ਆਰ.ਟੀ.ਏ. ਦਫਤਰ ਦੀ ਵਿਜੀਲੈਂਸ ਵੱਲੋਂ ਚੈਕਿੰਗ !ਅਣਫਿੱਟ ਜੀਪਾਂ ਨੂੰ ਜਾਅਲੀ ਦਸਤਾਵੇਜ਼ਾਂ ਰਾਹੀਂ ਰਜਿਸਟਰਡ ਕਰਕੇ ਮਹਿੰਗੇ ਰੇਟ ‘ਤੇ ਵੇਚਣ ਵਾਲੇ ਤਿੰਨ ਮੁਲਜ਼ਮਾਂ ਖਿਲਾਫ਼ ਮੁਕੱਦਮਾ ਦਰਜ

4720721
Total views : 5582343

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ

ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਜ਼ੀਰੋ ਟਾਲਰੈਂਸ ਨੀਤੀ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਦੀ ਬਠਿੰਡਾ ਰੇਂਜ਼ ਵੱਲੋਂ ਆਰ.ਟੀ.ਏ. ਦਫਤਰ ਬਠਿੰਡਾ  ਦੀ ਅਚਨਚੇਤ ਚੈਕਿੰਗ ਦੌਰਾਨ ਅਣਫਿੱਟ ਗੱਡੀਆਂ ਨੂੰ ਜਾਅਲੀ ਦਸਤਾਵੇਜ਼ਾਂ ਦੇ ਅਧਾਰ ਉਤੇ ਰਜਿਸਟਰਡ ਕਰਕੇ ਆਮ ਲੋਕਾਂ ਨੂੰ ਮਹਿੰਗੇ ਭਾਅ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਲਈ ਮੁਲਜ਼ਮ ਨਵੀਨ ਕੁਮਾਰ, ਵਾਸੀ ਐਨ.ਐਫ ਐਲ. ਕਾਲੋਨੀ ਬਠਿੰਡਾ ਅਤੇ ਇੰਦਰਜੀਤ ਸਿੰਘ, ਵਾਸੀ ਧੋਬੀਆਣਾ ਰੋਡ, ਬਠਿੰਡਾ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਮੁਕੱਦਮੇ ਵਿੱਚ ਕਬਾੜ ਗੱਡੀਆਂ ਨੂੰ ਮੋਡੀਫਾਈ ਕਰਨ ਵਾਲਾ ਨਾਗਪਾਲ ਬਾਡੀ ਮੇਕਰ ਫਰਮ ਦੇ ਮਾਲਕ ਨਰੇਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਬਾਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਟੀਮਾਂ ਗਠਿਤ ਕਰਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

ਕਬਾੜ ਗੱਡੀਆਂ ਨੂੰ ਮੋਡੀਫਾਈ ਕਰਨ ਵਾਲਾ ਬਾਡੀ ਮੇਕਰ ਗ੍ਰਿਫ਼ਤਾਰ ; ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ


ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ  ਉਕਤ ਦਫਤਰ ਦੀ ਚੈਕਿੰਗ ਦੌਰਾਨ ਪਤਾ ਲੱਗਿਆ ਕਿ ਉਕਤ ਮੁਲਜ਼ਮਾਂ ਨੇ ਪਿਛਲੇ ਦਿਨੀ 1993 ਤੇ 1996 ਮਾਡਲ ਦੀਆਂ ਮਹਿੰਦਰਾ ਐਡ ਮਹਿੰਦਰਾ ਕੰਪਨੀ ਦੀਆਂ 5 ਕੰਡਮ ਜੀਪਾਂ/ ਗੱਡੀਆਂ ਦੇ ਗੁਜਰਾਤ ਰਾਜ ਵਿੱਚੋਂ ਐਨ.ਓ.ਸੀ. ਜਾਰੀ ਕਰਵਾਏ ਗਏ ਸਨ ਜਦਕਿ ਇਹ ਗੱਡੀਆਂ ਬਠਿੰਡਾ ਵਿਖੇ ਪਹੁੰਚੀਆਂ ਹੀ ਨਹੀਂ ਹਨ। ਉਕਤ ਵਿਅਕਤੀਆਂ ਨੇ ਕਬਾੜ ਵਿੱਚੋਂ 5 ਗੱਡੀਆਂ ਖਰੀਦ ਕੇ ਉਨ੍ਹਾਂ ਉਪਰ ਆਰ.ਟੀ.ਏ. ਦਫਤਰ ਬਠਿੰਡਾ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਮਿਲੀਭੁਗਤ ਕਰਕੇ ਇਨ੍ਹਾਂ ਕੰਡਮ ਗੱਡੀਆਂ ਦੀਆਂ ਗੁਜਰਾਤ ਵਿੱਚੋਂ ਐਨ.ਓ.ਸੀ. ਬਣਵਾਈਆਂ ਅਤੇ ਇਨ੍ਹਾਂ ਦੇ ਅਧਾਰ ਉੱਤੇ ਰਾਜੇਸ਼ ਟੁਟੇਜਾ ਨਾਮੀ ਵਿਅਕਤੀ ਨਾਲ ਕਿਰਾਇਆ-ਨਾਮਾ ਲਿਖਕੇ ਉਸਦਾ ਐਡਰੈਸ ਉਸਦੀ ਮਰਜੀ ਤੋਂ ਬਿਨਾਂ ਵਰਤਿਆ।

