





Total views : 5568698








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਬਠਿੰਡਾ/ਬੀ.ਐਨ.ਈ ਬਿਊਰੋ
ਮਹਿਲਾ ਕਾਂਸਟੇਬਲ ਤੋਂ ਨਸ਼ਾ ਮਿਲਣ ਦੇ ਮਾਮਲੇ ਵਿੱਚ ਪੁਲਿਸ ਅਧਿਕਾਰੀਆਂ ਨੇ ਸਖ਼ਤ ਕਾਰਵਾਈ ਕੀਤੀ ਹੈ। ਆਈਜੀ ਸੁਖਚੈਨ ਸਿੰਘ ਗਿੱਲ ਨੇ ਜਾਣਕਾਰੀ ਦਿੱਤੀ ਹੈ ਕਿ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਨੌਕਰੀ ਵਿੱਚੋਂ ਬਰਖ਼ਾਸਤ ਕੀਤਾ ਹੈ। ਉਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਹੁਣ ਅਮਨਦੀਪ ਕੌਰ ਦੀ ਜਾਇਦਾਦ ਦੀ ਜਾਂਚ ਹੋਵੇਗੀ। ਦੱਸ ਦੇਈਏ ਕਿ ਮਹਿਲਾ ਦੀ ਥਾਰ ਵਿਚੋਂ ਨਸ਼ਾ ਫੜਿਆ ਸੀ।
ਦੱਸ ਦੇਈਏ ਕਿ ਐਂਟੀ ਨਾਰਕੋਟਿਕ ਟਾਸਕ ਫੋਰਸ (ANTF) ਨੇ ਮਾਨਸਾ ਪੁਲਿਸ ਲਾਈਨ ‘ਚ ਤਾਇਨਾਤ ਇਕ ਮਹਿਲਾ ਪੁਲਿਸ ਕਾਂਸਟੇਬਲ ਨੂੰ 17.71 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਮਹਿਲਾ ਕਾਂਸਟੇਬਲ ਦੀ ਪਹਿਚਾਣ ਅਮਨਦੀਪ ਕੌਰ, ਨਿਵਾਸੀ ਪਿੰਡ ਚੱਕ ਫਤਿਹ ਸਿੰਘ ਵਾਲਾ, ਜ਼ਿਲ੍ਹਾ ਬਠਿੰਡਾ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮ ਅਮਨਦੀਪ ਕੌਰ ਖ਼ਿਲਾਫ਼ ਥਾਣਾ ਕੇਨਾਲ ‘ਚ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਉਕਤ ਮਹਿਲਾ ਕਾਂਸਟੇਬਲ ਇੰਟਰਾਗ੍ਰਾਮ ‘ਤੇ ਵੀ ਬਹੁਤ ਮਸ਼ਹੂਰ ਹੈ, ਉਸ ਦੀਆਂ ਨਿੱਤ ਨਵੀਆਂ-ਨਵੀਆਂ ਰੀਲਾਂ ਇੰਸਟਾਗ੍ਰਾਮ ਉੱਤੇ ਦੇਖਣ ਨੂੰ ਮਿਲਦੀਆਂ ਹਨ। ਉਸ ਨੇ ਕਈ ਵਾਰ ਪੁਲਿਸ ਦੀ ਵਰਦੀ ਵਿਚ ਅਤੇ ਥਾਰ ਨਾਲ ਕਈ ਰੀਲਾਂ ਇੰਸਟਾਗ੍ਰਾਮ ਉੱਤੇ ਅਪਲੋਡ ਕੀਤੀਆਂ ਹਨ।
ਟੀਮ ਪਿਛਲੇ ਕਈ ਸਮੇਂ ਤੋਂ ਅਮਨਦੀਪ ਕੌਰ ‘ਤੇ ਨਜ਼ਰ ਰੱਖ ਰਹੀ ਸੀ। ਬੁੱਧਵਾਰ ਨੂੰ ਜਦੋਂ ਉਹ ਡਿਊਟੀ ਤੋਂ ਬਾਅਦ ਆਪਣੀ ਥਾਰ ਗੱਡੀ ‘ਚ ਬਾਹਰ ਨਿਕਲੀ ਤਾਂ ਐਂਟੀ ਨਾਰਕੋਟਿਕ ਟਾਸਕ ਫੋਰਸ ਦੀ ਟੀਮ ਨੇ ਉਸ ਦਾ ਪਿੱਛਾ ਕੀਤਾ। ਲਾਡਲੀ ਬੇਟੀ ਚੌਕ ‘ਤੇ ਉਸ ਦੀ ਗੱਡੀ ਰੋਕੀ ਗਈ, ਜਿੱਥੇ ਜਾਂਚ ਕਰਨ ‘ਤੇ 17.71 ਗ੍ਰਾਮ ਹੈਰੋਇਨ ਬਰਾਮਦ ਹੋਈ।
ਪੁਲਿਸ ਨੂੰ ਪਿੱਛਾ ਕਰਦਿਆਂ ਦੇਖ ਕੇ ਅਮਨ ਨੇ ਗੱਡੀ ਰੋਕ ਲਈ ਤੇ ਉੱਥੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰ ਮੌਕੇ ਉੱਤੇ ਮੌਜੂਦ ਮਹਿਲਾ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਕਾਬੂ ਕਰ ਲਿਆ। ਮੁਲਜ਼ਮ ਨੇ ਮੌਕੇ ਉੱਤੇ ਕਿਸੇ ਰਸੂਖਦਾਰ ਤੋਂ ਮਦਦ ਲੈਣ ਲਈ ਕੋਸ਼ਿਸ਼ ਵੀ ਕੀਤੀ ਪਰ ਪੁਲਿਸ ਨੇ ਉਸ ਦਾ ਮੋਬਾਇਲ ਜ਼ਬਤ ਕਰ ਲਿਆ।
ਜਾਂਚ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਅਮਨਦੀਪ ਕੌਰ ਦੀ ਉੱਚੇ ਅਹੁਦਿਆਂ ’ਤੇ ਬੈਠੇ ਪੁਲਿਸ ਅਧਿਕਾਰੀਆਂ ਅਤੇ ਸਿਆਸੀ ਆਗੂਆਂ ਤਕ ਪਹੁੰਚ ਸੀ। ਪਹਿਲਾਂ ਵੀ ਉਸ ‘ਤੇ ਇਕ ਕੇਸ ਦਰਜ ਹੋਣ ਤੋਂ ਬਾਅਦ ਉਸ ਨੂੰ ਬਠਿੰਡਾ ਤੋਂ ਮਾਨਸਾ ਤਬਦੀਲ ਕਰ ਦਿੱਤਾ ਗਿਆ ਸੀ ਪਰ ਕੁਝ ਸਮੇਂ ਬਾਅਦ ਉਹ ਵੱਡੇ ਲੋਕਾਂ ਦੀ ਸਿਫ਼ਾਰਸ਼ ਨਾਲ ਮੁੜ ਬਠਿੰਡਾ ਪੁਲਿਸ ਲਾਈਨ ‘ਚ ਟੈਂਪਰੇਰੀ ਅਟੈਚਮੈਂਟ ‘ਤੇ ਤਾਇਨਾਤ ਹੋ ਗਈ। ਪੁਲਿਸ ਨੇ ਦੋਸ਼ੀ ਮਹਿਲਾ ਪੁਲਿਸ ਕਰਮਚਾਰੀ ਖ਼ਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਕਿਸ ਵੱਡੇ ਨੈਟਵਰਕ ਨਾਲ ਜੁੜੀ ਹੋਈ ਸੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸੇਅਰ ਕਰੋ-