Total views : 5515932
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ
ਆਮ ਆਦਮੀ ਪਾਰਟੀ ਦੇ ਤਰਨ ਤਾਰਨ ਤੋ ਵਧਾਇਕ ਡਾ: ਕਸ਼ਮੀਰ ਸਿੰਘ ਸੋਹਲਨਾਲ ਬਦਸਲੂਕੀ ਦੇ ਮਾਮਲੇ ਵਿਚ ਸਾਬਕਾ ਐਸ.ਐਸ.ਪੀ. ਗੁਰਮੀਤ ਸਿੰਘ ਚੌਹਾਨ, ਡੀ.ਐਸ.ਪੀ. ਜਸਪਾਲ ਸਿੰਘ ਢਿੱਲੋਂ ਅਤੇ ਐਸ.ਐਚ.ਓ. ਗੁਰਚਰਨ ਸਿੰਘ ਨੇ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਅੱਗੇ ਖੇਦ ਪ੍ਰਗਟਾਇਆ ਹੈ। ਤਿੰਨਾਂ ਪੁਲਿਸ ਅਧਿਕਾਰੀਆਂ ਨੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਨਾਲ ਮਿਲ ਕੇ ਗੱਲਬਾਤ ਕਰਨ ਦਾ ਵੀ ਭਰੋਸਾ ਦਿਤਾ ਹੈ,ਇਹ ਤਿੰਨੇ ਅਫ਼ਸਰ 17ਅਕਤੂਬਰ ਨੂੰ ਇਸ ਕਮੇਟੀ ਅੱਗੇ ਪੇਸ਼ ਹੋਏ ਸਨ ।
ਤਿੰਨਾਂ ਪੁਲੀਸ ਅਧਿਕਾਰੀਆਂ ਨੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਨੂੰ ਵੀ ਮਨਾਉਣ ਦਾ ਵੀ ਦਿੱਤਾ ਭਰੋਸਾ
ਵਿਸ਼ੇਸ਼ ਅਧਿਕਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਪੰਡੋਰੀ ਨੇ 3 ਪੁਲਿਸ ਅਧਿਕਾਰੀਆਂ ਦੇ ਕਮੇਟੀ ਅੱਗੇ ਪੇਸ਼ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕਮੇਟੀ ਮੈਂਬਰਾਂ ਨੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਇਕ ਹਫ਼ਤੇ ਅੰਦਰ ਵਿਧਾਇਕ ਨਾਲ ਗੱਲਬਾਤ ਕਰ ਕੇ ਮਸਲਾ ਹੱਲ ਕਰਨ | ਵਿਧਾਇਕ ਕਸ਼ਮੀਰ ਸਿੰਘ ਸੋਹਲ ਨੇ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਦਿਤੀ ਸ਼ਿਕਾਇਤ ਵਿਚ ਪੁਲਿਸ ਅਧਿਕਾਰੀਆਂ ’ਤੇ ਦੁਰਵਿਵਹਾਰ ਦੇ ਇਲਜ਼ਾਮ ਲਾਏ ਸਨ।
