ਵਿਵਾਦਿਤ ਨਾਮਾਕੰਨ ਵੀਰ ਬਾਲ ਦਿਵਸ  ਦੇ ਬਾਅਦ ਹੁਣ ਸਿੱਖ ਪਰੰਪਰਾਵਾਂ ਦੇ ਉਲਟ ਮਾਤਮੀ ਬਿਗਲ ਦਾ ਕੀਤਾ ਵਿਰੋਧ-ਜਥੇਦਾਰ ਹਵਾਰਾ ਕਮੇਟੀ

4674940
Total views : 5506332

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਸਰਬੱਤ ਖਾਲਸਾ ਵੱਲੋਂ ਥਾਪੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ  ਵਲੋ ਟਵਿਟਰ ਖਾਤੇ ਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ 27 ਦਸੰਬਰ ਨੂੰ ਸਵੇਰੇ 10 ਵਜੇ ਮਾਤਮੀ ਬਿਗਲ ਵਜਾਏ ਜਾਣ ਦੇ ਐਲਾਨ ਨੂੰ ਸਿੱਖ ਪਰੰਪਰਾਵਾਂ ਦੇ ਉਲਟ ਅਤੇ ਘਾਤਕ ਦੱਸਿਆ ਹੈ। ਸਿੱਖ ਸਿਧਾਂਤ ਅਨੁਸਾਰ ਸ਼ਹਾਦਤ ਅਕਾਲ ਪੁਰਖ ਦੀ ਵੱਡਮੁਲੀ ਦਾਤ ਹੈ ਜੋ ਚੰਗੇ ਭਾਗਾਂ ਨਾਲ ਮਿਲਦੀ ਹੈ।ਸਿੱਖ ਫਿਲਸਫੇ ਦੀ ਰੋਸ਼ਨੀ ਵਿਚ ਸ਼ਹਾਦਤਾਂ  ਚੜ੍ਹਦੀਕਲਾ ਦਾ ਪ੍ਰਤੀਕ ਹਨ ਜੋ ਭਵਿੱਖ ਦੀ ਪੀੜੀਆਂ ਲਈ ਮਾਰਗ ਦਰਸ਼ਕ ਅਤੇ ਪ੍ਰੇਰਣਾ ਦਾ ਸਰੋਤ ਹਨ।

