ਵਧਾਇਕ ਡਾ: ਸੋਹਲ ਨੇ ਉਨਾਂ ਦੇ ਕਿਸੇ ਪੀ.ਏ ਵੀ ਵਲੋ ਕਿਸੇ ਪੱਤਰਕਾਰ ਦੀ ਕੁੱਟਮਾਰ ਕਰਨ ਦੇ ਦੋਸ਼ਾ ਨੂੰ ਨਕਾਰਿਆ-ਕਿਹਾ ਵਿਰੋਧੀਆ ਦੇ ਇਸ਼ਾਰੇ ‘ਤੇ ਮੇਰੀ ਸ਼ਵੀ ਖਰਾਬ ਕਰਨ ਲਈ ਕੀਤਾ ਜਾ ਰਿਹੈ ਕੂੜ ਪ੍ਰਚਾਰ

4676148
Total views : 5508267

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨਤਾਰਨ /ਬੀ.ਐਨ.ਈ ਬਿਊਰੋ

ਤਰਨ ਤਾਰਨ ਦੇ  ਇਕ ਪੱਤਰਕਾਰ ਵੱਲੋਂ ਤਰਨਤਾਰਨ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੇ ਪੀਏ ਉੱਪਰ ਕੁੱਟਮਾਰ ਕਰਨ, ਨਿਰਵਸਤਰ ਕਰਨ ਅਤੇ ਮੂੰਹ ਵਿਚ ਜਬਰੀ ਸ਼ਰਾਬ ਪਾਉਣ ਦੇ ਲਗਾਏ ਗਏ ਦੋਸ਼ਾਂ ਨੂੰ ਵਿਧਾਇਕ ਡਾ. ਸੋਹਲ ਨੇ ਬੇਬੁਨਿਆਦ ਤੇ ਨਿਰਾਧਾਰ ਕਰਾਰ ਦਿੱਤਾ ਹੈ। ਜਿਸ ਸਬੰਧੀ ਇਕ ਪੱਤਰਕਾਰ ਸੰਮੇਲਨ ਦਾ ਅਯੋਜਿਨ ਕਰਕੇ ਜਾਰੀ ਪ੍ਰੈਸ ਬਿਆਨ ਵਿੱਚ ਉਨ੍ਹਾਂ ਉਕਤ ਮਾਮਲੇ ਦਾ ਸਖਤ ਨੋਟਿਸ ਲੈਂਦਿਆਂ ਕਿਹਾ ਕਿ ਉਨ੍ਹਾਂ ਦੇ ਸਿਆਸੀ ਅਤੇ ਨਿੱਜੀ ਅਕਸ ਨੂੰ ਖਰਾਬ ਕਰਨ ਸਬੰਧੀ ਉਕਤ ਪੱਤਰਕਾਰ ਉੱਪਰ ਮਾਣਹਾਨੀ ਦਾ ਜਿਥੇ ਕੇਸ ਦਾਇਰ ਕੀਤਾ ਜਾਵੇਗਾ, ਉਥੇ ਹੀ ਉਸ ਵੱਲੋਂ ਬਣਾਈ ਗਈ ਚੱਲ ਅਚੱਲ ਜਾਇਦਾਦ ਦੀ ਵਿਜੀਲੈਂਸ ਕੋਲੋਂ ਜਾਂਚ ਵੀ ਕਰਵਾਈ ਜਾਵੇਗੀ।

ਸਿਆਸੀ ਤੇ ਨਿੱਜੀ ਅਕਸ ਨੂੰ ਖ਼ਰਾਬ ਕਰਨ ਸਬੰਧੀ ਕੀਤਾ ਜਾਵੇਗਾ ਮਾਣਹਾਨੀ ਦਾ ਦਾਅਵਾ, ਪੱਤਰਕਾਰ ਦੀ ਚੱਲ-ਅਚੱਲ ਜਾਇਦਾਦ ਦੀ ਕਰਵਾਈ ਜਾਵੇਗੀ ਵਿਜੀਲੈਂਸ ਜਾਂਚ

