ਮੁੱਖ ਮੰਤਰੀ ਮਾਨ ਨੇ 710 ਨਵਨਿਯੁਕਤ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਸੌਪਕੇ ,ਤਿੰਨ ਗੁਣਾ ਵੱਧ ਸਿਖਲਾਈ ਭੱਤਾ ਦੇਣ ਦਾ ਕੀਤਾ ਐਲਾਨ

4677792
Total views : 5511193

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਪਟਵਾਰੀਆਂ ਨੂੰ ਮੁੱਖ ਮੰਤਰੀ ਦੀ ਅਪੀਲ “ਜਿੰਨੀ ਕਲਮ ਲੋਕਾਂ ਦੇ ਹੱਕ ‘ਚ ਚਲਾਓਗੇ ਉਹਨੇ ਭੱਤੇ ਵਧਣਗੇ, ਕਲਮ ਛੋੜ੍ਹ ਹੜਤਾਲ ਨਾਲ ਨੁਕਸਾਨ ਹੀ ਹੋਣਾ ਹੈ”

ਚੰਡੀਗੜ੍ਹ/ਬੀ.ਐਨ.ਈ ਬਿਊਰੋ

ਸਿਖਲਾਈਯਾਫ਼ਤਾ ਪਟਵਾਰੀਆਂ ਨੂੰ ਵੱਡਾ ਤੋਹਫਾ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਨ੍ਹਾਂ ਪਟਵਾਰੀਆਂ ਦੇ ਸਿਖਲਾਈ ਭੱਤੇ ਵਿੱਚ ਤਿੰਨ ਗੁਣਾ ਤੋਂ ਵੀ ਜ਼ਿਆਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ, ਜਿਸ ਨਾਲ ਹੁਣ ਪ੍ਰਤੀ ਮਹੀਨਾ 5000 ਰੁਪਏ ਦੀ ਬਜਾਏ 18000 ਰੁਪਏ ਮਿਲਣਗੇ।  ਨਵੇਂ ਭਰਤੀ ਹੋਏ 710 ਪਟਵਾਰੀਆਂ ਨੂੰ ਨਿਯੁਕਤੀ ਪੱਤਰ ਸੌਂਪਣ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਵਾਧਾ ਕਰਨਾ ਸਮੇਂ ਦੀ ਲੋੜ ਸੀ ਤਾਂ ਕਿ ਸਿਖਲਾਈ ਅਧੀਨ ਪਟਵਾਰੀ ਆਪਣੀ ਡਿਊਟੀ ਬਿਨਾਂ ਕਿਸੇ ਪ੍ਰੇਸ਼ਾਨੀ ਤੋਂ ਸੁਚਾਰੂ ਢੰਗ ਨਾਲ ਨਿਭਾਅ ਸਕਣ। ਉਨ੍ਹਾਂ ਕਿਹਾ ਕਿ ਇਨ੍ਹਾਂ ਪਟਵਾਰੀਆਂ ਲਈ 5000 ਰੁਪਏ ਮਹੀਨਾ ਭੱਤਾ ਬਹੁਤ ਘੱਟ ਹੈ ਕਿਉਂ ਜੋ ਉਹ ਬਹੁਤ ਸਖ਼ਤ ਮੁਕਾਬਲੇ ਵਿੱਚੋਂ ਪਾਸ ਹੋ ਕੇ ਸੇਵਾ ਵਿੱਚ ਆਉਂਦੇ ਹਨ, ਜਿਸ ਕਰਕੇ ਸਰਕਾਰ ਨੇ ਵਾਧਾ ਕਰਨ ਦਾ ਫੈਸਲਾ ਲਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਕੋਲ ਫੰਡਾਂ ਦੀ ਕੋਈ ਘਾਟ ਨਹੀਂ ਹੈ ਅਤੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀ ਭਲਾਈ ਯਕੀਨੀ ਬਣਾਈ ਜਾਵੇਗੀ।

ਮੁੱਖ ਮੰਤਰੀ ਨੇ ਪਟਵਾਰੀਆਂ ਨੂੰ ਸੱਦਾ ਦਿੱਤਾ ਕਿ ਉਹ ਲੋਕਾਂ ਨੂੰ ਪ੍ਰੇਸ਼ਾਨ ਕਰਨ ਦੀ ਬਜਾਏ ਆਪਣੀ ਕਲਮ ਦੀ ਵਰਤੋਂ ਲੋਕਾਂ ਦੇ ਭਲੇ ਲਈ ਕਰਨ। ਉਨ੍ਹਾਂ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਕੁਝ ਲੋਕ ਆਪਣੇ ਭ੍ਰਿਸ਼ਟ ਸਾਥੀਆਂ ਦੀ ਮਦਦ ਲਈ ਕਲਮ ਛੋੜ ਹੜਤਾਲ ਦੇ ਨਾਮ ਹੇਠ ਲੋਕਾਂ ਨੂੰ ਖੱਜਲ-ਖੁਆਰ ਕਰ ਰਹੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਕਦਮ ਪੂਰੀ ਤਰ੍ਹਾਂ ਬੇਲੋੜਾ ਹੈ ਕਿਉਂ ਜੋ ਸੂਬਾ ਸਰਕਾਰ ਆਮ ਲੋਕਾਂ ਦੇ ਹਿੱਤ ਵਿਚ ਕੋਈ ਸਮਝੌਤਾ ਨਹੀਂ ਕਰੇਗੀ।

