ਵਿਜੀਲੈਂਸ ਵੱਲੋਂ 1.24 ਕਰੋੜ ਰੁਪਏ ਦਾ ਘਪਲਾ ਕਰਨ ਵਾਲਾ ਮਾਰਕਫੈੱਡ ਦਾ ਸੀਨੀਅਰ ਬਰਾਂਚ ਅਧਿਕਾਰੀ ਗ੍ਰਿਫਤਾਰ

4674922
Total views : 5506306

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਸੁਖਮਿੰਦਰ ਸਿੰਘ ‘ਗੰਡੀ ਵਿੰਡ’

 ਸੂਬੇ ਵਿੱਚ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਉਣ ਦੇ ਮੱਦੇਨਜ਼ਰ ਵਿਜੀਲੈਂਸ ਬਿਊਰੋ ਪੰਜਾਬ ਨੇ ਬੁੱਧਵਾਰ ਨੂੰ ਪੰਜਾਬ ਮਾਰਕਫੈੱਡ ਦੇ ਐਮ.ਆਰ.ਐਮ ਕੰਪਲੈਕਸ ਰਾਜਪੁਰਾ, ਜ਼ਿਲ੍ਹਾ ਪਟਿਆਲਾ ਵਿਖੇ ਕਣਕ ਦੇ ਸਟਾਕ ਵਿੱਚ ਵੱਡਾ ਗਬਨ ਕਰਨ ਦੇ ਦੋਸ਼ ਹੇਠ ਸੀਨੀਅਰ ਬਰਾਂਚ ਅਧਿਕਾਰੀ ਰਾਜਬੀਰ ਸਿੰਘ ਬੈਂਸ ਨੂੰ ਗ੍ਰਿਫਤਾਰ ਕਰ ਲਿਆ ਹੈ। ਉਕਤ ਮਾਮਲੇ ਵਿੱਚ ਰਾਜਬੀਰ ਸਿੰਘ ਬੈਂਸ ਸਮੇਤ ਸ਼ਾਮਲ ਮਾਰਕਫੈਡ ਦੇ ਚਾਰ ਮੁਲਜ਼ਮਾਂ ਨੇ ਐਮ.ਆਰ.ਐਮ. ਕੰਪਲੈਕਸ ਵਿਖੇ ਭੰਡਾਰ ਕੀਤੀ 6,097 ਕੁਇੰਟਲ ਕਣਕ ਦੀਆਂ 12,194 ਬੋਰੀਆਂ ਦੀ ਹੇਰਾ-ਫੇਰੀ ਕਰਕੇ ਸਰਕਾਰੀ ਖਜ਼ਾਨੇ ਨੂੰ 1,24,61,658 ਰੁਪਏ ਦਾ ਭਾਰੀ ਨੁਕਸਾਨ ਪਹੁੰਚਾਇਆ ਹੈ।

ਮਾਰਕਫੈੱਡ ਦੇ ਚਾਰ ਮੁਲਾਜ਼ਮਾਂ ਨੇ ਭੰਡਾਰ ਕੀਤੀ 6097 ਕੁਇੰਟਲ ਕਣਕ ਦੀਆਂ 12,194 ਬੋਰੀਆਂ ਦਾ ਕੀਤਾ ਸੀ ਗਬਨ

ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਸਟੇਟ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿੱਚ ਆਈ.ਪੀ.ਸੀ. ਦੀ ਧਾਰਾ 409, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) ਡੀ, 13(2) ਤਹਿਤ ਐਫਆਈਆਰ ਨੰਬਰ 7 ਮਿਤੀ 13-05-2016 ਨੂੰ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਵਿਖੇ ਪਹਿਲਾਂ ਹੀ ਮਾਮਲਾ ਦਰਜ ਕੀਤਾ ਹੋਇਆ ਸੀ।

ਇਸ ਕੇਸ ਵਿੱਚ ਰਾਜਬੀਰ ਸਿੰਘ ਬੈਂਸ ਸੀਨੀਅਰ ਬ੍ਰਾਂਚ ਅਫ਼ਸਰ ਮਾਰਕਫੈੱਡ, ਰਾਜਪੁਰਾ, ਫਰੀਦ ਖਾਨ, ਨਿਗਰਾਨ (ਕਸਟੋਡੀਅਨ), ਐਮਆਰਐਮ ਕੰਪਲੈਕਸ ਅਤੇ ਦਲੇਰ ਸਿੰਘ, ਸੇਲਜ਼ਮੈਨ ਨੂੰ ਇਸ ਗਬਨ ਲਈ ਜ਼ਿੰਮੇਵਾਰ ਪਾਇਆ ਗਿਆ। ਇਸ ਮਾਮਲੇ ਦੀ ਜਾਂਚ ਦੌਰਾਨ ਅਸ਼ਵਨੀ ਕੁਮਾਰ, ਫੀਲਡ ਅਫਸਰ, ਓਪਨ ਪਲਿੰਥ (ਗੁਦਾਮ), ਪਿੰਡ ਢੀਂਡਸਾ, ਰਾਜਪੁਰਾ ਨੂੰ ਵੀ ਬਾਅਦ ਵਿੱਚ ਨਾਮਜ਼ਦ ਕੀਤਾ ਗਿਆ।

ਉਨ੍ਹਾਂ ਅੱਗੇ ਦੱਸਿਆ ਕਿ ਇਹ ਮਾਮਲਾ ਐਮਆਰਐਮ ਕੰਪਲੈਕਸ ਰਾਜਪੁਰਾ ਵਿਖੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਮਾਰਕਫੈੱਡ ਦੇ ਭੰਡਾਰਨ ਗੋਦਾਮਾਂ ਅਤੇ ਢੀਂਡਸਾ ਵਿਖੇ ਖੁੱਲ੍ਹੇ ਪਲਿੰਥ ਦੀ ਅਚਨਚੇਤ ਚੈਕਿੰਗ ਕਰਨ ਉਪਰੰਤ ਦਰਜ ਕੀਤਾ ਗਿਆ ਹੈ। ਇਸ ਚੈਕਿੰਗ ਦੌਰਾਨ ਵਿਜੀਲੈਂਸ ਬਿਊਰੋ ਦੀ ਟੀਮ ਨੂੰ ਪਤਾ ਲੱਗਾ ਹੈ ਕਿ ਮਾਰਕਫੈੱਡ ਦੇ ਉਕਤ ਮੁਲਾਜ਼ਮਾਂ ਨੇ ਸਾਲ 2013-2014, 2014-2015 ਅਤੇ 2015-2016 ਦੌਰਾਨ 6097 ਕੁਇੰਟਲ ਵਜ਼ਨੀ ਕਣਕ ਦੀਆਂ 12194 ਬੋਰੀਆਂ ਦਾ ਗਬਨ ਕਰਨ ਲਈ ਜ਼ਿੰਮੇਵਾਰ ਪਾਏ ਗਏ ਸਨ। ਇਸ ਤਰ੍ਹਾਂ ਉਕਤ ਦੋਸ਼ੀਆਂ ਨੇ ਇਸ ਕਣਕ ਦੇ ਸਟਾਕ ਦੀ ਦੁਰਵਰਤੋਂ ਕਰਕੇ ਸਰਕਾਰੀ ਖਜ਼ਾਨੇ ਨੂੰ 1,24,61,658 ਰੁਪਏ ਦਾ ਖ਼ੋਰਾ ਲਾਇਆ ਹੈ। ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ।

Share this News