Total views : 5505336
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਜੰਡਿਆਲਾ ਗੁਰੂ / ਅਮਰਪਾਲ ਸਿੰਘ ਬੱਬੂ
ਜੰਡਿਆਲਾ ਗੁਰੂ ਵਿਖੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ । ਗੁਰੂ ਸਾਹਿਬ ਜੀ ਦੇ ਬਲਿਦਾਨ ਨੂੰ ਯਾਦ ਕੀਤਾ ਗਿਆ । ਅੱਜ ਅਸੈਂਬਲੀ ਦੌਰਾਨ ਹੀ ਸਭ ਤੋਂ ਪਹਿਲਾਂ ਸਾਰੇ ਬੱਚਿਆਂ ਨੇ ਰਲ-ਮਿਲਕੇ ਕੀਰਤਨ ਰੂਪ ‘ ਸ੍ਰੀ ਚੌਪਈ ਸਾਹਿਬ ਜੀ ਦੇ ਪਾਠ ਕੀਤੇ । ਉਪਰੰਤ ਬੱਚਿਆਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨਾਲ ਸੰਬੰਧਿਤ ਗੁਰਬਾਣੀ ਦੇ ਸ਼ਬਦਾਂ ਦਾ ਗਾਇਨ ਕੀਤਾ । ਬੱਚਿਆਂ ਨੇ “ਤੇਗ ਬਹਾਦਰ ਸਿਮਰੀਐ ਘਰ ਨੌ ਨਿਧ ਆਵੈ ਧਾਏ” “ਤਿਲਕ ਜੰਝੂ ਰਾਖਾ ਪ੍ਰਭ ਤਾ ਕਾ” ਆਦਿ ਸ਼ਬਦ ਕੀਰਤਨ ਰੂਪ ਵਿੱਚ ਗਾ ਕੇ ਗੁਰੂ ਸਾਹਿਬ ਦੇ ਚਰਨਾਂ ਚ ਹਾਜ਼ਰੀ ਲਗਾਈ ।
ਉਪਰੰਤ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ ਜੀ ਨੇ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਅਤੇ ਉਨ੍ਹਾਂ ਦੇ ਕੀਤੇ ਬਲਿਦਾਨ , ਉਨ੍ਹਾਂ ਦੀ ਸ਼ਹੀਦੀ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ । ਉਹਨਾਂ ਨੇ ਸਾਰਿਆਂ ਨੂੰ ਗੁਰੂ ਸਾਹਿਬ ਦੁਆਰਾ ਦੱਸੇ ਹੋਏ ਮਾਰਗ ਤੇ ਚੱਲਣ ਲਈ ਕਿਹਾ ਅਤੇ ਗੁਰਬਾਣੀ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ । ਇਸ ਤੋਂ ਬਾਅਦ ਸਕੂਲ ਦੇ ਬੱਚਿਆ, ਪ੍ਰਿੰਸੀਪਲ ਅਮਰਪ੍ਰੀਤ ਕੌਰ ਜੀ, ਸਮੂਹ ਸਟਾਫ ਸਭ ਨੇ ਸਕੂਲ ਵਿੱਚ ਨਗਰ ਕੀਰਤਨ ਕੱਢਿਆ । ਇਸ ਨਗਰ ਕੀਰਤਨ ਵਿੱਚ ਬੱਚਿਆਂ ਨੇ ਢੋਲਕੀ ਛੈਣਿਆਂ ਨਾਲ ਗੁਰਬਾਣੀ ਦੇ ਸ਼ਬਦ ਪੜ੍ਹੇ ਅਤੇ ਸਾਰੇ ਸਕੂਲ ਵਿੱਚ ਇੱਕ ਬਲਾਕ ਤੋਂ ਦੂਸਰੇ ਬਲਾਕ ਤੱਕ ਨਗਰ ਕੀਰਤਨ ਕੱਢਿਆ । ਉਪਰੰਤ ਅਰਦਾਸ ਬੇਨਤੀ ਕੀਤੀ ਗਈ ਅਤੇ ਸਕੂਲ ਵੱਲੋਂ ਸਾਰੇ ਬੱਚਿਆਂ ਸਟਾਫ ਸਭ ਲਈ ਚਾਹ ਦਾ ਲੰਗਰ ਦਾ ਪ੍ਰਬੰਧ ਕੀਤਾ ਗਿਆ ।