ਤਰਨ ਤਾਰਨ ‘ਚ ਨੰਬਰਦਾਰਾਂ ਨੇ ਵਿਖਾਈ ਨੰਬਰਦਾਰੀ !ਆਪ ਉਮੀਦਵਾਰ ਸੰਧੂ ਦੀ ਕੋਠੀ ਅੱਗੇ ਰੋਸ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਦੀ ਖੋਲੀ ਪੋਲ

4877918
Total views : 5839872

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਹਲਕੇ ਦੇ ਲੋਕ  ਭਗਵੰਤ ਮਾਨ ਦੇ ਝੁਟਕਲਿਆਂ , ਝੂਠ ਤੇ ਗੁੰਮਰਾਹਕੁੰਨ ਪ੍ਰਚਾਰ ਤੋਂ ਬਚਣ 

ਤਰਨ ਤਾਰਨ/ਜਸਬੀਰ ਸਿੰਘ ਲੱਡੂ

ਭਗਵੰਤ ਮਾਨ ਸਰਕਾਰ ਵੱਲੋਂ ਪਿਛਲੇ ਸਾਢੇ ਤਿੰਨ ਸਾਲਾਂ ਦੇ ਵੱਧ ਸਮੇਂ ਤੋਂ ਨੰਬਰਦਾਰਾਂ ਨੂੰ ਲਾਰੇ ਤੇ ਲਾਰਾ ਲਾ ਕੇ ਗੁੰਮਰਾਹ ਕੀਤਾ ਗਿਆ ਅਤੇ ਕਈ ਮੰਤਰੀਆਂ ਨਾਲ ਮੀਟਿੰਗਾਂ ਵਿੱਚ ਮੰਗਾਂ ਲਾਗੂ ਕਰਨ ਦਾ ਭਰੋਸਾ ਦੇ ਕੇ ਵੀ ਗੁੰਮਰਾਹ ਹੀ ਕੀਤਾ ਗਿਆ। ਜਿਸ ਦਾ ਸਿੱਟਾ ਇਹ ਨਿਕਲਿਆ ਕਿ ਅੱਜ ਨੰਬਰਦਾਰਾਂ ਨੂੰ ਸੜਕਾਂ ਤੇ ਉਤਰ ਕੇ ਰੋਸ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਣਾ ਪਿਆ। ਪੰਜਾਬ ਨੰਬਰਦਾਰ ਯੂਨੀਅਨ ਰਜਿ ਵਲੋਂ ਹੁਣ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਝੂਠੇ ਲਾਰਿਆਂ ਤੋਂ ਬਾਹਰ ਨਿਕਲ ਕੇ ਜ਼ਿਮਨੀ ਚੋਣ ਹਲਕਾ ਤਰਨ ਤਾਰਨ ਦੇ ਸ਼ਹਿਰ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਰੋਸ ਮਾਰਚ ਕੱਢਿਆ ਗਿਆ ਅਤੇ ਆਪ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਘਰ ਅੱਗੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।

