ਜਿਲ੍ਹਾ ਅੰਮ੍ਰਿਤਸਰ ਵਿੱਚ ਝੋਨੇ ਦੀ ਲੁਆਈ ਮਿਤੀ 19 ਜੂਨ ਤੋਂ ਹੀ ਕੀਤੀ ਜਾਵੇ: ਮੁੱਖ ਖੇਤੀਬਾੜੀ ਅਫਸਰ

4677764
Total views : 5511083

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਜਸਕਰਨ ਸਿੰਘ , ਬੱਬੂ ਬੰਡਾਲਾ

ਸ. ਜਤਿੰਦਰ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਨੇ ਜਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ “ਦੀ ਪੰਜਾਬ ਪ੍ਰੀਜਰਵੇਸ਼ਨ ਆਫ ਸਬ-ਸਾਇਲ ਵਾਟਰ ਐਕਟ, 2009” ਤਹਿਤ ਜਾਰੀ ਨੋਟੀਫਿਕੇਸ਼ਨ ਅਨੁਸਾਰ ਅੰਮ੍ਰਿਤਸਰ ਜਿਲ੍ਹੇ ਵਿੱਚ ਝੋਨੇ ਦੀ ਲੁਆਈ ਮਿਤੀ 19 ਜੂਨ 2023 ਤੋਂ ਨਿਸ਼ਚਿਤ ਕੀਤੀ ਗਈ ਹੈ ਜਦੋਂਕਿ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਤਾਰ ਤੋ ਪਾਰਲੇ ਇਲਾਕਿਆਂ ਵਿੱਚ ਕਿਸਾਨ ਝੋਨੇ ਦੀ ਲੁਆਈ ਮਿਤੀ 10 ਜੂਨ 2023 ਤੋਂ ਸ਼ੁਰੂ ਕਰ ਸਕਦੇ ਹਨ।

ਉਹਨਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਥੱਲੇ ਜਾ ਰਿਹਾ ਹੈ ਇਸ ਲਈ ਜਿੰਨਾਂ ਕਿਸਾਨਾਂ ਨੇ ਪਰਮਲ ਕਿਸਮਾਂ ਦੀ ਲੁਆਈ ਕਰਨੀ ਹੈ ਉਹ ਝੋਨੇ ਦੀਆਂ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਪਰਮਲ ਕਿਸਮਾਂ ਨੂੰ ਹੀ ਤਰਜੀਹ ਦੇਣ ਅਤੇ ਕੁਦਰਤ ਦੀ ਵਡਮੁੱਲੀ ਦਾਤ ਪਾਣੀ ਨੂੰ ਬਣਾਉਣ ਵਾਸਤੇ ਝੋਨੇ ਦੀ ਲੁਆਈ ਸਰਕਾਰ ਵੱਲੋਂ ਨਿਰਧਾਰਿਤ ਮਿਤੀਆਂ ਤੋਂ ਪਹਿਲਾਂ ਨਾ ਕੀਤੀ ਜਾਵੇ।

 ਉਹਨਾਂ ਦੱਸਿਆ ਕਿ ਜਿਲ੍ਹਾ ਅੰਮ੍ਰਿਤਸਰ ਦਾ ਜਲਵਾਯੂ ਬਾਸਮਤੀ ਦੀ ਫਸਲ ਲਈ ਬਹੁਤ ਹੀ ਢੁੱਕਵਾਂ ਹੈ ਅਤੇ ਇੱਥੇ ਪੈਦਾ ਕੀਤੀ ਜਾਂਦੀ ਬਾਸਮਤੀ ਵਿੱਚ ਪੱਕਣ ਸਮੇਂ ਮੌਸਮ ਠੰਢਾਂ ਹੋਣ ਕਾਰਨ ਬਹੁਤ ਵਧੀਆ ਅਰੋਮਾ ਵਿਕਸਿਤ ਹੁੰਦਾ ਹੈ ਜਿਸ ਕਰਕੇ ਬਾਸਮਤੀ ਦੀ ਵਿਦੇਸ਼ਾ ਵਿੱਚ ਬਹੁਤ ਮੰਗ ਹੈ।

 ਸਾਉਣੀ 2022 ਦੌਰਾਨ ਜਿਲ੍ਹੇ ਅੰਦਰ 108052 ਹੈਕਟੇਅਰ ਰਕਬੇ ਤੇ ਬਾਸਮਤੀ ਦੀ ਕਾਸ਼ਤ ਕੀਤੀ ਗਈ ਜਿਸਨੂੰ ਇਸ ਸਾਲ ਵਿਭਾਗ ਵੱਲੋਂ ਵਧਾ ਕੇ 130000 ਹੈਕਟੇਅਰ ਕਰਨ ਦਾ ਟੀਚਾ ਮਿੱਥਿਆ ਹੈ।

ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਰਕਬੇ ਵਿੱਚ ਬਾਸਮਤੀ ਦੀ ਕਾਸ਼ਤ ਕੀਤੀ ਜਾਵੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਬਾਸਮਤੀ ਦੀ ਲੁਆਈ ਮਿਤੀ 1 ਜੁਲਾਈ ਤੋਂ 31 ਜੁਲਾਈ ਤੱਕ ਸਿਫਾਰਿਸ਼ ਕੀਤੀ ਜਾਂਦੀ ਹੈ ਜਿਸ ਦੌਰਾਨ ਬਰਸਾਤਾਂ ਦੀ ਆਮਦ ਹੋਣ ਕਰਕੇ ਧਰਤੀ ਹੇਠਲੇ ਪਾਣੀ ਦੀ ਮੰਗ ਵੀ ਬਹੁਤ ਘੱਟਦੀ ਹੈ ਅਤੇ ਕੁਦਰਤੀ ਸਾਧਨਾਂ ਦੀ ਬੱਚਤ ਹੁੰਦੀ ਹੈ।

Share this News