆਉਂਦੇ ਹਨ ਅਤੇ ਕਿੱਥੇ-ਕਿੱਥੇ ਸਪਲਾਈ ਕਰਦੇ ਹਨ।

Share this News