ਸਿਵਲ ਹਸਪਤਾਲ ਲੋਪੋਕੇ ’ਚ 35 ਸਾਲਾ ਨੌਜਵਾਨ ਨੇ ਫਾਹਾ, ਪ੍ਰੀਵਾਰਕ ਮੈਬਰਾਂ ਨੇ ਡਾਕਟਰਾਂ ’ਤੇ ਗੰਭੀਰ ਲਾਪਰਵਾਹੀ ਦੇ ਲਗਾਏ ਦੋਸ਼

4878613
Total views : 5841158

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਬੀ.ਐਨ.ਈ ਬਿਊਰੋ 

ਲੋਪੋਕੇ ਪਿੰਡ ਸਥਿਤ ਸਿਵਲ ਹਸਪਤਾਲ ਦੀ ਕਾਰਗੁਜ਼ਾਰੀ ਉਸ ਸਮੇਂ ਗੰਭੀਰ ਸਵਾਲਾਂ ਦੇ ਘੇਰੇ ’ਚ ਆ ਗਈ, ਜਦੋਂ ਇੱਥੇ ਇਲਾਜ ਲਈ ਆਏ 35 ਸਾਲਾ ਨੌਜਵਾਨ ਦੀ ਲਾਸ਼ ਹਸਪਤਾਲ ਕੈਂਪਸ ਅੰਦਰ ਪਾਣੀ ਦੀ ਟੈਂਕੀ ਨਾਲ ਫਾਹਾ ਲੱਗੀ ਮਿਲੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ ’ਤੇ ਭਾਰੀ ਲਾਪਰਵਾਹੀ, ਅਣਮਨੁੱਖੀ ਵਰਤਾਓ ਅਤੇ ਆਤਮਹਤਿਆ ਲਈ ਮਜਬੂਰ ਕਰਨ ਦੇ ਦੋਸ਼ ਲਗਾਏ ਹਨ। ਇਸਦੇ ਨਾਲ ਹੀ ਪਰਿਵਾਰ ਨੇ ਪੁਲਿਸ ਦੀ ਭੂਮਿਕਾ ’ਤੇ ਵੀ ਨਾਰਾਜ਼ਗੀ ਜ਼ਾਹਰ ਕੀਤੀ ਹੈ।
ਮ੍ਰਿਤਕ ਦੀ ਪਛਾਣ ਵਿਨੋਦ ਕੁਮਾਰ ਪੁੱਤਰ ਸਵ. ਸਰਵਣ ਕੁਮਾਰ, ਵਾਸੀ ਪਿੰਡ ਚੁਗਾਵਾਂ ਵਜੋਂ ਹੋਈ ਹੈ। ਇਹ ਘਟਨਾ ਲੋਹੜੀ ਵਾਲੇ ਦਿਨ 13 ਜਨਵਰੀ ਨੂੰ ਵਾਪਰੀ। ਪਰਿਵਾਰ ਅਨੁਸਾਰ ਵਿਨੋਦ ਨੂੰ ਸਵੇਰੇ ਕਰੀਬ 10 ਵਜੇ ਸਾਹ ਲੈਣ ਵਿੱਚ ਗੰਭੀਰ ਦਿੱਕਤ ਹੋਣ ਕਾਰਨ ਸਰਕਾਰੀ ਹਸਪਤਾਲ ਲੋਪੋਕੇ ਦੇ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਸੀ, ਪਰ ਦੋ ਘੰਟਿਆਂ ਤੋਂ ਵੱਧ ਸਮਾਂ ਲੰਘਣ ਬਾਵਜੂਦ ਨਾ ਤਾਂ ਉਸਦਾ ਢੰਗ ਨਾਲ ਇਲਾਜ ਕੀਤਾ ਗਿਆ ਅਤੇ ਨਾ ਹੀ ਉਸਨੂੰ ਅੰਮ੍ਰਿਤਸਰ ਦੇ ਕਿਸੇ ਵੱਡੇ ਹਸਪਤਾਲ ਲਈ ਰੈਫਰ ਕੀਤਾ ਗਿਆ।

ਡਾਕਟਰਾਂ, ਹਸਪਤਾਲ ਸਟਾਫ ਅਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਆਤਮਹਤਿਆ ਲਈ ਉਕਸਾਉਣ, ਅਪਰਾਧਿਕ ਲਾਪਰਵਾਹੀ ਅਤੇ ਹੋਰ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾਵੇ-ਪ੍ਰੀਵਾਰ ਨੇ ਕੀਤੀ ਮੰਗ 