ਪਟਵਾਰੀਆਂ ਦੀਆਂ 586 ਨਵੀਆਂ ਅਸਾਮੀਆਂ ਲਈ ਇਸ਼ਤਿਹਾਰ ਛੇਤੀ ਜਾਰੀ ਹੋਵੇਗਾ

  ਪ੍ਰਦਰਸ਼ਨਕਾਰੀ ਪਟਵਾਰੀਆਂ ਦੇ ਅੜੀਅਲ ਰਵੱਈਏ ਉਤੇ ਤਨਜ਼ ਕੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਲੋਕ ਆਮ ਆਦਮੀ ਨੂੰ ਤੰਗ-ਪ੍ਰੇਸ਼ਾਨ ਕਰਕੇ ਸੂਬਾ ਸਰਕਾਰ ਨੂੰ ਬਲੈਕਮੇਲ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਲੋਕਾਂ ਦੇ ਹਿੱਤ ਵਿੱਚ ਅਜਿਹੀਆਂ ਨੌਟੰਕੀਆਂ ਅੱਗੇ ਕਿਸੇ ਵੀ ਕੀਮਤ ਉਤੇ ਨਹੀਂ ਝੁਕੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਸਰਕਾਰ ਲੋਕਾਂ ਦੀ ਸਰਕਾਰ ਹੈ ਅਤੇ ਉਨ੍ਹਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ।

ਮੁੱਖ ਮੰਤਰੀ ਨੇ ਪਟਵਾਰੀਆਂ ਨੂੰ ਆਪਣੀ ਕਲਮ ਲੋਕ ਭਲਾਈ ਲਈ ਵਰਤਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਆਉਂਦੇ ਸਮੇਂ ਵਿੱਚ ਜਿੰਨੀ ਕਲਮ ਤੁਸੀਂ ਲੋਕ ਹਿੱਤ ਵਿੱਚ ਚਲਾਓਗੇ, ਉਨੇ ਹੀ ਭੱਤੇ ਸਰਕਾਰ ਹੋਰ ਵਧਾਏਗੀ। ਉਨ੍ਹਾਂ ਕਿਹਾ ਕਿ ਕਲਮ ਛੋੜ ਹੜਤਾਲ ਦਾ ਫਾਇਦਾ ਕਿਸੇ ਨੂੰ ਨਹੀਂ ਹੋਣਾ, ਜਿਸ ਕਰਕੇ ਨਵੇਂ ਚੁਣੇ ਪਟਵਾਰੀਆਂ ਨੂੰ ਅਜਿਹੀ ਕਾਰਵਾਈ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ। ਭਗਵੰਤ ਸਿੰਘ ਮਾਨ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਉਨ੍ਹਾਂ ਦੀ ਸਰਕਾਰ ਲੋਕਾਂ ਨੂੰ ਮੁਫ਼ਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਇਸ ਸਬੰਧ ਵਿਚ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।ਪੁਲਿਸ ਫੋਰਸ ਦੀ ਸਾਲਾਨਾ ਭਰਤੀ ਵਾਂਗ ਪਟਵਾਰੀਆਂ ਦੀ ਵੀ ਸਾਲਾਨਾ ਭਰਤੀ ਕਰਨ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ 586 ਨਵੇਂ ਪਟਵਾਰੀਆਂ ਦੀ ਅਸਾਮੀਆਂ ਲਈ ਇਸ਼ਤਿਹਾਰ ਛੇਤੀ ਜਾਰੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਟਵਾਰੀਆਂ ਦੀ ਰੈਗੂਲਰ ਭਰਤੀ ਹੋਣ ਨਾਲ ਜਿੱਥੇ ਮਾਲ ਵਿਭਾਗ ਦਾ ਕੰਮਕਾਜ ਹੋਰ ਸੁਚਾਰੂ ਹੋਵੇਗਾ, ਉਥੇ ਹੀ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਉਂਦੇ ਸਮੇਂ ਵਿਚ ਇਸ ਭਰਤੀ ਨੂੰ ਸਾਲਾਨਾ ਆਧਾਰ ਉਤੇ ਕਰਨ ਦੀ ਵਿਵਸਥਾ ਕਰਨ ਲਈ ਲੋੜੀਂਦੀਆਂ ਰਸਮਾਂ ਪੂਰੀਆਂ ਕੀਤੀਆਂ ਜਾਣਗੀਆਂ। ਇਸ ਮੌਕੇ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ, ਮੁੱਖ ਸਕੱਤਰ ਅਨੁਰਾਗ ਵਰਮਾ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।

Share this News