ਯੂਥ ਅਕਾਲੀ ਦੀ ਸਮੁੱਚੀ ਲੀਡਰਸ਼ਿਪ ਨੇ ਸੁਖਬੀਰ ਬਾਦਲ ਦੀ ਲੀਡਰਸ਼ਿਪ ’ਚ ਪ੍ਰਗਟਾਇਆ ਪੂਰਨ ਭਰੋਸਾ

4675244
Total views : 5506767

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ 

ਯੂਥ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੇ ਅੱਜ ਸ. ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਵਿਚ ਪੂਰਨ ਭਰੋਸਾ ਪ੍ਰਗਟਾਇਆ ਅਤੇ ਕਿਹਾ ਕਿ ਸਿਰਫ ਉਹ ਹੀ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਨੂੰ ਪ੍ਰਭਾਵਸ਼ਾਲੀ ਲੀਡਰਸ਼ਿਪ ਦੇ ਸਕਦੇ ਹਨ। ਯੂਥ ਅਕਾਲੀ ਦਲ ਨੇ ਇਕ ਮਤ ਵਿਚ ਕਿਹਾ ਕਿ ਸਿਧਾਂਤਾਂ ਨਾਲ ਕਦੇ ਵੀ ਸਮਝੌਤਾ ਨਹੀਂ ਹੋ ਸਕਦਾ ਅਤੇ ਉਹਨਾਂ ਨੇ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਖਾਲਸਾ ਪੰਥ, ਪੰਜਾਬ ਤੇ ਅਕਾਲੀ ਦਲ ਦੇ ਵੱਕਾਰ ਨਾਲ ਸਮਝੌਤਾ ਨਾ ਕਰਨ ’ਤੇ ਸ. ਬਾਦਲ ਦੀ ਸ਼ਲਾਘਾ ਕੀਤੀ। ਯੂਥ ਅਕਾਲੀ ਦਲ ਨੇ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਸਿਖ਼ਰਲੀ ਲੀਡਰਸ਼ਿਪ ਦੇ ਇਕ ਹਿੱਸੇ ਵੱਲੋਂ ਭਾਰੀ ਦਬਾਅ ਬਣਾਉਣ ਦੇ ਬਾਵਜੂਦ ਭਾਜਪਾ ਨਾਲ ਸਮਝੌਤਾ ਕਰਨ ਤੋਂ ਨਾਂਹ ਕਰਨ ਦੀ ਵੀ ਸ਼ਲਾਘਾ ਕੀਤੀ ਤੇ ਕਿਹਾ ਕਿ ਇਸ ਸਿਖਰਲੀ ਲੀਡਰਸ਼ਿਪ ਦਾ ਇਹ ਇਕ ਹਿੱਸਾ ਆਪਣੇ ਸੌੜੇ ਹਿੱਤਾਂ ਦੀ ਪੂਰਤੀ ਵਾਸਤੇ ਪਾਰਟੀ ਦੇ ਸਿਧਾਂਤਾਂ ਦੀ ਕੁਰਬਾਨੀ ਦੇ ਕੇ ਭਾਜਪਾ ਨਾਲ ਸਮਝੌਤਾ ਕਰਨਾ ਚਾਹੁੰਦਾ ਸੀ।

