Total views : 5509522
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਜਸਕਰਨ ਸਿੰਘ
ਖ਼ਾਲਸਾ ਕਾਲਜ ਦੀ 117ਵੀਂ ਸਾਲਾਨਾ ਕਾਨਵੋਕੇਸ਼ਨ ਮੌਕੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸਤਿਆਜੀਤ ਸਿੰਘ ਮਜੀਠੀਆ ਨੇ ਵੱਖ-ਵੱਖ ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਜਮਾਤਾਂ ਦੇ 1740 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ। ਇਸ ਮੌਕੇ ਸ: ਮਜੀਠੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਨਵੇਂ ਯੁੱਗ ’ਚ ਤਕਨਾਲੋਜੀ ਨਵੀਆਂ ਚੁਣੌਤੀਆਂ ਲਿਆ ਰਹੀ ਹੈ ਅਤੇ ਸਾਨੂੰ ਅਕਾਦਮਿਕ ਅਤੇ ਅਧਿਆਤਮਕ ਜੀਵਨ ਢੰਗ ਅਪਨਾ ਕੇ ਇਸ ਦੇ ਨਵੇਂ ਹੱਲ ਲੱਭਣ ਦੀ ਜ਼ਰੂਰਤ ਹੈ।
ਇਸ ਮੌਕੇ ਉਨ੍ਹਾਂ ਗੁਰਮਤਿ ਜੀਵਨ ਨਾਲ ਸਬੰਧਿਤ ਉਦਾਹਰਣਾਂ ਦਾ ਹਵਾਲਾ ਦਿੰਦਿਆਂ ਕਿਹਾ ਅੱਜ ਜੀਵਨ ਨਵੀਆਂ ਕਾਢਾਂ ਅਤੇ ਤਕਨਾਲੋਜੀ ਦੁਆਰਾ ਪ੍ਰਭਾਵਿਤ ਹੋਇਆ ਹੈ, ਜੋ ਵਾਤਾਵਰਣ, ਸਮਾਜਿਕ ਅਤੇ ਵਿਵਹਾਰਿਕ ਮਸਲੇ ਪੈਦਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀ ਇਕ ਅਜਿਹੇ ਸਮੇਂ ’ਚ ਇਕ ਨਵੇਂ ਅਧਿਆਏ ਦੀ ਸ਼ੁਰੂਆਤ ਕਰ ਰਹੇ ਹੋ ਜੋ ਨਾ ਸਿਰਫ਼ ਸਾਡੇ ਆਪਣੇ ਜੀਵਨ ਲਈ ਪਰਿਣਾਮਿਕ ਹੈ, ਸਗੋਂ ਦੇਸ਼ ਅਤੇ ਸੰਸਾਰ ਲਈ ਵੀ ਮਹੱਤਵਪੂਰਨ ਹੈ। ਸ: ਮਜੀਠੀਆ ਨੇ ਕਿਹਾ ਕਿ ਤਕਨਾਲੋਜੀ ਦੁਆਰਾ ਬਦਲਾਅ ਦੀ ਤੇਜ਼ ਦਰ ਨੇ ਤਬਦੀਲੀ, ਲਿੰਗ ਸਮਾਨਤਾ, ਗਰੀਬੀ ਅਤੇ ਜਲਵਾਯੂ ਵਰਗੀਆਂ ਵਿਸ਼ਵ-ਵਿਆਪੀ ਸਮੱਸਿਆਵਾਂ ਵੀ ਪੈਦਾ ਕੀਤੀਆਂ ਹਨ।
ਮੌਜ਼ੂਦਾ ਯੁੱਗ ’ਚ ਦਰਪੇਸ਼ ਚੁਣੌਤੀਆਂ ਦਾ ਹੱਲ ਅਧਿਆਤਮਿਕ ਜੀਵਨ ਢੰਗ ਅਪਨਾਉਣਾ : ਮਜੀਠੀਆ
ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਤੇਜੀ ਨਾਲ ਬਦਲ ਰਹੀ ਦੁਨੀਆਂ ’ਚ ਚੁਣੌਤੀਆਂ ਦੇ ਹੱਲ ਲਈ ਸਾਰਿਆਂ ਨੂੰ ਸਿੱਖਿਆ ਗ੍ਰਹਿਣ ਕਰ ਕੇ ਅੱਗੇ ਵੱਧਦੇ ਰਹਿਣਾ ਚਾਹੀਦਾ ਹੈ, ਕਿਉਂਕਿ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਸਿੱਖਣਾ ਖ਼ਤਮ ਨਹੀਂ ਹੁੰਦਾ, ਸਗੋਂ ਇਸ ਦਾ ਅਗਲਾ ਅਧਿਆੲੈ ਸ਼ੁਰੂ ਹੁੰਦੀ ਹੈ। ਇਸ ਲਈ ਜੀਵਨ ’ਚ ਹਮੇਸ਼ਾਂ ਸਿੱਖਦੇ ਰਹੋ ਅਤੇ ਵਧਦੇ ਰਹੋ”। ਇਸ ਮੌਕੇ ਸ: ਮਜੀਠੀਆ ਨੇ ਡਿਗਰੀਆਂ ਪ੍ਰਾਪਤ ਕਰਕੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਵੀ ਦਿੱਤੀ।