 ਮੁੱਖ ਮੰਤਰੀ ਨਾਲ ਮੀਟਿੰਗ ਨਾ ਹੋਈ ਤਾਂ 8 ਨੂੰ ਹਜ਼ਾਰਾਂ ਦਾ ਇਕੱਠ ਫਿਰ ਹੋਵੇਗਾ

ਇਸ ਤੋਂ ਪਹਿਲਾਂ ਬੰਦ ਪਈ ਬਾਈ ਪਾਸ ਸੜਕ ਉਪਰ ਸੈਂਕੜੇ ਨੰਬਰਦਾਰਾਂ ਦਾ ਇੱਕ ਵੱਡਾ ਇਕੱਠ ਹੋਇਆ। ਜਿਸ ਵਿਚ ਵੱਖ ਵੱਖ ਜ਼ਿਲ੍ਹਿਆਂ ਤੋਂ ਆਪਣੇ ਸਾਥੀਆਂ ਨਾਲ ਪਹੁੰਚੇ ਪੰਜਾਬ ਬਾਡੀ ਦੇ ਅਹੁਦੇਦਾਰਾਂ ਸੁਰਜੀਤ ਸਿੰਘ ਨਨਹੇੜਾ ਸੂਬਾ ਕਾਰਜਕਾਰੀ ਪ੍ਰਧਾਨ, ਗੁਰਦਰਸ਼ਨ ਸਿੰਘ ਗਲੌਲੀ ਸੂਬਾ ਚੀਫ ਪੈਟਰਨ, ਜਸਵੰਤ ਸਿੰਘ ਰੰਧਾਵਾ , ਹੁਸ਼ਿਆਰ ਸਿੰਘ ਝੰਡੇਰ, ਹਰਕਮਲ ਸਿੰਘ ਮੁੰਧ ਸਾਰੇ ਸੀਨੀਅਰ ਮੀਤ ਪ੍ਰਧਾਨ ਪੰਜਾਬ, ਰਸ਼ਪਾਲ ਸਿੰਘ ਰਾਮਪੁਰ ਸੂਬਾ ਸਕੱਤਰ ਜਨਰਲ, ਦਰਸ਼ਨ ਸਿੰਘ ਮਾਲਵਾ ਬਠਿੰਡਾ ਖਜਾਨਚੀ, ਹਰਪਾਲ ਸਿੰਘ ਪੰਨੂ ਮੀਤ ਪ੍ਰਧਾਨ ਪੰਜਾਬ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਨੰਬਰਦਾਰਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਦਿਆਂ ਹੀ ਨੰਬਰਦਾਰਾਂ ਦਾ ਮਾਣਭੱਤਾ ਵਧਾਇਆ ਜਾਵੇਗਾ ਅਤੇ ਨੰਬਰਦਾਰੀ ਜੱਦੀ ਪੁਸ਼ਤੀ ਕਰ ਦਿੱਤੀ ਜਾਵੇਗੀ। ਪਰ ਤਿੰਨ ਵਾਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਇੱਕ ਵਾਰ ਸਬ ਕਮੇਟੀ, ਹਰਦੀਪ ਸਿੰਘ ਮੁੰਡੀਆ ਮਾਲ ਮੰਤਰੀ, ਕੁਲਦੀਪ ਸਿੰਘ ਧਾਲੀਵਾਲ ਸਾਬਕਾ ਮੰਤਰੀ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਆਦਿ ਮੰਤਰੀਆਂ ਤੇ ਵਿਧਾਇਕਾਂ ਨਾਲ ਮੀਟਿੰਗਾਂ ਅਤੇ ਮੰਗ ਪੱਤਰ ਦੇਣ ਦੇ ਬਾਵਜੂਦ ਵੀ ਨੰਬਰਦਾਰਾਂ ਦੀ ਪੰਜਾਬ ਸਰਕਾਰ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਗਈ। ਸਗੋਂ ਨੰਬਰਦਾਰਾਂ ਨੇ ਹਰੇਕ ਜ਼ਿਮਨੀ ਚੋਣ, ਲੋਕ ਸਭਾ ਤੇ ਵਿਧਾਨ ਸਭਾ ਜਲੰਧਰ, ਲੁਧਿਆਣਾ, ਬਰਨਾਲਾ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਸਮਰਥਨ ਕੀਤਾ।ਪਰ ਸਰਕਾਰ ਨੇ ਫਿਰ ਵੀ ਨੰਬਰਦਾਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ।