ਭਾਈ ਹਵਾਰਾ ਕਮੇਟੀ ਦੇ ਪ੍ਰੋਫੈਸਰ ਬਲਜਿੰਦਰ ਸਿੰਘ,ਐਡਵੋਕੇਟ ਅਮਰ ਸਿੰਘ ਚਾਹਲ,ਬਾਪੂ ਗੁਰਚਰਨ ਸਿੰਘ,ਬਲਦੇਵ ਸਿੰਘ ਨਵਾਂ ਪਿੰਡ ਤੇ ਮਹਾਵੀਰ ਸਿੰਘ ਸੁਲਤਾਨਵਿੰਡ  ਨੇ ਕਿਹਾ ਕਿ ਸਿੱਖ ਧਰਮ ਦੀ ਮਰਿਯਾਦਾ ਸ਼ਹਾਦਤਾਂ ਨੂੰ ਮਾਤਮ ਜਾਂ ਅਫਸੋਸ ਦੀ ਘੜੀ ਨਾਲ ਜੋੜਨ ਦੀ ਇਜਾਜ਼ਤ ਨਹੀਂ ਦੇਂਦੀ।ਸਾਹਿਬਜ਼ਾਦਿਆਂ  ਦੀ ਸ਼ਹਾਦਤ ਤੇ ਮਾਤਮੀ ਬਿਗਲ ਬਜਾਉਣ ਨਾਲ ਸਾਡਾ ਸੁਨਿਹਰੀ ਇਤਿਹਾਸ ਦਾ ਰੂਪ ਅਤੇ ਇਸਦੇ ਮਾਅਨੇ ਬਦਲ ਜਾਣਗੇ ਜਿਸਨੂ ਸਿੱਖ ਕੌਮ ਕਦੀ ਵੀ ਬਰਦਾਸ਼ਤ ਨਹੀਂ ਕਰੇਗੀ।ਮੁੱਖ ਮੰਤਰੀ ਨੂੰ ਇਤਿਹਾਸ ਦਾ ਹਵਾਲਾ ਦੇਦੇ ਹੋਏ ਕਮੇਟੀ ਆਗੂਆਂ ਨੇ ਕਿਹਾ ਕਿ ਜਦ ਚਮਕੌਰ ਦੀ ਜੰਗ ਦੌਰਾਨ ਸਾਹਿਬਜ਼ਾਦਾ ਅਜੀਤ ਸਿੰਘ। ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਸ਼ਹੀਦ ਹੋਏ ਸਨ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਮ ਨਹੀ ਮਨਾਇਆ ਸੀ ਬਲਕਿ ਚੜ੍ਹਦੀ ਕਲਾ ਨਾਲ ਜਕਾਰੇ ਗਜਾਏ ਸਨ ਤੇ ਅਕਾਲ ਪੁਰਖ ਦਾ ਧੰਨਵਾਦ ਕੀਤਾ ਸੀ।ਭਗਵੰਤ ਮਾਨ ਨੂੰ ਹਵਾਰਾ ਕਮੇਟੀ ਨੇ ਅਗਾਹ ਕੀਤਾ ਕਿ ਉਹ ਸਿੱਖ ਧਰਮ ਦੇ ਅਸੂਲਾਂ ਅਤੇ ਪਰੰਪਰਾਵਾਂ ਤੋਂ ਜਾਣੂ ਨਹੀਂ ਹਨ ਇਸ ਲਈ ਧਾਰਮਿਕ ਮਸਲਿਆਂ ਵਿਚ ਦਖਲ ਅੰਦਾਜੀ ਨਾ ਦਿਆ ਕਰਨ ਕਿਉਂਕਿ ਇਸ ਨਾਲ ਸਿੱਖਾਂ ਦੀ ਧਾਰਮਿਕ ਭਾਵਨਾਵਾਂ ਜਖਮੀ ਹੁੰਦੀਆਂ ਹਨ।
ਜਥੇਦਾਰ ਹਵਾਰਾ ਕਮੇਟੀ ਨੇ ਕਿਹਾ ਕਿ ਆਰ.ਐਸ.ਐਸ ਸੋਚ ਤੇ ਅਧਾਰਿਤ ਭਾਜਪਾ ਸਰਕਾਰ ਨੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਮਾਗਮਾ ਨੂੰ ਵੀਰ ਬਾਲ ਦਿਵਸ ਨਾਮ ਦੇਕੇ ਇਤਿਹਾਸ ਨਾਲ ਛੇੜ ਛਾੜ ਕੀਤੀ ਹੈ।ਸਿੱਖਾਂ ਲਈ ਸਾਹਿਬਜ਼ਾਦੇ, ਬਾਬੇ,ਮਹਾਪੁਰਖ,ਮੁਕਤੀ ਦੇ ਦਾਤੇ ਆਦਿ ਹਨ ਇਸ ਲਈ ਇਨ੍ਹਾਂ ਦਾ ਨਾਮਕਰਨ ਬਾਲਕ ਦੇ ਰੂਪ ਵਿਚ ਕਰਨਾ ਸਾਡੇ ਧਰਮ ਵਿਚ ਦਖਲ ਅੰਦਾਜੀ ਹੈ ਜਿਸਦਾ  ਸਿੱਖ ਕੌਮ ਨੇ ਸ਼ੁਰੂ ਤੋਂ ਵਿਰੋਧ ਕੀਤਾ ਹੈ ਜੋ ਨਿਰੰਤਰ ਜਾਰੀ ਹੈ।ਬਿਆਨ ਜਾਰੀ ਕਰਨ ਵਾਲਿਆਂ ਵਿੱਚ ਐਡਵੋਕੇਟ ਦਿਲਸ਼ੇਰ ਸਿੰਘ,ਸਤਿਜੋਤ ਸਿੰਘ ਮੁਧਲ,ਜਗਰਾਜ ਸਿੰਘ ਪੱਟੀ,ਪ੍ਰਤਾਪ ਸਿੰਘ ਕਾਲੀਆ ਸਕਤਰਾ,ਰਘਬੀਰ ਸਿੰਘ ਭੁੱਚਰ ਸ਼ਾਮਲ ਹਨ।
Share this News