ਇਹ ਮਾਮਲਾ 31 ਜੁਲਾਈ 2023 ਦਾ ਹੈ। ਵਿਧਾਇਕ ਡਾ. ਸੋਹਲ ਦਾ ਇਲਜ਼ਾਮ ਸੀ ਕਿ ਉਨ੍ਹਾਂ ਨੇ ਵਿਧਾਨ ਸਭਾ ਹਲਕੇ ਦੀਆਂ ਸਮੱਸਿਆਵਾਂ ਨੂੰ ਲੈ ਕੇ ਡੀ.ਐਸ.ਪੀ., ਤਿੰਨ ਥਾਣਿਆਂ ਦੇ ਅਧਿਕਾਰੀਆਂ ਅਤੇ ਥਾਣਾ ਇੰਚਾਰਜਾਂ ਦੀ ਮੀਟਿੰਗ ਬੁਲਾਈ ਸੀ। ਮੀਟਿੰਗ ਵਿਚ ਵਿਧਾਨ ਸਭਾ ਹਲਕੇ ਦੇ ਇਕ ਵਲੰਟੀਅਰ ਨੇ ਪੁਲਿਸ ’ਤੇ ਪੱਖਪਾਤ ਕਰਨ ਅਤੇ ਇਨਸਾਫ਼ ਨਾ ਦੇਣ ਦੇ ਦੋਸ਼ ਲਗਾਏ।
ਡਾ. ਕਸ਼ਮੀਰ ਸਿੰਘ ਅਨੁਸਾਰ ਜਦੋਂ ਉਨ੍ਹਾਂ ਨੇ ਡੀ.ਐਸ.ਪੀ. ਅਤੇ ਐਸ.ਐਚ.ਓ. ਨੂੰ ਪੀੜਤਾ ਨੂੰ ਇਨਸਾਫ਼ ਦਿਵਾਉਣ ਲਈ ਕਿਹਾ ਤਾਂ ਡੀ.ਐਸ.ਪੀ. ਅਤੇ ਐਸ.ਐਚ.ਓ. ਨੇ ਉਨ੍ਹਾਂ ਦੇ ਸਾਹਮਣੇ ਹੀ ਪੀੜਤਾ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿਤੀਆਂ। ਉਨ੍ਹਾਂ ਪੁਲਿਸ ਅਧਿਕਾਰੀਆਂ ਦੇ ਇਸ ਵਤੀਰੇ ’ਤੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਤੁਸੀਂ ਅਪਣੇ ਦਫ਼ਤਰ ਵਿਚ ਪੀੜਤ ਨਾਲ ਦੁਰਵਿਵਹਾਰ ਕਰ ਰਹੇ ਹੋ ਤੇ ਬਾਹਰ ਦੇ ਲੋਕਾਂ ਨਾਲ ਕਿਵੇਂ ਵਿਵਹਾਰ ਕਰੋਗੇ? ਇਸ ਤੋਂ ਬਾਅਦ ਡੀ.ਐਸ.ਪੀ. ਨੇ ਇਸ ਡਿਵੀਜ਼ਨ ਵਿਚ ਕੰਮ ਕਰਨ ਤੋਂ ਇਨਕਾਰ ਕਰ ਦਿਤਾ।
ਡਾ. ਸੋਹਲ ਨੇ ਦਸਿਆ ਕਿ ਉਨ੍ਹਾਂ ਤੁਰੰਤ ਐਸ.ਐਸ.ਪੀ. ਨੂੰ ਫ਼ੋਨ ਕੀਤਾ। ਉਸ ਨੇ ਅੰਮ੍ਰਿਤਸਰ ਵਿਚ ਹੋਣ ਦੀ ਗੱਲ ਕਹਿ ਕੇ ਫੋਨ ਕੱਟ ਦਿਤਾ। ਜਦੋਂ ਮੈਂ ਅਗਲੀ ਸਵੇਰ ਦੁਬਾਰਾ ਫ਼ੋਨ ਕੀਤਾ ਤਾਂ ਐਸ.ਐਸ.ਪੀ. ਨੇ ਕਿਹਾ ਕਿ ਉਹ ਰੁੱਝੇ ਹੋਏ ਹਨ। ਵਿਧਾਇਕ ਮੁਤਾਬਕ ਆਖ਼ਰ ਐਸ.ਐਸ.ਪੀ. ਨੇ ਕਿਹਾ ਕਿ ਉਹ ਅਪਣੇ ਅਫ਼ਸਰਾਂ ਦੀ ਗਰੇਡਿੰਗ ਵਿਧਾਇਕ ਤੋਂ ਨਹੀਂ ਕਰਵਾਉਣਾ ਚਾਹੁੰਦੇ। ਇਸ ਤੋਂ ਬਾਅਦ ਡਾ. ਸੋਹਲ ਨੇ ਪੁਲਿਸ ਦੇ ਇਸ ਰਵੱਈਏ ਅਤੇ ਨੈਤਿਕਤਾ ਦੀ ਉਲੰਘਣਾ ਦੀ ਸ਼ਿਕਾਇਤ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਕੀਤੀ। ਕਮੇਟੀ ਨੇ ਕੱਲ੍ਹ ਤਿੰਨੋਂ ਪੁਲਿਸ ਅਧਿਕਾਰੀਆਂ ਨੂੰ ਤਲਬ ਕੀਤਾ ਸੀ।