ਮ੍ਰਿਤਕ ਦੇ ਵੱਡੇ ਭਰਾ ਪਰਵੀਨ ਕੁਮਾਰ, ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਡਾਇਰੈਕਟਰ ਪਬਲਿਕ ਰਿਲੇਸ਼ਨਜ਼ ਹਨ, ਨੇ ਦੱਸਿਆ ਕਿ ਕਰੀਬ ਦੁਪਹਿਰ 11.54 ਵਜੇ ਉਸਨੂੰ ਆਪਣੇ ਭਰਾ ਦਾ ਫੋਨ ਆਇਆ। ਫੋਨ ’ਤੇ ਵਿਨੋਦ ਰੋ ਪਿਆ ਅਤੇ ਕਹਿਣ ਲੱਗਾ ਕਿ ਦੋ ਘੰਟਿਆਂ ਤੋਂ ਵੱਧ ਸਮੇਂ ਤੋਂ ਐਮਰਜੈਂਸੀ ਵਿੱਚ ਪਿਆ ਹੋਣ ਦੇ ਬਾਵਜੂਦ ਕੋਈ ਡਾਕਟਰੀ ਸਹਾਇਤਾ ਨਹੀਂ ਮਿਲੀ। ਪਰਵੀਨ ਕੁਮਾਰ ਦਾ ਦਾਅਵਾ ਹੈ ਕਿ ਫੋਨ ਦੌਰਾਨ ਉਸਨੂੰ ਹਸਪਤਾਲ ਸਟਾਫ ਵੱਲੋਂ ਵਿਨੋਦ ਨਾਲ ਬਦਸਲੂਕੀ, ਧਮਕੀਆਂ ਅਤੇ ਗਾਲੀ-ਗਲੋਚ ਦੀਆਂ ਆਵਾਜ਼ਾਂ ਵੀ ਸੁਣਾਈ ਦੇ ਰਹੀਆਂ ਸਨ।ਪਰਿਵਾਰ ਦਾ ਦੋਸ਼ ਹੈ ਕਿ ਵਿਨੋਦ ਨੂੰ ਬਿਨਾਂ ਦੇਖਭਾਲ ਦੇ ਛੱਡਿਆ ਗਿਆ, ਉਸਨੂੰ ਹਸਪਤਾਲ ਛੱਡ ਕੇ ਜਾਣ ਲਈ ਕਿਹਾ ਗਿਆ ਅਤੇ ਅਪਮਾਨਜਨਕ ਵਿਵਹਾਰ ਕੀਤਾ ਗਿਆ, ਜਿਸ ਨਾਲ ਉਹ ਮਾਨਸਿਕ ਤੌਰ ’ਤੇ ਪੂਰੀ ਤਰ੍ਹਾਂ ਟੁੱਟ ਗਿਆ। ਆਖ਼ਰਕਾਰ ਦਰਦ, ਬੇਬਸੀ ਅਤੇ ਨਿਰਾਸ਼ਾ ਨਾਲ ਘਿਰ ਕੇ ਵਿਨੋਦ ਨੇ ਹਸਪਤਾਲ ਦੇ ਅੰਦਰ ਪਾਣੀ ਦੀ ਟੈਂਕੀ ਦੀ ਗਰਿਲ ਨਾਲ ਫਾਹਾ ਲੈ ਕੇ ਆਤਮਹਤਿਆ ਕਰ ਲਈ। ਦੱਸਿਆ ਗਿਆ ਹੈ ਕਿ ਮੌਤ ਤੋਂ ਕੁਝ ਮਿੰਟ ਪਹਿਲਾਂ ਵੀ ਉਸਨੇ ਆਪਣੇ ਭਰਾ ਨਾਲ ਕਰੀਬ ਤਿੰਨ ਮਿੰਟ ਗੱਲ ਕਰਕੇ ਆਪਣੀ ਪੀੜਾ ਬਿਆਨ ਕੀਤੀ ਸੀ।ਵਿਨੋਦ ਕੁਮਾਰ ਦਾ ਪੋਸਟਮਾਰਟਮ 14 ਜਨਵਰੀ ਨੂੰ ਕੀਤਾ ਗਿਆ, ਜਿਸ ਤੋਂ ਬਾਅਦ ਦੁਰਗਿਆਨਾ ਮੰਦਰ ਨੇੜੇ ਸਥਿਤ ਸ਼ਿਵ ਪੁਰੀ ਸ਼ਮਸ਼ਾਨ ਘਾਟ ’ਚ ਅੰਤਿਮ ਸੰਸਕਾਰ ਕੀਤਾ ਗਿਆ।ਪਰਵੀਨ ਕੁਮਾਰ ਨੇ ਐੱਸਐੱਸਪੀ (ਅੰਮ੍ਰਿਤਸਰ ਦਿਹਾਤੀ) ਸੁਹੇਲ ਮੀਰ ਨੂੰ ਵਿਸਥਾਰਪੂਰਕ ਸ਼ਿਕਾਇਤ ਦੇ ਕੇ ਮੰਗ ਕੀਤੀ ਹੈ ਕਿ ਡਾਕਟਰਾਂ, ਹਸਪਤਾਲ ਸਟਾਫ ਅਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਆਤਮਹਤਿਆ ਲਈ ਉਕਸਾਉਣ, ਅਪਰਾਧਿਕ ਲਾਪਰਵਾਹੀ ਅਤੇ ਹੋਰ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਸਮੇਂ ਸਿਰ ਇਲਾਜ ਅਤੇ ਮਨੁੱਖੀ ਸਲੂਕ ਮਿਲਦਾ ਤਾਂ ਉਨ੍ਹਾਂ ਦੇ ਭਰਾ ਦੀ ਜਾਨ ਬਚ ਸਕਦੀ ਸੀ।
ਪਰਿਵਾਰ ਵੱਲੋਂ ਪੁਲਿਸ ਨੂੰ ਫੋਨ ਕਾਲ ਦੀਆਂ ਆਡੀਓ ਰਿਕਾਰਡਿੰਗਾਂ, ਲਾਸ਼ ਰਸੀਦ ਅਤੇ ਸ਼ਮਸ਼ਾਨ ਘਾਟ ਦੇ ਦਸਤਾਵੇਜ਼ ਵੀ ਸੌਂਪੇ ਗਏ ਹਨ, ਪਰ ਹੁਣ ਤੱਕ ਕੋਈ ਠੋਸ ਕਾਰਵਾਈ ਨਾ ਹੋਣ ’ਤੇ ਪਰਿਵਾਰ ਨੇ ਗਹਿਰੀ ਨਾਰਾਜ਼ਗੀ ਜ਼ਾਹਰ ਕੀਤੀ ਹੈ।ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਸਾਰੇ ਪੱਖਾਂ ਦੀ ਪੜਤਾਲ ਤੋਂ ਬਾਅਦ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

 

Share this News