ਜਿਸ ਕਾਰਨ ਨੰਬਰਦਾਰਾਂ ਵਿਚ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਖਿਲਾਫ ਪੂਰਾ ਰੋਸ ਉਬਾਲੇ ਮਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦਾ ਖਜ਼ਾਨਾ ਪੰਜਾਬ ਵਿੱਚ ਹੀ ਵਰਤਿਆ ਜਾਂਦਾ ਤਾਂ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਅਤੇ ਨੰਬਰਦਾਰਾਂ ਦੇ ਮਾਣ ਭੱਤੇ ਵਿੱਚ ਚੋਖਾ ਵਾਧਾ ਕਰ ਸਕਦੀ ਸੀ ਅਤੇ ਆਮ ਲੋਕਾਂ ਨੂੰ ਵਧੀਆ ਸਹੂਲਤਾਂ ਜਿੰਨਾ ਵਿੱਚ ਬੀਬੀ ਨੂੰ ਇੱਕ ਇੱਕ ਹਜ਼ਾਰ ਰੁਪਏ ਦਿੱਤੇ ਜਾ ਸਕਦੇ ਸਨ।ਪਰ ਪੰਜਾਬ ਦੇ ਲੋਕਾਂ ਦੀ ਬਦਨਸੀਬੀ ਸੀ ਕਿ ਜਿੰਨਾ ਨੇ ਆਮ ਆਦਮੀ ਪਾਰਟੀ ਤੇ ਭਰੋਸਾ ਕਰਕੇ ਸਰਕਾਰ ਬਣਾ ਦਿੱਤੀ ਅਤੇ ਹੁਣ ਹਰੇਕ ਵਰਗ ਪਛਤਾਵੇ ਵਿਚ ਹੈ। ਇਸ ਮੌਕੇ ਉਨ੍ਹਾਂ ਤਰਨ ਤਾਰਨ ਵਾਸੀਆਂ ਨੂੰ ਅਪੀਲ ਕੀਤੀ ਕਿ ਹੁਣ ਵੀ ਮੌਕਾ ਹੈ ਤੁਸੀਂ ਭਗਵੰਤ ਮਾਨ ਦੇ ਝੁਟਕਲਿਆਂ, ਝੂਠ ਅਤੇ ਗੁੰਮਰਾਹਕੁੰਨ ਪ੍ਰਚਾਰ ਵਿਚ ਆਣ ਕੇ ਕਿਤੇ ਫਿਰ ਟੋਪੀ ਵਾਲਿਆਂ ਦੇ ਚੁਗ਼ਲ ਵਿਚ ਨਾ ਫਸ ਜਾਇਓ। ਇਸ ਮੌਕੇ ਆਗੂਆਂ ਨੇ ਕਿਹਾ ਕਿ ਹੁਣ ਜਿੰਨਾ ਚਿਰ ਭਗਵੰਤ ਮਾਨ ਸਰਕਾਰ ਨੰਬਰਦਾਰ ਨਾਲ ਕੀਤਾ ਵਾਅਦਾ ਪੂਰਾ ਨਹੀਂ ਕਰਦੀ ਨੰਬਰਦਾਰ ਚੁੱਪ ਕਰਕੇ ਨਹੀਂ ਬੈਠਣਗੇ ਅਤੇ ਹਰੇਕ ਚੋਣ ਵਿਚ ਆਮ ਆਦਮੀ ਪਾਰਟੀ ਦਾ ਡੱਟਕੇ ਵਿਰੋਧ ਕਰਨਗੇ ਅਤੇ 2027 ਵਿਚ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਨਾਲ ਇੱਕ ਹਫ਼ਤੇ ਦੇ ਅੰਦਰ ਅੰਦਰ ਮੀਟਿੰਗ ਨਾ ਕਰਵਾਈ ਗਈ ਤਾਂ 8 ਨਵੰਬਰ ਨੂੰ 34 ਹਜ਼ਾਰ ਨੰਬਰਦਾਰ ਆਪਣੇ ਪ੍ਰੀਵਾਰਾਂ ਅਤੇ ਚਹੇਤਿਆਂ ਨਾਲ ਹਜ਼ਾਰਾਂ ਦਾ ਇਕੱਠ ਕਰਕੇ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਣਗੇ।ਇਸ ਮੌਕੇ ਨੰਬਰਦਾਰਾਂ ਨੇ ਮੰਗ ਕੀਤੀ ਕਿ ਪੰਜ ਹਜ਼ਾਰ ਰੁਪਏ ਮਾਣਭੱਤਾ ਅਤੇ ਨੰਬਰਦਾਰੀ ਜੱਦੀ ਪੁਸ਼ਤੀ ਕੀਤੀ ਜਾਵੇ ਅਤੇ ਟੋਲ ਪਲਾਜੇ ਮਾਫ ਕੀਤੇ ਜਾਣ।ਇਸ ਮੌਕੇ ਵਰਿੰਦਰ ਚੌਧਰੀ ਜ਼ਿਲਾ ਪ੍ਰਧਾਨ ਰੋਪੜ,ਹਰਭਜਨ ਸਿੰਘ ਬੋਦੇਵਾਲ ਜ਼ਿਲਾ ਪ੍ਰਧਾਨ ਤਰਨ ਤਾਰਨ, ਆਦਿ ਨੇ ਵੀ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਵੱਲੋਂ ਲਾਏ ਝੂਠੇ ਲਾਰਿਆਂ ਦੀ ਪੋਲ ਖੋਲੀ ਗਈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News