





Total views : 5602000








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਹਿਮਾਚਲ ਪ੍ਰਦੇਸ਼ ਦੇ ਪਾਉਂਟਾ ਸਾਹਿਬ ਤੇ ਉਤਰਾਖੰਡ ਦੇ ਰਿਸ਼ੀਕੇਸ਼ ਅਤੇ ਹਰਿਦੁਆਰ ਤੋਂ ਬਾਅਦ ਐੱਨਸੀਬੀ ਦੀ ਅੰਮ੍ਰਿਤਸਰ ’ਚ ਇੱਕ ਡਰੱਗ ਡੀਲਿੰਗ ਕੰਪਨੀ ਵਿਰੁੱਧ ਵੱਡੀ ਕਾਰਵਾਈ
ਅੰਮ੍ਰਿਤਸਰ/ਮਿੱਕੀ ਗੁਮਟਾਲਾ
ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਇਕ ਪਾਬੰਦੀਸ਼ੁਦਾ ਦਵਾਈਆਂ ਬਣਾਉਣ ਵਾਲੀ ਕੰਪਨੀ ਤੇ ਛਾਪਾ ਮਾਰ ਕੇ ਕਾਰੋਬਾਰੀ ਅਮਿਤ ਭੰਡਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸਲਾਮਾਬਾਦ ਥਾਣੇ ਅਧੀਨ ਪੈਂਦੀ ਜਵਾਲਾ ਅਸਟੇਟ ’ਚ ਸਥਿਤ ਬਲਾਸਟਿਕ ਫਾਰਮਾ ’ਤੇ ਪਿਛਲੇ ਛੇ ਦਿਨ ਤੋਂ ਚੱਲ ਰਹੀ ਛਾਪੇਮਾਰੀ ਦੌਰਾਨ ਐੱਨਸੀਬੀ ਨੇ ਦੋ ਔਰਤਾਂ ਤੇ ਪੰਜ ਲੋਕਾਂ ਵਿਰੁੱਧ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਅਮਿਤ ਭੰਡਾਰੀ ਨੂੰ ਦੇਰ ਸ਼ਾਮ ਅਦਾਲਤ ’ਚ ਪੇਸ਼ ਕੀਤਾ ਗਿਆ।
ਐੱਨਸੀਬੀ ਅਧਿਕਾਰੀਆਂ ਨੇ ਮੁਲਜ਼ਮਾਂ ਦੀ ਪਛਾਣ ਬਲਾਸਟਿਕ ਕੰਪਨੀ ਦੇ ਮਾਲਕ ਦੀਪਕ ਭੰਡਾਰੀ, ਅਮਿਤ ਭੰਡਾਰੀ, ਇਸੇ ਕੰਪਨੀ ਦੀਆਂ ਦੋ ਮਹਿਲਾ ਹਿੱਸੇਦਾਰ, ਕਾਰਪੋਰੇਟ ਹਸਪਤਾਲ ਦੇ ਮਾਲਕ ਜਤਿੰਦਰ ਮਲਹੋਤਰਾ, ਫਤਿਹਗੜ੍ਹ ਚੂੜੀਆਂ ਰੋਡ ’ਤੇ ਲਾਈਫ ਕੇਅਰ ਹਸਪਤਾਲ ਦੇ ਮਾਲਕ ਰਮੇਸ਼ ਕੁਮਾਰ ਤੇ ਪ੍ਰਵੀਨ ਕੁਮਾਰ ਵਜੋਂ ਕੀਤੀ ਹੈ, ਜਿਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਅਧਿਕਾਰੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਸੂਚਨਾ ਮਿਲੀ ਸੀ ਕਿ ਬਲਾਸਟਿਕ ਕੰਪਨੀ ਦੇ ਮਾਲਕ ਅਮਿਤ ਭੰਡਾਰੀ ਤੇ ਉਸ ਦਾ ਭਰਾ ਦੀਪਕ ਭੰਡਾਰੀ ਪਾਬੰਦੀਸ਼ੁਦਾ ਦਵਾਈਆਂ ਦੇ ਕਾਰੋਬਾਰ ’ਚ ਸ਼ਾਮਲ ਹਨ। ਇਸੇ ਆਧਾਰ ਤੇ ਛੇ ਦਿਨ ਪਹਿਲਾਂ ਐੱਨਸੀਬੀ ਟੀਮ ਨੇ ਬਲਾਸਟਿਕ ਕੰਪਨੀ ਤੇ ਛਾਪਾ ਮਾਰਿਆ ਸੀ।
ਇਸ ਦੌਰਾਨ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਗਈ ਤੇ ਪਾਬੰਦੀਸ਼ੁਦਾ ਦਵਾਈਆਂ ਦੀ ਸਪਲਾਈ ਦਾ ਪੂਰਾ ਰਿਕਾਰਡ ਵੀ ਮੰਗਿਆ ਗਿਆ। ਇਸ ਦੌਰਾਨ ਇਹ ਪਾਇਆ ਗਿਆ ਹੈ ਕਿ ਮੰਗ ਆਰਡਰ ਤੇ ਸਪਲਾਈ ਕੀਤੀਆਂ ਗਈਆਂ ਦਵਾਈਆਂ ਦੇ ਰਿਕਾਰਡ ’ਚ ਬਹੁਤ ਵੱਡਾ ਫਰਕ ਹੈ। ਕਾਰਵਾਈ ਪੂਰੀ ਕਰਨ ਤੋਂ ਬਾਅਦ ਐੱਨਸੀਬੀ ਨੇ ਸ਼ੁੱਕਰਵਾਰ ਸਵੇਰੇ ਅਮਿਤ ਭੰਡਾਰੀ ਨੂੰ ਗ੍ਰਿਫ਼ਤਾਰ ਕਰ ਲਿਆ। ਜਦਕਿ ਬਾਕੀ ਸਾਰੇ ਛੇ ਮੁਲਜ਼ਮ ਫ਼ਰਾਰ ਹਨ। ਫ਼ਰਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਐੱਨਸੀਬੀ ਛਾਪੇਮਾਰੀ ਕਰ ਰਹੀ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮਾਂ ਨੇ ਲਾਈਫ਼ ਕੇਅਰ ਹਸਪਤਾਲ ਤੇ ਕਾਰਪੋਰੇਟ ਹਸਪਤਾਲ ਨੂੰ ਬਿਨਾਂ ਆਰਡਰ ਦੇ ਦਵਾਈਆਂ ਸਪਲਾਈ ਕੀਤੀਆਂ ਹਨ।
ਲਾਈਫ਼ ਕੇਅਰ ਤੇ ਕਾਰਪੋਰੇਟ ਹਸਪਤਾਲ ’ਤੇ ਕੱਸਿਆ ਸ਼ਿਕੰਜਾ-ਐੱਨਸੀਬੀ ਅਧਿਕਾਰੀ ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਕਾਰਪੋਰੇਟ ਹਸਪਤਾਲ ਦੇ ਮਾਲਕ ਜਤਿੰਦਰ ਮਲਹੋਤਰਾ ਨੂੰ ਪਾਬੰਦੀਸ਼ੁਦਾ ਦਵਾਈ ਦੀਆਂ ਦੋ ਹਜ਼ਾਰ ਖੁਰਾਕਾਂ ਸਪਲਾਈ ਕੀਤੀਆਂ ਸਨ। ਜਦਕਿ ਇਸ ਹਸਪਤਾਲ ਕੋਲ ਇਸ ਨਾਮ ਵਾਲੀ ਕੰਪਨੀ ਰੱਖਣ ਦਾ ਕੋਈ ਲਾਇਸੈਂਸ ਵੀ ਨਹੀਂ ਹੈ। ਦੂਜੇ ਪਾਸੇ ਲਾਈਫ ਕੇਅਰ ਹਸਪਤਾਲ ਦੇ ਮਾਲਕ ਰਾਕੇਸ਼ ਕੁਮਾਰ ਤੇ ਪ੍ਰਵੀਨ ਕੁਮਾਰ ਨੂੰ ਦੋ ਹਜ਼ਾਰ ਖੁਰਾਕਾਂ ਦੀ ਸਪਲਾਈ ਕੀਤੀ ਗਈ ਹੈ। ਇਸ ਹਸਪਤਾਲ ਕੋਲ ਪੰਜ ਸੌ ਖੁਰਾਕਾਂ ਸਟੋਰ ਕਰਨ ਦਾ ਲਾਇਸੈਂਸ ਹੈ। ਐੱਨਸੀਬੀ ਨੇ ਉਪਰੋਕਤ ਦੋਵੇਂ ਹਸਪਤਾਲਾਂ ਦਾ ਰਿਕਾਰਡ ਜ਼ਬਤ ਕਰ ਲਿਆ ਹੈ। ਬਲਾਸਟਿਕ ਫਾਰਮਾ ਦਾ ਰਿਕਾਰਡ ਹਿਰਾਸਤ ’ਚ ਲਿਆ ਐੱਨਸੀਬੀ ਨੇ ਕਿਹਾ ਕਿ ਉਸ ਨੇ ਬਲਾਸਟਿਕ ਫਾਰਮਾ ਕੰਪਨੀ ਦਾ ਰਿਕਾਰਡ ਜ਼ਬਤ ਕਰ ਲਿਆ ਹੈ। ਖਾਸ ਕਰ ਕੇ ਸਾਲ 2017 ਤੋਂ ਮਾਰਚ 2025 ਤੱਕ ਦੇ ਰਿਕਾਰਡਾਂ ’ਚ ਕਈ ਖਾਮੀਆਂ ਪਾਈਆਂ ਗਈਆਂ ਹਨ।
ਜਿਨ੍ਹਾਂ ਤੇ ਐੱਨਸੀਬੀ ਜਾਂਚ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਕੇਂਦਰੀ ਏਜੰਸੀ ਨੂੰ ਸ਼ਹਿਰ ਦੇ ਕਈ ਵੱਡੇ ਹਸਪਤਾਲਾਂ, ਡਾਕਟਰਾਂ ਅਤੇ ਨੇਤਾਵਾਂ ਦੇ ਨਾਮ ਵੀ ਮਿਲੇ ਹਨ। ਹਿਮਾਚਲ ਤੇ ਉਤਰਾਖੰਡ ਤੋਂ ਬਾਅਦ ਅੰਮ੍ਰਿਤਸਰ ’ਚ ਵੱਡੀ ਕਾਰਵਾਈ ਦੱਸ ਦੇਈਏ ਕਿ ਇਸ ਸਾਲ ਹਿਮਾਚਲ ਪ੍ਰਦੇਸ਼ ਦੇ ਪਾਉਂਟਾ ਸਾਹਿਬ ਤੇ ਉਤਰਾਖੰਡ ਦੇ ਰਿਸ਼ੀਕੇਸ਼ ਅਤੇ ਹਰਿਦੁਆਰ ਤੋਂ ਬਾਅਦ ਐੱਨਸੀਬੀ ਨੇ ਅੰਮ੍ਰਿਤਸਰ ’ਚ ਇੱਕ ਡਰੱਗ ਡੀਲਿੰਗ ਕੰਪਨੀ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। ਇਸ ਤੋਂ ਪਹਿਲਾਂ ਐੱਨਸੀਬੀ ਨੇ 1.19 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਸਨ। ਇੰਨਾ ਹੀ ਨਹੀਂ ਕਰੋੜਾਂ ਰੁਪਏ ਦਾ ਕੋਡੀਨ ਸਿਰਪ ਵੀ ਬਰਾਮਦ ਕੀਤਾ ਜਾ ਚੁੱਕਾ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-