Total views : 5510061
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਮੁਹਾਲੀ/ਬੀ.ਐਨ.ਈ ਬਿਊਰੋ
ਮੁਹਾਲੀ ਸਥਿਤ ਸੀਬੀਆਈ ਜੱਜ ਅਮਨਦੀਪ ਕੌਰ ਕੰਬੋਜ ਨੇ ਤਰਨਤਾਰਨ ਬੈਂਕ ਮੁਲਾਜ਼ਮ ਕੁਲਦੀਪ ਸਿੰਘ ਨੂੰ ਅਗਵਾਹ ਕਰਨ, ਗ਼ੈਰ-ਕਾਨੂੰਨੀ ਹਿਰਾਸਤ ਵਿੱਚ ਰੱਖਣ ਅਤੇ ਫਿਰ ਲਾਪਤਾ ਕਰਨ ਦੇ 30 ਸਾਲ ਪੁਰਾਣੇ ਕੇਸ ਵਿੱਚ ਪੁਲਿਸ ਮੁਲਾਜ਼ਮ ਝਿਰਮਲ ਅਤੇ ਸੂਬਾ ਸਿੰਘ ਨੂੰ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਹਾਂ ਨੂੰ ਵੱਖ-ਵੱਖ ਸਬੂਤਾਂ ਤੇ ਗਵਾਹਾਂ ਦੀ ਰੋਸ਼ਨੀ ’ਚ ਦੋਸ਼ੀ ਮੰਨਦਿਆਂ ਝਿਰਮਲ ਸਿੰਘ ਤੱਤਕਾਲੀ ਇੰਸਪੈਕਟਰ ਦੇ ਗੰਨਮੈਨ ਤੇ ਮੌਜੂਦਾ ਸਬ-ਇੰਸਪੈਕਟਰ ਅੰਮ੍ਰਿਤਸਰ ਨੂੰ ਪੰਜ ਸਾਲ ਅਤੇ ਤਤਕਾਲੀ ਇੰਸਪੈਕਟਰ ਸੂਬਾ ਸਿੰਘ ਨੂੰ 3 ਸਾਲਾਂ ਦੀ ਸਜ਼ਾ ਸੁਣਾਈ ਹੈ।
ਇਹ ਕੇਸ 1992 ਦਾ ਹੈ ਜਿਸ ਵਿਚ 3 ਮੁਲਾਜ਼ਮ ਦੀ ਸ਼ਮੂਲੀਅਤ ਮਿਲੀ ਜਿਨ੍ਹਾਂ ਵਿਚੋਂ ਤਰਨਤਾਰਨ ਸੀਆਈਏ ਸਟਾਫ਼ ਦੇ ਇੰਚਾਰਜ ਗੁਰਦੇਵ ਸਿੰਘ ਦੀ ਮੌਤ ਹੋ ਚੁੱਕੀ ਹੈ। ਸਾਲ 2001 ਤੋਂ ਇਸ ਮਾਮਲੇ ਦੀ ਪੜਤਾਲ ਸੀਬੀਆਈ ਕਰ ਰਹੀ ਸੀ ਜਿਸ ਨੇ ਆਪਣੀ ਚਾਰਜਸ਼ੀਟ ਵਿੱਚ 39 ਗਵਾਹਾਂ ਦਾ ਹਵਾਲਾ ਦਿੱਤਾ। ਕੇਸ ਦੇ ਹੌਲੀ ਰਫ਼ਤਾਰ ’ਚ ਚੱਲਦੇ ਟਰਇਲ ਦੌਰਾਨ 12 ਗਵਾਹਾਂ ਦੀ ਮੌਤ ਹੋ ਗਈ ਅਤੇ ਕੁਝ ਗਵਾਹਾਂ ਦੇ ਪਤੇ ਗਲਤ/ਅਧੂਰੇ ਸਨ, ਜਿਸ ਕਰਕੇ ਇਸਤਗਾਸਾ ਪੱਖ ਵੱਲੋਂ ਸਿਰਫ 19 ਗਵਾਹ ਹੀ ਪੇਸ਼ ਹੋਏ ਜਦੋਂ ਕਿ 2 ਗਵਾਹ ਦੋਸ਼ੀ ਪੁਲਿਸ ਅਧਿਕਾਰੀਆਂ ਦੇ ਬਚਾਅ ਵਿੱਚ ਪੇਸ਼ ਹੋਏ।
ਮਾਮਲੇ ਦੀ ਸ਼ਿਕਾਇਤ ਕੁਲਦੀਪ ਸਿੰਘ ਦੇ ਨਾਲ ਹੀ ਹਿਰਾਸਤ ’ਚ ਲਏ ਸਤਨਾਮ ਸਿੰਘ ਨਾਂਅ ਸ਼ਖ਼ਸ ਨੇ ਕੌਮੀ ਮਨੁੱਖੀ ਅਧਿਕਾਰੀ ਕਮਿਸ਼ਨ ਨੂੰ ਦਿੱਤੀ ਸੀ। ਸਤਨਾਮ ਸਿੰਘ ਨੂੰ ਪੁਲਿਸ ਨੇ ਲਾਰੈਂਸ ਰੋਡ, ਅੰਮ੍ਰਿਤਸਰ ਵਿਖੇ ਜੋਗਿੰਦਰ ਸਿੰਘ ਦੇ ਘਰੋਂ ਵਿਚੋਂ ਕੁਲਦੀਪ ਸਿੰਘ ਸਮੇਤ ਹਿਰਾਸਤ ਵਿੱਚ ਲਿਆ ਸੀ। ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਏਡੀਜੀਪੀ ਅਪਰਾਧ, ਚੰਡੀਗੜ੍ਹ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਗਈ ਸੀ ਜਿਸ ਦੇ ਆਧਾਰ ’ਤੇ 25 ਅਗਸਤ 1999 ਨੂੰ ਥਾਣਾ ਸਿਵਲ ਲਾਈਨਜ਼, ਅੰਮ੍ਰਿਤਸਰ ਵਿਖੇ ਆਈਪੀਸੀ ਦੀ ਧਾਰਾ 364,365,342 ਤਹਿਤ ਮਕੁੱਦਮਾ ਦਰਜ ਕੀਤਾ ਗਿਆ ।