Total views : 5509537
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਜਸਕਰਨ ਸਿੰਘ
ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋ ਸੂਬੇ ਦੇ ਲੋਕਾਂ ਨਾਲ ਬਿਹਤਰ ਅਤੇ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਸਬੰਧੀ ਕੀਤੇ ਜਾ ਰਹੇ ਉਪਰਾਲਿਆਂ ਅਤੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਸਕੂਲ ਸਿੱਖਿਆ ਪ੍ਰਤੀ ਲੋਕਾਂ ਦਾ ਵਿਸ਼ਵਾਸ ਬਹਾਲ ਕਰਕੇ ਉੱਚ ਪੱਧਰੀ ਸਿੱਖਿਆ ਦੇਣ ਦੇ ਸੱਦੇ ਨੂੰ ਕਬੂਲਦਿਆਂ ਜ਼ਿਲਾ ਅੰਮ੍ਰਿਤਸਰ ਦੇ ਮਾਪਿਆਂ ਨੇ ਮਿਸਾਲੀ ਹੁੰਗਾਰਾ ਦਿੱਤਾ। ਬੀਤੇ ਕੱਲ ਇੱਕੋ ਦਿਨ ਵਿੱਚ ਜ਼ਿਲੇ ਦੇ ਸਕੂਲਾਂ ਵਿੱਚ 8780 ਨਵੇਂ ਵਿਦਿਆਰਥੀਆਂ ਨੇ ਦਾਖਲਾ ਲਿਆ। ਜ਼ਿਕਰਯੋਗ ਹੈ ਕਿ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੇ ਨਿਰਦੇਸ਼ਾਂ ਅਨੁਸਾਰ ਸਿੱਖਿਆ ਵਿਭਾਗ ਨੇ 1 ਦਿਨ ਵਿੱਚ 1 ਲੱਖ ਨਵੇਂ ਦਾਖਲੇ ਕਰਨ ਦਾ ਟੀਚਾ ਮਿਥਿਆ ਸੀ ਜਿਸਦੇ ਤਹਿਤ ਹਰੇਕ ਅਧਿਆਪਕ, ਨਾਨ ਟੀਚਿੰਗ ਸਟਾਫ ਅਤੇ ਮਿਡ-ਡੇ-ਮੀਲ ਵਰਕਰ ਨੇ ਘੱਟੋ ਘੱਟ ਇੱਕ-ਇੱਕ ਨਵਾਂ ਵਿਦਿਆਰਥੀ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਉਣਾ ਸੀ।
ਨਵੇ ਦਾਖਲੇ ਕਰਨ ‘ਚ ਅੰਮ੍ਰਿਤਸਰ ਜਿਲਾ ਸੂਬੇ ਭਰ ਵਿੱਚੋ ਪੰਜਵੇ ਸਥਾਨ ਤੇ ਰਿਹਾ
ਅੰਮ੍ਰਿਤਸਰ ਦੇ ਜ਼ਿਲਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਸ੍ਰੀ ਜੁਗਰਾਜ ਸਿੰਘ ਰੰਧਾਵਾ ਅਤੇ ਜ਼ਿਲਾ ਸਿੱਖਿਆ ਅਫਸਰ (ਐਲੀਮੈਂਟਰੀ ਸਿੱਖਿਆ) ਸ੍ਰੀ ਰਾਜੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਵਿਭਾਗੀ ਟੀਚੇ ਅਨੁਸਾਰ ਜ਼ਿਲੇ ਵਿੱਚ 7909 ਨਵੇਂ ਵਿਦਿਆਰਥੀ ਦਾਖਲ ਕਰਨੇ ਸਨ ਪਰ ਸਮੁੱਚੇ ਅਧਿਆਪਕਾਂ ਦੀ ਮਿਹਨਤ ਸਦਕਾ ਇਹ ਅੰਕੜਾ 8780 ਤੱਕ ਪਹੁੰਚ ਗਿਆ। ਉਹਨਾਂ ਦੱਸਿਆ ਕਿ ਜ਼ਿਲੇ ਦੇ ਸਾਰੇ ਅਧਿਆਪਕ ਵਰਗ ਵਿੱਚ ਬੇਹੱਦ ਉਤਸ਼ਾਹ ਦੇਖਣ ਨੂੰ ਮਿਲਿਆ। ਵੱਖ ਵੱਖ ਜ਼ਿਲਾ ਟੀਮਾਂ ਸਮੇਤ ਬਹੁਤ ਸਾਰੇ ਅਧਿਆਪਕਾਂ ਨੇ ਤਾਂ ਸਵੇਰੇ 8 ਵਜੇ ਤੋਂ ਦੇਰ ਰਾਤ ਤੱਕ ਗਲੀ-ਮੁਹੱਲਿਆਂ ਅਤੇ ਸਲੱਮ ਏਰੀਏ ਤੱਕ ਪਹੁੰਚ ਕਰਕੇ ਦਾਖਲੇ ਕੀਤੇ।