ਤਰਨਤਾਰਨ ਵਿਖੇ ਪ੍ਰਰੈੱਸ ਕਾਨਫਰੰਸ ਕਰਦਿਆਂ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਨੇ ਕਿਹਾ ਕਿ ਡੇਢ ਸਾਲ ਦੇ ਦੌਰਾਨ ਕਰਵਾਏ ਗਏ ਵਿਕਾਸ ਕਾਰਜ ਅੱਜ ਸਭ ਦੇ ਸਾਹਮਣੇ ਹਨ। ਮੇਰਾ ਪੱਤਰਕਾਰ ਭਾਈਚਾਰੇ ਨਾਲ ਸ਼ੁਰੂ ਤੋਂ ਹੀ ਕਰੀਬੀ ਰਿਸ਼ਤਾ ਰਿਹਾ ਹੈ ਤੇ ਉਹ ਪੱਤਰਕਾਰ ਭਾਈਚਾਰੇ ਦੇ ਦੁੱਖ ਸੁੱਖ ਵਿਚ ਸ਼ਰੀਕ ਹੁੰਦੇ ਆਏ ਹਨ। ਲੋਕਤੰਤਰ ਦੇ ਚੌਥੇ ਥੰਮ੍ਹ ਵਜੋਂ ਜਾਣੀ ਜਾਂਦੀ ਪ੍ਰਰੈੱਸ ਨੂੰ ਹਮੇਸ਼ਾ ਸਤਿਕਾਰ ਵੀ ਦਿੱਤਾ ਪਰ ਦੁੱਖ ਹੁੰਦਾ ਹੈ ਕਿ ਜਦੋਂ ਦੋਸ਼ ਲਗਾਉਣ ਵਾਲੇ ਉਕਤ ਪੱਤਰਕਾਰ ਵਰਗੇ ਸ਼ਖਸ ਪੱਤਰਕਾਰੀ ਦੀ ਆੜ ਹੇਠ ਇਸ ਲੋਕਤੰਤਰ ਦੇ ਚੌਥੇ ਥੰਮ੍ਹ ਨੂੰ ਬਦਨਾਮ ਕਰਦੇ ਹਨ।

ਉਨਾਂ ਕਿਹਾ ਕਿ ਇਸ ਪੱਤਰਕਾਰ ਦੇ ਖਿਲਾਫ ਵੱਖ ਵੱਖ ਸਰਕਾਰੀ ਵਿਭਾਗਾਂ ਅਤੇ ਕਾਰੋਬਾਰੀ ਅਦਾਰਿਆਂ ਵਿਚ ਜਾ ਕੇ ਉਨਾਂ ਦੇ ਕੰਮਾਂ ਵਿਚ ਦਖਲਅੰਦਾਜ਼ੀ ਕਰਨ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਆ ਰਹੀਆਂ ਹਨ। ਉਨਾਂ ਦੱਸਿਆ ਕਿ 1 ਜਨਵਰੀ ਨੂੰ ਜਦੋਂ ਉਹ ਹਲਕੇ ਵਿਚ ਵਿਚਰ ਰਹੇ ਸੀ ਤਾਂ ਉਨਾਂ ਦੇ ਮੋਬਾਇਲ ‘ਤੇ ਉਕਤ ਪੱਤਰਕਾਰ ਦੇ ਕਰੀਬ 3 ਵਾਰ ਫੋਨ ਆਏ। ਉਹ ਹਲਕੇ ਵਿਚ ਮੀਟਿੰਗਾਂ ‘ਚ ਰੁੱਝੇ ਹੋਣ ਕਾਰਨ ਉਸ ਨਾਲ ਗੱਲ ਨਾ ਕਰ ਸਕੇ। ਬਾਅਦ ਵਿਚ ਸ਼ਾਮ ਨੂੰ ਪੀਏ ਪ੍ਰਦੀਪ ਸਿੰਘ ਨੇ ਦੱਸਿਆ ਕਿ ਉਸਦੇ ਫੋਨ ‘ਤੇ ਵੀ ਉਸਦੇ ਵਾਰ ਵਾਰ ਫੋਨ ਆ ਰਹੇ ਹਨ ਤਾਂ ਉਨਾਂ ਨੇ ਪ੍ਰਦੀਪ ਸਿੰਘ ਨੂੰ ਕਿਹਾ ਕਿ ਪੱਤਰਕਾਰ ਨੂੰ ਸ਼ਾਇਦ ਕੋਈ ਕੰਮ ਹੋਵੇਗਾ, ਇਸ ਲਈ ਦਫ਼ਤਰ ਬੁਲਾ ਲਿਆ ਜਾਵੇ।

ਸ਼ਾਮ ਕਰੀਬ ਸਾਢੇ 4 ਵਜੇ ਤਕ ਉਹ ਕੈਂਪ ਦਫਤਰ ਵਿਚ ਉਸਦੀ ਉਡੀਕ ਕਰਦੇ ਰਹੇ ਅਤੇ ਸਿਹਤ ਠੀਕ ਨਾ ਹੋਣ ਕਾਰਨ ਪੀਏ ਪ੍ਰਦੀਪ ਸਿੰਘ ਨੂੰ ਇਹ ਕਹਿ ਕੇ ਘਰ ਚਲੇ ਗਏ ਕਿ ਜੇਕਰ ਪੱਤਰਕਾਰ ਆਵੇ ਤਾਂ ਉਸ ਦੀ ਗੱਲ ਸੁਣ ਲੈਣਾ। ਮੀਡੀਆ ਵਿਚ ਉਕਤ ਪੱਤਰਕਾਰ ਨਾਲ ਉਨਾਂ ਦੇ ਪੀਏ ਵੱਲੋਂ ਕੁੱਟਮਾਰ ਦੀਆਂ ਆਈਆਂ ਖਬਰਾਂ ਤੋਂ ਬਾਅਦ ਇਸ ਘਟਨਾ ਦੀ ਸਾਰੀ ਜਾਂਚ ਕੀਤੀ ਅਤੇ ਪਤਾ ਲੱਗਾ ਕਿ ਉਸ ਦਿਨ ਉਨ੍ਹਾਂ ਦੇ ਜਾਣ ਤੋਂ ਬਾਅਦ ਉਕਤ ਪੱਤਰਕਾਰ ਕੈਂਪ ਦਫਤਰ ਵਿਚ ਆਇਆ, ਜਿਥੇ ਪੀਏ ਪ੍ਰਦੀਪ ਸਿੰਘ ਅਤੇ ਕੋਮਲਪ੍ਰਰੀਤ ਸਿੰਘ ਵੱਲੋ ਸਨਮਾਨ ਦਿੰਦਿਆਂ ਬਕਾਇਦਾ ਚਾਹ, ਪਾਣੀ ਵੀ ਪਿਲਾਇਆ ਗਿਆ ਪਰ ਉਹ ਉਨਾਂ ਦੇ ਦੋਵੇਂ ਪੀਏ ‘ਤੇ ਨਗਰ ਕੌਂਸਲ ਤਰਨਤਾਰਨ ਵਿਖੇ ਤਾਇਨਾਤ ਸੈਨੇਟਰੀ ਇੰਸਪੈਕਟਰ ਦਾ ਤਰਨਤਾਰਨ ਤੋਂ ਤਬਾਦਲਾ ਨਾ ਕਰਵਾਉਣ ਦਾ ਦਬਾਅ ਪਾਉਣ ਲੱਗਾ।
ਪੀਏ ਕੋਮਲਪ੍ਰਰੀਤ ਸਿੰਘ ਅਤੇ ਪ੍ਰਦੀਪ ਸਿੰਘ ਨੇ ਪ੍ਰਸ਼ਾਸਨਿਕ ਕੰਮਾਂ ਵਿਚ ਉਨਾਂ ਦੇ ਦਖਲ ਦਾ ਅਧਿਕਾਰ ਨਾ ਹੋਣ ਦੀ ਗੱਲ ਕਹੀ ਤਾਂ ਉਕਤ ਪੱਤਰਕਾਰ ਧਮਕਾਉਣ ਲੱਗ ਪਿਆ। ਉਨਾਂ ਦੇ ਸਿਆਸੀ ਅਕਸ ਨੂੰ ਖਰਾਬ ਕਰਨ ਵਾਸਤੇ ਵਿਰੋਧੀਆਂ ਨਾਲ ਰਲ ਕੇ ਉਸਨੇ ਪੀਏ ਪ੍ਰਦੀਪ ਸਿੰਘ ਅਤੇ ਕੋਮਲਪ੍ਰਰੀਤ ਸਿੰਘ ਉੱਪਰ ਮਾਰਕੁੱਟ ਕਰਨ, ਕੱਪੜੇ ਉਤਾਰਨ, ਮੋਬਾਇਲ ਖੋਹਣ, ਮੂੰਹ ਵਿਚ ਸ਼ਰਾਬ ਪਾਉਣ ਦੀ ਕੋਸ਼ਿਸ਼ ਕਰਨ ਦੇ ਬੇਬੁਨਿਆਦ ਅਤੇ ਝੂਠੇ ਦੋਸ਼ ਲਗਾਏ ਹਨ, ਜਦਕਿ ਵਿਧਾਨ ਸਭਾ ਦੀ ਚੋਣ ਮੌਕੇ ਉਨਾਂ ਜਾਂ ਸਮਰਥਕਾਂ ਵੱਲੋਂ ਕੋਈ ਸ਼ਰਾਬ ਆਦਿ ਦਾ ਸਹਾਰਾ ਨਹੀਂ ਲਿਆ ਗਿਆ ਅਤੇ ਨਾ ਹੀ ਉਨਾਂ ਦੇ ਪੀਏ ਅਜਿਹੇ ਪਦਾਰਥਾਂ ਦਾ ਸੇਵਨ ਕਰਦੇ ਹਨ।

ਉਨਾਂ ਦੇ ਕੈਂਪ ਦਫਤਰ ਵਿਚ ਅਜਿਹੀ ਕੋਈ ਵੀ ਵਸਤੂ ਨਹੀਂ ਹੁੰਦੀ। ਉਨਾਂ ਇਹ ਵੀ ਦੱਸਿਆ ਕਿ ਉਨਾਂ ਦੇ ਧਿਆਨ ਵਿਚ ਆਇਆ ਹੈ ਕਿ ਕੁਝ ਅਰਸੇ ਦੌਰਾਨ ਉਕਤ ਪੱਤਰਕਾਰ ਵੱਲੋਂ ਪੱਤਰਕਾਰੀ ਦੀ ਆੜ ਵਿਚ ਚੱਲ ਅਤੇ ਅਚੱਲ ਸੰਪਤੀ ਬਣਾਈ ਗਈ ਹੈ। ਇੰਨਾ ਹੀ ਨਹੀਂ ਵੱਖ ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨੂੰ ਬਲੈਕਮੇਲ ਕਰਨ ਸਬੰਧੀ ਕਈ ਸ਼ਿਕਾਇਤਾਂ ਮਿਲੀਆਂ ਹਨ, ਇਸ ਸਬੰਧੀ ਵਿਜੀਲੈਂਸ ਬਿਊਰੋ ਤੋਂ ਜਾਂਚ ਕਰਵਾਈ ਜਾਵੇਗੀ ਤਾਂ ਜੋ ਸਾਰੀ ਸੱਚਾਈ ਸਾਹਮਣੇ ਆ ਸਕੇ। ਜਦਕਿ ਉਨਾਂ ਦੇ ਸਿਆਸੀ ਅਤੇ ਨਿੱਜੀ ਅਕਸ ਨੂੰ ਖਰਾਬ ਕਰਨ ਦੇ ਜੋ ਝੂਠੇ ਦੋਸ਼ ਲਗਾ ਕੇ ਮੀਡੀਆ ਵਿਚ ਗਲਤ ਪ੍ਰਚਾਰ ਕੀਤਾ ਗਿਆ ਹੈ, ਉਸ ਸਬੰਧੀ ਅਦਾਲਤ ਵਿਚ ਮਾਣਹਾਨੀ ਦਾ ਮੁਕੱਦਮਾ ਵੀ ਕਰਵਾਇਆ ਜਾਵੇਗਾ। ਇਸ ਮੌਕੇ ਵੱਡੀ ਗਿਣਤੀ ‘ਚ ਉਨ੍ਹਾਂ ਦੇ ਸਮਰਥਕ ਵੀ ਮੌਜੂਦ ਸਨ।

Share this News