ਇਸ ਤੋਂ ਪਹਿਲਾਂ ਆਪਣੇ ਪ੍ਰਧਾਨਗੀ ਭਾਸ਼ਣ ’ਚ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਸਫ਼ਲਤਾ ਅਤੇ ਖੁਸ਼ੀ ਯੋਗਤਾ ਦੀ ਬਜਾਏ ਰਵੱਈਏ ’ਤੇ ਨਿਰਭਰ ਕਰਦੀ ਹੈ। ਉਨ੍ਹਾਂ ਕਿਹਾ ਕਿ ਸਫਲਤਾ ਸਮਾਂ ਲੈਂਦੀ ਹੈ, ਇਸ ਲਈ ਸਾਨੂੰ ਸਫਲਤਾ ਦੀ ਤਲਾਸ਼ ’ਚ ਲਗਾਤਾਰ ਅੱਗੇ ਵੱਧਣਾ ਚਾਹੀਦਾ ਹੈ। ਸ: ਛੀਨਾ ਨੇ ਕਿਹਾ ਕਿ ਮੰਜ਼ਿਲ ’ਤੇ ਪਹੁੰਚਣ ਦੀ ਜਲਦਬਾਜ਼ੀ ਨਾ ਕਰੋ, ਧਿਆਨ ਕੇਂਦਰਿਤ ਕਰੋ ਅਤੇ ਜੀਵਨ ਦਾ ਆਨੰਦ ਮਾਣਦਿਆਂ ਸਫ਼ਲਤਾ ਪ੍ਰਾਪਤ ਕਰਨੀ ਹੀ ਜੀਵਨ ਢੰਗ ਹੋਣਾ ਚਾਹੀਦਾ ਹੈ ।
ਕਾਨਵੋਕੇਸ਼ਨ ਮੌਕੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਵਿਦਿਆਰਥੀਆਂ ਦੀਆਂ ਵਿੱਦਿਅਕ, ਸੱਭਿਆਚਾਰਕ ਅਤੇ ਖੇਡ ਗਤੀਵਿਧੀਆਂ ’ਚ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦਿਆਂ ਕਾਲਜ ਦੀ ਸਾਲਾਨਾ ਰਿਪੋਰਟ ਪੜ੍ਹੀ। ਉਨ੍ਹਾਂ ਕਿਹਾ ਕਿ ਗਵਰਨਿੰਗ ਕੌਂਸਲ ਦੀ ਯੋਗ ਅਗਵਾਈ ਹੇਠ ਕਾਲਜ ਨੇ ਤਰੱਕੀ ਕੀਤੀ ਹੈ ਅਤੇ ਵਿਦਿਆਰਥੀਆਂ ਨੇ ਸਾਲਾਨਾ ਇਮਤਿਹਾਨਾਂ ਦੇ ਨਾਲ-ਨਾਲ ਖੇਡਾਂ ’ਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਮੌਕੇ ਸ: ਮਜੀਠੀਆ, ਸ: ਛੀਨਾ ਨੇ ਡਾ. ਜ਼ੋਰਾਵਰ ਸਿੰਘ ਨੂੰ ਬੈਸਟ ਟੀਚਰ ਅਤੇ ਡਾ. ਬਲਵਿੰਦਰ ਸਿੰਘ ਨੂੰ ਬੈਸਟ ਰਿਸਰਚਰ ਐਵਾਰਡ ਨਾਲ ਸਨਮਾਨਿਤ ਵੀ ਕੀਤਾ। ਉਨ੍ਹਾਂ ਕਾਨਵੋਕੇਸ਼ਨ ਡਿਗਰੀਆਂ, ਮੈਡਲ ਅਤੇ ਮੈਰੀਟੋਰੀਅਸ ਸਰਟੀਫਿਕੇਟ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਵੀ ਦਿੱਤੀ।
ਇਸ ਮੌਕੇ ਕੌਂਸਲ ਦੇ ਜੁਆਇੰਟ ਸਕੱਤਰ ਸਰਦੂਲ ਸਿੰਘ ਮੰਨਨ, ਅਜਮੇਰ ਸਿੰਘ ਹੇਰ, ਮੈਂਬਰ ਗੁਰਪ੍ਰੀਤ ਸਿੰਘ ਗਿੱਲ, ਡੀਨ ਡਾ. ਤਮਿੰਦਰ ਸਿੰਘ ਭਾਟੀਆ, ਰਜਿਸਟਰਾਰ ਪ੍ਰੋ: ਦਵਿੰਦਰ ਸਿੰਘ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ, ਖ਼ਾਲਸਾ ਕਾਲਜ ਫ਼ਾਰ ਵੂਮੈਨ ਪ੍ਰਿੰਸੀਪਲ ਡਾ. ਸੁਰਿੰਦਰ ਕੌਰ, ਖ਼ਾਲਸਾ ਕਾਲਜ ਆਫ਼ ਫ਼ਿਜ਼ੀਕਲ ਐਜ਼ੂਕੇਸ਼ਨ ਪ੍ਰਿੰਸੀਪਲ ਡਾ. ਕੰਵਲਜੀਤ ਸਿੰਘ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਮਨਦੀਪ ਕੌਰ, ਖ਼ਾਲਸਾ ਕਾਲਜ ਚਵਿੰਡਾ ਦੇਵੀ ਪ੍ਰਿੰਸੀਪਲ ਪ੍ਰੋ: ਗੁਰਦੇਵ ਸਿੰਘ ਤੋਂ ਇਲਾਵਾ ਹੋਰ ਸੀਨੀਅਰ ਫ਼ੈਕਲਟੀ ਮੈਂਬਰ ਹਾਜ਼ਰ ਸਨ।