25 ਲੱਖ ਰੁਪਏ ਕੀਮਤ ਦੀਆਂ 5 ਜੀਪਾਂ ਬਰਾਮਦ

ਇਸ ਉਪਰੰਤ ਉਕਤ ਵਿਅਕਤੀਆਂ ਨੇ ਕਬਾੜ ਵਾਲੀਆਂ ਗੱਡੀਆਂ ਨੂੰ ਨਾਗਪਾਲ ਬਾਡੀ ਮੇਕਰ, ਸਿਰਸਾ ਰੋਡ, ਡੱਬਵਾਲੀ ਤੋਂ ਮੋਡੀਫਾਈ ਕਰਵਾਇਆ ਅਤੇ ਜਾਅਲੀ ਦਸਤਾਵੇਜ਼ਾਂ ਦੇ ਅਧਾਰ ਉਪਰ ਆਰ.ਟੀ.ਏ. ਦਫਤਰ ਬਠਿੰਡਾ ਵਿਖੇ ਰਜਿਸਟਰਡ ਕਰਵਾਕੇ ਭੋਲੇ-ਭਾਲੇ ਲੋਕਾਂ ਨੂੰ ਵੱਡੀ ਕੀਮਤ ਉੱਪਰ ਵੇਚਕੇ ਠੱਗੀ ਮਾਰੀ ਹੈ। ਵਿਜੀਲੈਂਸ ਬਿਊਰੋ ਬਠਿੰਡਾ ਰੇਂਜ ਵੱਲੋਂ ਨਾਗਪਾਲ ਬਾਡੀ ਮੇਕਰ, ਡੱਬਵਾਲੀ, ਹਰਿਆਣਾ ਵਿਖੇ ਰੇਡ ਕਰਕੇ ਮੋਡੀਫਾਈ ਕੀਤੀਆਂ 5 ਜੀਪਾਂ ਨੂੰ ਬਰਾਮਦ ਕੀਤਾ ਗਿਆ ਹੈ ਜਿੰਨਾਂ ਦੀ ਕੀਮਤ ਕਰੀਬ 25 ਲੱਖ ਬਣਦੀ ਹੈ।
ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਬਠਿੰਡਾ ਰੇਂਜ ਵੱਲੋਂ ਉਕਤ ਨਵੀਨ ਕੁਮਾਰ ਅਤੇ ਇੰਦਰਜੀਤ ਸਿੰਘ ਖਿਲਾਫ ਮੁਕੱਦਮਾ ਨੰਬਰ 11 ਮਿਤੀ 07/04/2025 ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7-ਏ, 13(1)ਏ ਸਮੇਤ 13(2) ਅਤੇ ਬੀ.ਐਨ.ਐਸ. ਦੀ ਧਾਰਾ 318(4), 336(2), 338, 336(4), 340(2), 61 ਤਹਿਤ ਦਰਜ ਕੀਤਾ ਗਿਆ ਹੈ। ਉਪਰੰਤ ਨਾਗਪਾਲ ਬਾਡੀ ਮੇਕਰ ਫਰਮ ਦੇ ਮਾਲਕ ਨਰੇਸ਼ ਕੁਮਾਰ ਨੂੰ ਵੀ ਇਸ ਮੁਕੱਦਮੇ ਵਿੱਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉੱਨਾਂ ਦੱਸਿਆ ਕਿ ਮੁਕੱਦਮੇ ਦੀ ਤਫਤੀਸ਼ ਦੌਰਾਨ ਆਰ.ਟੀ.ਏ. ਦਫਤਰ ਬਠਿੰਡਾ ਦੇ ਅਧਿਕਾਰੀਆਂ/ਕਰਮਚਾਰੀਆਂ ਅਤੇ ਪ੍ਰਾਈਵੇਟ ਵਿਅਕਤੀਆਂ ਦੀ ਸ਼ਮੂਲੀਅਤ ਸਾਹਮਣੇ ਆਉਣ ਤੇ ਉਨ੍ਹਾਂ ਨੂੰ ਵੀ ਨਾਮਜਦ ਕੀਤਾ ਜਾਵੇਗਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News