Total views : 5507564
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਗੁਰੂ ਸਵਾਰੇ ਖਾਲਸਾ ਜੀ,
ਵਾਹਿਗੁਰੂ ਜੀ ਕਾ ਖਾਲਸਾ।।
ਵਾਹਿਗੁਰੂ ਜੀ ਕੀ ਫਤਹਿ।।
ਅੱਜ ਸਮੁੱਚਾ ਖਾਲਸਾ ਪੰਥ ਹਿੰਦ ਫੌਜ਼ ਵੱਲੋਂ ਜੂਨ 1984 ਵਿੱਚ ਦਰਬਾਰ ਸਾਹਿਬ ਉੱਤੇ ਕੀਤੇ ਹਮਲੇ ਦੀ ਚਾਲੀਵੀਂ ਵਰ੍ਹੇਗੰਢ ਮਨ ਰਿਹਾ ਹੈ। ਇਸ ਮੌਕੇ ਤੇ ਦਾਸ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਜਨਰਲ ਸ਼ੁਬੇਗ ਸਿੰਘ ਅਤੇ ਭਾਈ ਅਮਰੀਕ ਸਿੰਘ ਸਮੇਤ, ਸ਼ਹੀਦ ਹੋਣ ਵਾਲੇ ਸਮੂਹ ਸਿੱਖਾਂ ਨੂੰ ਸ਼ਰਧਾਜ਼ਲੀ ਭੇਟ ਕਰਦਾ ਹੋਇਆ, ਸਰਬੱਤ ਖਾਲਸਾ ਵੱਲੋਂ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੀ ਸੌਪੀਂ ਜਿੰਮੇਵਾਰੀ ਅਤੇ ਸੇਵਾ ਦੇ ਫਰਜ਼ਾਂ ਨੂੰ ਨਿਭਾਉਂਦਿਆਂ, ਖਾਲਸਾ ਪੰਥ ਦੇ ਸਾਰੇ ਧੜਿਆਂ ਨੂੰ ਅਪੀਲ ਕਰਦਾ ਹੈ ਕਿ ਅੱਜ ਚਾਲੀ ਸਾਲਾਂ ਬਾਅਦ ਵੀ ਅਸੀਂ ਸੰਭਲ ਨਹੀਂ ਸਕੇ। ਜਿਵੇਂ ਸਾਨੂੰ ਸਮੇਂ ਦੀ ਹਕੂਮਤ ਨੇ ਖਿਲਾਰਿਆ ਸੀ, ਅਸੀਂ ਤੋਂ ਅੱਗੇ ਵੀ ਬਿਖਰਦੇ ਜਾ ਰਹੇ ਹਾਂ। ਅਜਿਹਾ ਕਰਕੇ ਅਸੀਂ ਜਿੱਥੇ ਇਹਨਾਂ ਸ਼ਹੀਦਾਂ ਦਾ ਅਪਮਾਨ ਕਰ ਰਹੇ ਹਾਂ । ਉੱਥੇ ਕੌਮ ਦੇ ਭਵਿੱਖ ਨੂੰ ਅੰਨ੍ਹੇ ਖੂਹ ਵਿੱਚ ਧੱਕਾ ਦੇ ਰਹੇ ਹਾਂ। ਇਸ ਵਿੱਚ ਕੋਈ ਇੱਕ ਧਿਰ ਨਹੀਂ ਅਸੀਂ ਸਾਰੇ ਹੀ ਕਿਸੇ ਨਾ ਕਿਸੇ ਪਾਸਿਓਂ ਜਿੰਮੇਵਾਰ ਹਾਂ।
ਸਿੱਖਾਂ ਦੇ ਮਨਾਂ ਅੰਦਰ ਉਸ ਵੇਲੇ ਵੀ ਰੋਸ ਸੀ ਅਤੇ ਅੱਜ ਵੀ ਹੈ। ਜਦੋਂ ਜਦੋਂ ਸਿੱਖਾਂ ਨੂੰ ਮੌਕਾ ਮਿਲਦਾ ਹੈ ਤਾਂ ਉਹ ਆਪਣੇ ਰੋਹ ਦਾ ਪ੍ਰਗਟਾਵਾ ਕਰਦੇ ਹਨ। ਅੱਜ ਵੀ ਦੋ ਲੋਕਸਭਾ ਹਲਕਿਆਂ ਖਡੂਰ ਸਾਹਿਬ ਅਤੇ ਫਰੀਦਕੋਟ ਤੋਂ ਪੰਥ ਨੇ ਆਪਣੇ ਰੋਹ ਅਤੇ ਸ਼ਕਤੀ ਦਾ ਪ੍ਰਗਟਾਵਾ ਕਰਦਿਆਂ, ਨਤੀਜੇ ਬਦਲ ਦਿੱਤੇ ਹਨ। ਜੇ ਦੋ ਹਲਕਿਆਂ ਵਿੱਚ ਪੰਥ ਅਜਿਹੀ ਸ਼ਕਤੀ ਅਤੇ ਸੋਚ ਰੱਖਦਾ ਹੈ ਤਾਂ ਬਾਕੀ ਪੰਜਾਬ ਵਿੱਚ ਕਿਉਂ ਨਹੀਂ? ਇਸ ਸਵਾਲ ਦਾ ਜਵਾਬ ਪੰਥਕ ਏਕੇ ਵਿੱਚੋਂ ਹੀ ਲੱਭ ਸਕਦਾ ਹੈ। ਇਸ ਕਰਕੇ ਸਾਰੀਆਂ ਧਿਰਾਂ ਨੂੰ ਬੇਨਤੀ ਹੈ ਕਿ ਕੌਮ ਦੇ ਵਡੇਰੇ ਹਿਤਾਂ ਨੂੰ ਧਿਆਨ ਵਿੱਚ ਰੱਖਦਿਆਂ, ਨਿੱਜੀ ਹਉਮੈਂ ਨੂੰ ਤਿਆਗਕੇ ਇੱਕ ਮਜ਼ਬੂਤ ਸ਼ਕਤੀ ਦੀ ਹੋਂਦ ਬਣਾਈਏ ।
ਜਿਹੜੇ ਦੋ ਗੁਰੂ ਪਿਆਰੇ ਪੰਥਕ ਪਿਆਰ ਨਾਲ ਜਿੱਤੇ ਹਨ,ਉਹ ਕਿਵੇਂ ਜਿੱਤੇ ਹਨ, ਉਹਨਾਂ ਦੀ ਜਿੱਤ ਅਤੇ ਜਿਹੜੇ ਹਾਰ ਗਏ ਹਨ, ਉਹਨਾਂ ਦੀ ਹਾਰ ਦੇ ਕੀ ਕਾਰਨ ਹਨ। ਇਸ ਦਾ ਮੰਥਨ ਕਰਨ ਦੀ ਲੋੜ ਹੈ। ਅੱਜ ਦੇ ਦਿਨ ਸਮੇਂ ਦੀ ਸਰਕਾਰ ਨੇ ਫੌਜ਼ੀ ਸ਼ਕਤੀ ਦੀ ਵਰਤੋਂ ਕਰਕੇ ਸਾਨੂੰ ਅੱਧ ਵਿਚਕਾਰੋਂ ਤੋੜਿਆ ਸੀ। ਅਜਿਹਾ ਪਹਿਲਾਂ ਵੀ ਮੁਗਲ ਜਾਂ ਅੰਗਰੇਜ਼ ਹਾਕਮ ਵੀ ਕਰਦੇ ਰਹੇ ਹਨ। ਪ੍ਰੰਤੂ ਸਿੱਖ ਸੰਭਲਕੇ ਰਾਜ ਵੀ ਬਣਾਉਂਦੇ ਰਹੇ ਹਨ। ਇਸ ਲਈ ਸਾਨੂੰ ਸਭ ਨੂੰ ਅੱਜ ਸੰਤ ਭਿੰਡਰਾਂਵਾਲਿਆਂ ਸਮੇਤ ਸਾਰੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦੇਣ ਦੇ ਨਾਲ ਨਾਲ ਪੰਥਕ ਏਕੇ ਲਈ ਯਤਨ ਕਰਕੇ, ਸਿੱਖ ਪੰਥ ਦਾ ਰਾਜ ਕਾਇਮ ਕਰਨ ਲਈ ਵਚਨਬੱਧ ਹੋਣਾ ਚਾਹੀਦਾ ਹੈ। ਇੱਕ ਵਾਰ ਫਿਰ ਤੋਂ ਸਮੂਹ ਸ਼ਹੀਦਾਂ ਨੂੰ ਸਤਿਕਾਰ ਅਤੇ ਗੁਰੂ ਦੇ ਸਨਮੁਖ ਅਰਦਾਸ ਹੈ ਕਿ ਕੌਮ ਦੇ ਆਗੂਆਂ ਨੂੰ ਸੁਮੱਤ ਆਵੇ ਅਤੇ ਕੌਮ ਵਿੱਚ ਏਕਤਾ ਹੋਵੇ , ਕੌਮ ਦਾ ਆਪਣਾ ਰਾਜ ਕਾਇਮ ਹੋਵੇ।
ਗੁਰੂ ਪੰਥ ਦਾ ਦਾਸ ,
ਧਿਆਨ ਸਿੰਘ ਮੰਡ
ਕਾਰਜਕਾਰੀ ਜਥੇਦਾਰ ਅਕਾਲ ਤਖਤ ਸਾਹਿਬ