Total views : 5506355
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਕਪੂਰਥਲਾ/ਬਾਰਡਰ ਨਿਊਜ ਸਰਵਿਸ
ਐੱਸਐੱਸਪੀ ਕਪੂਰਥਲਾ ਗੌਰਵ ਤੂਰਾ ਨੇ ਦੱਸਿਆ ਕਿ ਕਤਲ ਦੀ ਸਾਜ਼ਿਸ਼ ਮ੍ਰਿਤਕ ਦੇ ਲੜਕੇ ਨੇ ਰਚੀ ਸੀ ਅਤੇ ਉਸ ਨੇ ਆਪਣੇ ਤਿੰਨ ਦੋਸਤਾਂ ਨੂੰ 4 ਲੱਖ ਰੁਪਏ ਦੇਣ ਦਾ ਵਾਅਦਾ ਕਰਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਨੂੰ ਸ਼ੱਕ ਸੀ ਕਿ ਉਸ ਦਾ ਪਿਤਾ ਉਸ ਨੂੰ ਆਪਣੀ ਜਾਇਦਾਦ ਤੋਂ ਬੇਦਖਲ ਕਰ ਦੇਵੇਗਾ। ਇਸੇ ਲਈ ਉਸ ਨੇ ਆਪਣੇ ਦੋਸਤਾਂ ਕੋਲੋ ਆਪਣੇ ਪਿਤਾ ਦਾ ਕਤਲ ਕਰਵਾ ਦਿੱਤਾ। ਪੁਲਿਸ ਨੂੰ ਗੁਮਰਾਹ ਕਰਨ ਲਈ ਬੇਟੇ ਨੇ ਬਿਆਨ ਦੇ ਕੇ ਅਣਪਛਾਤੇ ਹਮਲਾਵਰਾਂ ਖਿਲਾਫ ਮਾਮਲਾ ਦਰਜ ਕਰਵਾਇਆ।
ਪੁੱਤ ਨੇ ਆਪਣੇ ਸਾਥੀਆਂ ਨੂੰ ਦਿੱਤਾ ਸੀ 4 ਲੱਖ ਰੁਪਏ ਦਾ ਲਾਲਚ- ਗੌਰਵ ਤੂਰਾ ਐਸਐਸਪੀ ਕਪੂਰਥਲਾ ਨੇ ਪੁਲਿਸ ਲਾਈਨ ਵਿਖੇ ਦਿੱਤੀ ਜਾਣਕਾਰੀ
ਐੱਸਐੱਸਪੀ ਗੌਰਵ ਤੂਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 1 ਦਸੰਬਰ ਦੀ ਰਾਤ ਕਰੀਬ 9.30 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਆਰਸੀਐਫ ਨੇੜੇ ਅਮਰੀਕ ਨਗਰ ਵਿੱਚ ਇੱਕ ਵਿਅਕਤੀ ’ਤੇ ਕਾਤਲਾਨਾ ਹਮਲਾ ਕੀਤਾ ਗਿਆ ਹੈ। ਜਦੋਂ ਉਸ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਕਪੂਰਥਲਾ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।ਇਸ ਘਟਨਾ ਸਬੰਧੀ ਮੁੱਢਲੀ ਜਾਂਚ ਸ਼ੁਰੂ ਕਰਦੇ ਹੋਏ ਮ੍ਰਿਤਕ ਸੂਰਜ ਕੁਮਾਰ ਪੁੱਤਰ ਦੇਵੀ ਚੰਦ ਵਾਸੀ ਅਮਰੀਕ ਨਗਰ 45 ਸਾਲਾ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਮੁਰਦਾਘਰ ’ਚ ਰਖਵਾਇਆ ਗਿਆ ਹੈ। ਮ੍ਰਿਤਕ ਸੂਰਜ ਕੁਮਾਰ ਦੇ ਪੁੱਤਰ ਕਰਨ ਕੁਮਾਰ ਦੇ ਬਿਆਨਾਂ ’ਤੇ ਅਣਪਛਾਤੇ ਹਮਲਾਵਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। ਕਰਨ ਨੇ ਆਪਣੇ ਬਿਆਨ ਨਾਲ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ।
ਐੱਸਐੱਸਪੀ ਗੌਰਵ ਤੂਰਾ ਨੇ ਇਹ ਵੀ ਦੱਸਿਆ ਕਿ ਮਾਮਲਾ ਦਰਜ ਕਰਨ ਉਪਰੰਤ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਦਿਆਂ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਦੇ ਲੜਕੇ ਕਰਨ ਕੁਮਾਰ ਨੇ ਆਪਣੇ ਤਿੰਨ ਦੋਸਤਾਂ ਤਰਸੇਮ ਲਾਲ ਉਰਫ਼ ਬਿੱਲਾ ਵਾਸੀ ਪਿੰਡ ਸਰਦੂਲਾ ਪੁਰ, ਹਰਜਿੰਦਰ ਸਿੰਘ ਉਰਫ਼ ਜਿੰਦਰ ਪੁੱਤਰ ਮੁਲਖ ਰਾਜ ਵਾਸੀ ਪਿੰਡ ਬੂਸੇਵਾਲ ਅਤੇ ਮੰਗਤਰਾਮ ਉਰਫ਼ ਗੋਲੀ ਪੁੱਤਰ ਸੁਖਦੇਵ ਸਿੰਘ ਵਾਸੀ ਮੁਹੱਲਾ ਉੱਚਾ ਧੋੜਾ ਨੂੰ ਆਪਣੇ ਪਿਤਾ ਸੂਰਜ ਕੁਮਾਰ ’ਤੇ ਹਮਲਾ ਕਰਨ ਲਈ 4 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ।
ਐੱਸਐੱਸਪੀ ਨੇ ਦੱਸਿਆ ਕਿ ਡੀਐੱਸਪੀ ਸਬ-ਡਵੀਜ਼ਨ ਦੀਪ ਕਰਨ ਸਿੰਘ, ਸਦਰ ਥਾਣਾ ਸਦਰ ਦੀ ਤਕਨੀਕੀ ਟੀਮ ਅਤੇ ਸੀਆਈਏ ਟੀਮ ਨੇ ਮਾਮਲੇ ਦੀ ਜਾਂਚ ਕਰਕੇ ਚਾਰਾਂ ਮੁਲਜ਼ਮਾਂ ਦੀ ਪਛਾਣ ਕਰਕੇ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਕਰਨ ਅਤੇ ਉਸ ਦੇ ਦੋਸਤਾਂ ਨੇ ਮੰਨਿਆ ਕਿ ਕਰਨ ਨੇ ਉਨ੍ਹਾਂ ਨੂੰ 4 ਲੱਖ ਰੁਪਏ ਦੇਣ ਦਾ ਝਾਂਸਾ ਦੇ ਕੇ ਹਮਲਾ ਕਰਵਾਇਆ ਸੀ।
ਐੱਸਐੱਸਪੀ ਨੇ ਇਹ ਵੀ ਦੱਸਿਆ ਕਿ ਮੁੱਖ ਸਾਜ਼ਿਸ਼ਕਰਤਾ ਮ੍ਰਿਤਕ ਦਾ ਲੜਕਾ ਕਰਨ ਹੈ, ਕਰਨ ਕੁਮਾਰ ਨੂੰ ਡਰ ਸੀ ਕਿ ਉਸਦਾ ਪਿਤਾ ਉਸਨੂੰ ਉਸਦੀ ਜਾਇਦਾਦ ਤੋਂ ਵਾਂਝਾ ਕਰ ਦੇਵੇਗਾ। ਐਸਐਸਪੀ ਗੌਰਵ ਤੂਰਾ ਨੇ ਇਹ ਵੀ ਦੱਸਿਆ ਕਿ ਪੁਲਿਸ ਨੇ ਇਸ ਕਤਲ ਕੇਸ ਵਿੱਚ ਮੁਲਜ਼ਮਾਂ ਕੋਲੋਂ ਕਤਲ ਵਿੱਚ ਵਰਤੇ ਦੋ ਚਾਕੂ ਅਤੇ ਵਾਰਦਾਤ ਦੌਰਾਨ ਵਰਤੀ ਗਈ ਸਪਲੈਂਡਰ ਸਾਈਕਲ ਪੀ.ਬੀ 09-ਏ.ਐਮ.-6813 ਬਰਾਮਦ ਕੀਤੀ ਹੈ। ਐਸਐਸਪੀ ਗੌਰਵ ਤੁਰਾ ਨੇ ਇਹ ਵੀ ਦੱਸਿਆ ਮ੍ਰਿਤਕ ਦਾ ਲੜਕਾ ਸਾਰੀ ਜਾਇਦਾਦ ਦੇ ਵੇਚ ਕੇ ਵਿਦੇਸ਼ ਜਾਣਾ ਚਾਹੁੰਦਾ ਸੀ ਤੇ ਨਸ਼ੇ ਕਰਨ ਦਾ ਵੀ ਆਦੀ ਸੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-