ਇਸ ਮੌਕੇ ਸੰਬੋਧਨ ਕਰਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਪਿਛਲੇ ਤਕਰੀਬਨ ਦੋ ਮਹੀਨਿਆਂ ਵਿਚ ਵਾਪਰੇ ਸਾਰੇ ਘਟਨਾਕ੍ਰਮ ਤੋਂ ਯੂਥ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੂੰ ਜਾਣੂ ਕਰਵਾਇਆ। ਉਹਨਾਂ ਕਿਹਾ ਕਿ ਮੈਂ ਵੀ ਆਸਾਨੀ ਨਾਲ ਭਾਜਪਾ ਨਾਲ ਸਮਝੌਤਾ ਕਰ ਸਕਦਾ ਸੀ ਪਰ ਮੈਂ ਇਸ ਕਰ ਕੇ ਨਾਂਹ ਕੀਤੀ ਕਿਉਂਕਿ ਮੈਨੂੰ ਕਿਹਾ ਗਿਆ ਸੀ ਕਿ ਮੈਂ ਬਗੈਰ ਬੰਦੀ ਸਿੰਘਾਂ, ਪੰਜਾਬ ਦੇ ਦਰਿਆਈ ਪਾਣੀਆਂ, ਇਸਦੀ ਰਾਜਧਾਨੀ ਸਮੇਤ ਪੰਜਾਬ ਦੇ ਮਸਲਿਆਂ ’ਤੇ ਚਰਚਾ ਕੀਤੇ ਬਗੈਰ ਸੀਟਾਂ ਦਾ ਲੈਣ ਦੇਣ ਕਰ ਲਵਾਂ। ਉਹਨਾਂ ਕਿਹਾ ਕਿ ਮੈਂ ਕਿਸੇ ਵੀ ਕੀਮਤ ’ਤੇ ਪੰਥ, ਕਿਸਾਨਾਂ ਤੇ ਪੰਜਾਬੀਆਂ ਨਾਲ ਧੋਖਾ ਨਹੀਂ ਕਰ ਸਕਦਾਸੀ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਸਿਧਾਂਤਕ ਸਟੈਂਡ ਲੈਣ ਦੇ ਬਾਵਜੂਦ ਵੀ ਜੋ ਆਗੂ ਅੱਜ ਪਾਰਟੀ ਖਿਲਾਫ ਬੋਲ ਰਹੇ ਹਨ, ਨੇ ਨਿੱਜੀ ਤੌਰ ’ਤੇ ਭਾਜਪਾ ਤੱਕ ਪਹੁੰਚ ਕਰ ਕੇ ਉਹਨਾਂ ਨਾਲ ਸਮਝੌਤੇ ਕੀਤੇ। ਉਹਨਾਂ ਕਿਹਾ ਕਿ ਮੈਂ ਇਹਨਾਂ ਸਮਝੌਤਿਆਂ ਦਾ ਸਨਮਾਨ ਕਰਨ ਤੋਂ ਨਾਂਹ ਕਰ ਦਿੱਤੀ ਕਿਉਂਕਿ ਮੈਂ ਮੌਕਾਪ੍ਰਸਤੀ ਦੀ ਰਾਜਨੀਤੀ ਵਿਚ ਵਿਸ਼ਵਾਸ ਨਹੀਂ ਕਰਦਾ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਸਿਧਾਂਤਾਂ ਪ੍ਰਤੀ ਵਚਨਬੱਧ ਹਾਂ ਅਤੇ ਹਮੇਸ਼ਾ ਰਹਾਂਗਾ।

ਅਕਾਲੀ ਦਲ ਦੇ ਪ੍ਰਧਾਨ ਨੇ ਯੂਥ ਅਕਾਲੀ ਦਲ ਦੇ ਆਗੂਆਂ ਵੱਲੋਂ ਪੇਸ਼ ਕੀਤੇ ਸੁਝਾਅ ਸੁਣੇ ਜਿਹਨਾਂ ਵਿਚ ਇਹ ਵੀ ਕਿਹਾ ਗਿਆ ਕਿ ਪਾਰਟੀ ਵਿਚ ਚੋਣਾਂ ਵਿਚ ਨੌਜਵਾਨ ਚੇਹਰਿਆਂ ਨੂੰ ਢੁਕਵੀਂ ਪ੍ਰਤੀਨਿਧਤਾ ਦੇ ਕੇ ਨੌਜਵਾਨਾਂ ਦੀ ਪਾਰਟੀ ਵਿਚ ਸ਼ਮੂਲੀਅਤ ਵਧਾਈ ਜਾਵੇ। ਸਰਦਾਰ ਸੁਖਬੀਰ ਬਾਦਲ ਨੇ ਕਿਹਾ ਕਿ ਪਾਰਟੀ ਯੂਥ ਵਿੰਗ ਨੂੰ ਅਹਿਮ ਜ਼ਿੰਮੇਵਾਰੀਆਂ ਦੇ ਕੇ ਇਸਨੂੰ ਹੋਰ ਮਜ਼ਬੂਤ ਬਣਾਉਣ ਦੇ ਪ੍ਰੋਗਰਾਮ ’ਤੇ ਕੰਮ ਕਰ ਰਹੀ ਹੈ।

ਯੂਥ ਅਕਾਲੀ ਦਲ ਦੇ ਪ੍ਰਧਾਨ ਸ. ਸਰਬਜੀਤ ਸਿੰਘ ਝਿੰਜਰ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਮੌਕਾਪ੍ਰਸਤ ਤੱਤਾਂ ਵੱਲੋਂ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਰਚੀਆਂ ਜਾ ਰਹੀਆਂ ਸਾਜ਼ਿਸ਼ਾਂ ਨੂੰ ਫੇਲ੍ਹ ਬਣਾਉਣ। ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਿੱਖਾਂ ਦੇ ਧਾਰਮਿਕ ਮਾਮਲਿਆਂ ’ਤੇ ਕੰਟਰੋਲ ਲਈ ਕੇਂਦਰੀ ਏਜੰਸੀਆਂ ਤੋਂ ਚੌਕਸ ਰਹਿਣ। ਇਸ ਮੌਕੇ ਯੂਥ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਵੀ ਹਾਜ਼ਰ ਸੀ। ਮੀਟਿੰਗ ਵਿਚ ਸੀਨੀਅਰ ਆਗੂਆਂ ਡਾ. ਦਲਜੀਤ ਸਿੰਘ ਚੀਮਾ ਤੇ ਸਰਦਾਰ ਪਰਮਬੰਸ ਸਿੰਘ ਰੋਮਾਣਾ ਨੇ ਵੀ ਸ਼ਮੂਲੀਅਤ ਕੀਤੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News