ਅੰਮ੍ਰਿਤਸਰ/
ਪੰਜਾਬ ਦੇ ਮੁੱਖ ਮੰਤਰੀ ਗੁਰੂ ਦੋਖੀ ਅਤੇ ਖ਼ਾਲਸਾ ਪੰਥ ਵਿਰੋਧੀ ਭਗਵੰਤ ਸਿੰਘ ਦੀ ਇਤਰਾਜ਼ਯੋਗ ਵੀਡੀਓ ਦੇ ਮਾਮਲੇ ਵਿੱਚ ਜਾਅਲੀ ਫੋਰੈਂਸਿਕ ਰਿਪੋਰਟਾਂ ਤਿਆਰ ਕਰਵਾ ਸਿੱਖ ਸੰਗਤ ਅਤੇ ਪੰਜਾਬ ਦੇ ਲੋਕਾਂ ਨਾਲ ਧੋਖਾ ਕਰਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਝੂਠਾ ਸਾਬਤ ਕਰਨ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਜੋ ਹਰਿਆਣਾ ਪੁਲਿਸ ਨੇ ਪਰਚਾ ਦਰਜ ਕੀਤਾ ਹੈ ਇਹ ਬਹੁਤ ਹੀ ਗੰਭੀਰ ਮਾਮਲਾ ਹੈ। ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੀਡੀਆ ਸਲਾਹਕਾਰ ਸ. ਜਸਕਰਨ ਸਿੰਘ ਨੇ ਇਹ ਪ੍ਰਗਟਾਵਾ ਕਰਦਿਆਂ ਜਾਰੀ ਅਧਿਕਾਰਤ ਬਿਆਨ ਵਿੱਚ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਣੌਤੀ ਦੇਣ ਵਾਲਿਆਂ ਦਾ ਹਸ਼ਰ ਮਾੜਾ ਹੀ ਹੋਇਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਦੀ ਇੱਕ ਹੋਰ ਵੀਡੀਓ ਜਿਸ ਵਿੱਚ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰੂ ਖ਼ਾਲਸਾ ਪੰਥ ਵਿਰੁੱਧ ਬਹੁਤ ਹੀ ਇਤਰਾਜ਼ਯੋਗ ਸ਼ਬਦਾਵਦੀ ਦੀ ਵਰਤੋਂ ਕਰ ਰਿਹਾ ਹੈ ਵੀ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਸਿੱਖ ਵਿਰੋਧੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਣੌਤੀ ਦੇਣ ਵਾਲੀਆਂ ਸ਼ਕਤੀਆਂ ਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਤੁਸੀਂ ਦੁਨਿਆਵੀ ਤੌਰ ’ਤੇ ਕਿਸੇ ਨੂੰ ਧੋਖਾ ਦੇ ਸਕਦੇ ਹੋ ਪਰੰਤੂ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਸੱਚੇ ਤਖ਼ਤ ਨੂੰ ਕੋਈ ਧੋਖਾ ਨਹੀਂ ਦੇ ਸਕਦਾ।
ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਬਖ਼ਸ਼ਿੰਦ ਸਤਿਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਸੱਚਾ ਤਖ਼ਤ ਹੈ ਅਤੇ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਿੱਖ ਸੰਗਤ ਨਾਲ ਧੋਖਾ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਬਹੁਤ ਹੀ ਨੀਵੇਂ ਪੱਧਰ ਦੀ ਸਿਆਸਤ ਹੈ, ਜਿਸ ਤੋਂ ਹਰ ਸਿੱਖ, ਗੁਰੂ ਨਾਨਕ ਨਾਮ ਲੇਵਾ ਅਤੇ ਪੰਜਾਬੀ ਨੂੰ ਸੁਚੇਤ ਹੋਣਾ ਅਤਿ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਿਹੜੇ-ਜਿਹੜੇ ਵੀ ਲੋਕ ਇਸ ਸਾਜ਼ਸ਼ ਵਿੱਚ ਸ਼ਾਮਲ ਹਨ ਉਹ ਆਪਣੀ ਅੰਤਰ ਆਤਮਾ ਵਿੱਚ ਝਾਤੀ ਮਾਰਨ ਅਤੇ ਚੇਤੇ ਰੱਖਣ ਕਿ ਗੁਰੂ ਤੋਂ ਬੇਮੁਖ ਹੋਇਆਂ ਕਿਤੇ ਵੀ ਢੋਈ ਨਹੀਂ ਮਿਲਦੀ ਅਤੇ ਕੁਲਾਂ ਤੱਕ ਇਸ ਦਾ ਦਾਗ ਨਹੀਂ ਲਹਿੰਦਾ।ਸ. ਜਸਕਰਨ ਸਿੰਘ ਨੇ ਕਿਹਾ ਕਿ ਹਰਿਆਣਾ ਪੁਲਿਸ ਨੂੰ ਇਸ ਮਾਮਲੇ ਵਿੱਚ ਪੂਰੀ ਗੰਭੀਰਤਾ ਨਾਲ ਜਾਂਚ ਕਰਦਿਆਂ ਇਸ ਸਾਜ਼ਸ਼ ਵਿੱਚ ਸ਼ਾਮਲ ਹਰ ਵਿਅਕਤੀ ਨੂੰ ਨਸ਼ਰ ਕਰਨ ਦੇ ਨਾਲ-ਨਾਲ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ।