ਛੋਟੇ ਚੋਰ ਤੋਂ 16 ਸਾਲਾਂ ਦੌਰਾਨ ਗੈਂਗਸਟਰ ਬਣ ਗਿਆ ਸੁਖਦੇਵ ਸਿੰਘ ਉਰਫ਼ ਵਿੱਕੀ

4679190
Total views : 5513351

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਲੁਧਿਆਣਾ/ਬੀ.ਐਨ.ਈ ਬਿਊਰੋ

ਕੱਲ੍ਹ ਦੇਰ ਰਾਤ ਮਾਛੀਵਾੜਾ-ਕੁਹਾੜਾ ਰੋਡ ’ਤੇ ਪੈਂਦੇ ਪਿੰਡ ਪੰਜੇਟਾ ਵਿਖੇ ਲੁਧਿਆਣਾ ਪੁਲਿਸ ਨਾਲ ਮੁਕਾਬਲੇ ’ਚ ਮਾਰੇ ਗਏ ਮਾਛੀਵਾੜਾ ਵਾਸੀ ਸੁਖਦੇਵ ਸਿੰਘ ਉਰਫ਼ ਵਿੱਕੀ ਦੇ ਅਪਰਾਧਿਕ ਪਿਛੋਕੜ ਨੂੰ ਦੇਖਦਿਆਂ ਪਤਾ ਚੱਲਦਾ ਹੈ ਕਿ ਉਹ ਪਿਛਲੇ 16 ਸਾਲਾਂ ਦੌਰਾਨ ਇੱਕ ਛੋਟੇ ਜਿਹੇ ਚੋਰ ਤੋਂ ਗੈਂਗਸਟਰ ਬਣ ਗਿਆ। ਇਸ ਦੌਰਾਨ ਉਸਨੇ ਕਈ ਤਰ੍ਹਾਂ ਦੀਆਂ ਅਪਰਾਧਿਕ ਘਟਨਾਵਾਂ ਨੂੰ ਅੰਜ਼ਾਮ ਦਿੱਤਾ।

ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਇੱਥੇ ਕੁਹਾੜਾ ਰੋਡ ’ਤੇ ਸਥਿਤ ਇੰਦਰਾ ਕਾਲੋਨੀ ਦੇ ਰਹਿਣ ਵਾਲੇ ਇੱਕ ਗਰੀਬ ਪਰਿਵਾਰ ਵਿਚ ਬਲਵਿੰਦਰ ਸਿੰਘ ਦੇ ਘਰ ਜਨਮੇ ਸੁਖਦੇਵ ਸਿੰਘ ਉਰਫ਼ ਵਿੱਕੀ 7 ਭਰਾਵਾਂ ਵਿਚ ਸਭ ਤੋਂ ਵੱਡਾ ਸੀ। ਉਸ ’ਤੇ ਸਭ ਤੋਂ ਪਹਿਲਾਂ 21 ਸਤੰਬਰ 2007 ਵਿਚ ਮਾਛੀਵਾੜਾ ਥਾਣਾ ਵਿਚ ਚੋਰੀ ਦਾ ਮਾਮਲਾ ਦਰਜ ਹੋਇਆ। ਉਸ ਤੋਂ ਬਾਅਦ 2008 ਵਿਚ ਉਸ ਕੋਲੋਂ ਨਸ਼ੀਲਾ ਪਦਾਰਥ ਭੁੱਕੀ ਫੜੀ ਗਈ।

ਇਨ੍ਹਾਂ ਦੋਵਾਂ ਮਾਮਲਿਆਂ ਵਿਚ ਉਸਨੂੰ ਜੇਲ੍ਹ ਭੇਜਿਆ ਗਿਆ ਪਰ ਜਮਾਨਤ ’ਤੇ ਬਾਹਰ ਆ ਗਿਆ। ਇਸ ਤੋਂ ਬਾਅਦ ਉਸਦਾ ਹੌਂਸਲਾ ਖੁੱਲ੍ਹਦਾ ਗਿਆ ਤੇ 2012 ਵਿਚ ਉਸ ਖਿਲਾਫ਼ ਫਿਰ ਚੋਰੀ ਦਾ ਮਾਮਲਾ ਦਰਜ ਹੋਇਆ ਜਿਸ ’ਤੇ ਉਸ ਨੂੰ 1 ਸਾਲ ਦੀ ਸਜ਼ਾ ਵੀ ਹੋਈ ਤੇ ਫਿਰ 2012 ਵਿਚ ਉਸ ਉੱਪਰ ਲੜਾਈ ਝਗੜੇ ਦਾ ਮਾਮਲਾ ਦਰਜ ਹੋਇਆ ਜਿਸ ਵਿਚ ਉਹ ਬਰੀ ਹੋ ਗਿਆ। 29-10-2012 ਨੂੰ ਉਸ ਖਿਲਾਫ਼ ਚੋਰੀ ਦਾ ਮਾਮਲਾ ਦਰਜ ਹੋਇਆ ਅਤੇ ਫਿਰ 11-12-2012 ਵਿਚ ਉਸਨੇ ਮੁੜ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ। 2018 ਵਿਚ ਉਹ ਕਿਸੇ ਮਾਮਲੇ ਵਿਚ ਅਦਾਲਤ ਵਲੋਂ ਭਗੌੜਾ ਕਰਾਰ ਦਿੱਤਾ ਗਿਆ ਤੇ ਉਸ ਖਿਲਾਫ਼ ਇੱਕ ਹੋਰ ਮਾਮਲਾ ਦਰਜ ਹੋਇਆਮਾਛੀਵਾੜਾ ਪੁਲਿਸ ਵਲੋਂ ਜਿੰਨੇ ਵੀ ਉਸ ਖਿਲਾਫ਼ ਮਾਮਲੇ ਦਰਜ ਕੀਤੇ ਗਏ ਉਸ ਵਿਚ ਉਹ ਗ੍ਰਿਫ਼ਤਾਰ ਕਰ ਲਿਆ ਗਿਆ। ਸੁਖਦੇਵ ਸਿੰਘ ਉਰਫ਼ ਵਿੱਕੀ ਨੇ ਆਪਣੇ 16 ਸਾਲਾਂ ਦੇ ਅਪਰਾਧਿਕ ਸਫ਼ਰ ਵਿਚ ਮਾਛੀਵਾੜਾ ਹੀ ਨਹੀਂ ਲੁਧਿਆਣਾ, ਖੰਨਾ ਅਤੇ ਹੋਰ ਕਈ ਸ਼ਹਿਰਾਂ ਵਿਚ ਲੁੱਟ, ਖੋਹ ਅਤੇ ਕਾਤਲਾਨਾ ਹਮਲੇ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਿਸ ਕਾਰਨ ਉਹ ਪੁਲਿਸ ਨੂੰ ਲੋੜੀਂਦਾ ਸੀ ਪਰ ਬੀਤੀ ਰਾਤ ਉਹ ਪਿੰਡ ਪੰਜੇਟਾ ਨੇੜੇ ਪੁਲਿਸ ਮੁਕਾਬਲੇ ਵਿਚ ਮਾਰਿਆ ਗਿਆ।

Share this News