ਪ੍ਰਾਪਤ ਵੇਰਵਿਆਂ ਅਨੁਸਾਰ ਅੰਮ੍ਰਿਤਸਰ ਜ਼ਿਲੇ ਵਿੱਚ ਕੱਲ ਇੱਕੋ ਦਿਨ ਵਿੱਚ ਐੱਲ.ਕੇ.ਜੀ. ਅਤੇ ਯੂ.ਕੇ.ਜੀ. ਜਮਾਤ ਵਿੱਚ 2981, ਪਹਿਲੀ ਤੋਂ ਪੰਜਵੀਂ ਜਮਾਤ ਵਿੱਚ 1114, ਛੇਵੀਂ ਤੋਂ ਬਾਰ੍ਹਵੀਂ ਤੱਕ 4516 ਵਿਦਿਆਰਥੀਆਂ ਨੇ ਨਵੇਂ ਦਾਖਲੇ ਹੋਏ।
ਸੈਕੰਡਰੀ ਤੇ ਐਲੀਮੈਂਟਰੀ ਦੇ ਉਪ ਜ਼ਿਲਾ ਸਿੱਖਿਆ ਅਫਸਰ ਸ. ਬਲਰਾਜ ਸਿੰਘ ਢਿੱਲੋਂ ਨੇ ਦੱਸਿਆ ਕਿ ਜ਼ਿਲੇ ਦੇ ਸਾਰੇ ਪੰਦਰਾਂ ਵਿੱਦਿਅਕ ਬਲਾਕਾਂ ਵਿੱਚ ਦਾਖਲਿਆਂ ਨੂੰ ਲੈ ਕੇ ਤਿਓਹਾਰ ਵਰਗਾ ਮਾਹੌਲ ਬਣਿਆ ਰਿਹਾ। ਬਲਾਕ ਅੰਮ੍ਰਿਤਸਰ-2 ਨੇ ਰਿਕਾਰਡ ਕਾਇਮ ਕਰਦਿਆਂ 1120 ਦਾਖਲੇ ਕਰਕੇ ਪੰਜਾਬ ਵਿੱਚੋਂ ਪੰਜਵਾਂ ਸਥਾਨ ਹਾਸਿਲ ਕੀਤਾ।
ਸਮੂਹ ਅੰਮ੍ਰਿਤਸਰ ਦੇ ਅਧਿਆਪਕਾਂ ਨੇ ਇੱਟਾਂ ਦੇ ਭੱਠਿਆਂ ਅਤੇ ਉਦਯੋਗਿਕ ਅਦਾਰਿਆਂ ਤੱਕ ਪਹੁੰਚ ਕਰਕੇ ਸਰਕਾਰੀ ਸਕੂਲਾਂ ਵਿੱਚ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦੇ ਕੇ ਦਾਖਲਿਆਂ ਸਬੰਧੀ ਪ੍ਰੇਰਿਤ ਵੀ ਕੀਤਾ।
ਸਰਬਜੀਤ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਪੜੋ ਪੰਜਾਬ ਅਤੇ ਐਚ ਟੀ ਰਜਿੰਦਰ ਸਿੰਘ ਅਨੁਸਾਰ ਸਿੱਖਿਆ ਵਿਭਾਗ ਦੇ ਇਸ ਨਿਵੇਕਲੇ ਉਪਰਾਲੇ ਨੇ ਵਿਦਿਆਰਥੀਆਂ ਦੇ ਸਿਰਫ ਨਵੇਂ ਦਾਖਲੇ ਹੀ ਨਹੀਂ ਕੀਤੇ ਸਗੋਂ ਨਵੀਂ ਰੂਹ ਵੀ ਫੂਕੀ ਹੈ ਜਿਸਦੇ ਬਹੁਤ ਸਾਰਥਕ ਨਤੀਜੇ ਮਿਲਣਗੇ।
ਪ੍ਰਾਪਤ ਜਾਣਕਾਰੀ ਅਨੁਸਾਰ ਦਾਖ਼ਲਾ ਮੁਹਿੰਮ ਨੂੰ ਹੋਰ ਅਸਰਦਾਰ ਬਣਾਉਣ ਵਾਸਤੇ ਸਿੱਖਿਆ ਵਿਭਾਗ ਵੱਲੋਂ 31 ਮਾਰਚ ਤੱਕ ਪੰਜਾਬ ਦੇ ਹਰੇਕ ਸਰਕਾਰੀ ਸਕੂਲ ਦੇ ਬਾਹਰ ਮੇਨ ਗੇਟ ਤੇ ਦਾਖਲਾ ਬੂਥ ਲਾਉਣ ਬਾਰੇ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ ਜਿੱਥੇ ਸਕੂਲ ਖੁੱਲ੍ਹਣ ਦੇ ਸਮੇਂ ਤੋਂ ਲੈ ਕੇ ਸਾਰੀ ਛੁੱਟੀ ਹੋਣ ਤੱਕ ਟੀਚਿੰਗ/ਨਾਨ ਟੀਚਿੰਗ ਸਟਾਫ਼ ਰੋਜ਼ਾਨਾ ਡਿਊਟੀ ਤੇ ਬੈਠੇਗਾ ਅਤੇ ਰਜਿਸਟਰ ਤੇ ਦਾਖਲਿਆਂ ਸਬੰਧੀ ਰਜਿਸਟਰੇਸ਼ਨ ਕਰੇਗਾ।