Total views : 5507270
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨਤਾਰਨ /ਲਾਲੀ ਕੈਰੋ,ਜਸਬੀਰ ਲੱਡੂ
ਪਿੰਡ ਦੋਬੁਰਜੀ ’ਚ ਦਿ ਸੈਂਟਰਲ ਕੋਆਪ੍ਰੇਟਿਵ ਬੈਂਕ ਦੀ ਬ੍ਰਾਂਚ ’ਚ ਪੌਣੇ 8 ਕਰੋੜ ਰੁਪਏ ਦੇ ਕਰੀਬ ਦਾ ਘਪਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਮਾਮਲੇ ਦੀ ਚੱਲੀ ਜਾਂਚ ਤੋਂ ਬਾਅਦ ਥਾਣਾ ਸਿਟੀ ਤਰਨਤਾਰਨ ਵਿਖੇ ਸਾਬਕਾ ਬ੍ਰਾਂਚ ਮੈਨੇਜਰ ਅਤੇ ਸਾਬਕਾ ਮਹਿਲਾ ਕਲਰਕ ਨੂੰ ਧੋਖਾਧੜੀ ਦੀਆਂ ਧਾਰਾਵਾਂ ਦੇ ਤਹਿਤ ਨਾਮਜ਼ਦ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਬੈਂਕ ਦੇ ਮੈਨੇਜਰ ਖਜ਼ਾਨ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ ਕਿ ਸਾਲ 2014 ਤੋਂ 2018 ਤਕ ਦੇ ਅਰਸੇ ਦੌਰਾਨ ਬੈਂਕ ਵਿਚ ਬਤੌਰ ਮੈਨੇਜਰ ਦੇ ਅਹੁਦੇ ’ਤੇ ਤਾਇਨਾਤ ਰਹੇ ਕੁਲਵਿੰਦਰ ਸਿੰਘ ਅਤੇ ਮਹਿਲਾ ਕਲਰਕ ਜਸਵੰਤ ਕੌਰ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ
ਜਾਅਲੀ ਦਸਤਾਵੇਜ਼ਾਂ ਰਾਹੀਂ ਕਰਜ਼ੇ ਦੇ ਵੱਖ-ਵੱਖ ਕੇਸ ਤਿਆਰ ਕਰ ਕੇ ਲਗਪਗ 7 ਕਰੋੜ 65 ਲੱਖ 37 ਹਜ਼ਾਰ 109 ਰੁਪਏ ਦਾ ਗਬਨ ਕਰ ਲਿਆ ਗਿਆ। ਜਦੋਂ ਇਸ ਬਹੁਕਰੋੜੀ ਘਪਲੇ ਦੀ ਭਿਣਕ ਬੈਂਕ ਦੇ ਉੱਚ ਅਧਿਕਾਰੀਆਂ ਨੂੰ ਲੱਗੀ ਤਾਂ ਇਸ ਸਬੰਧੀ ਉੱਚ ਪੱਧਰੀ ਇਨਕੁਆਰੀ ਕਰਵਾਈ ਗਈ।
ਇਨਕੁਆਰੀ ਤੋਂ ਬਾਅਦ ਬੈਂਕ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਐੱਸਐੱਸਪੀ ਗੁਰਮੀਤ ਸਿੰਘ ਚੌਹਾਨ ਦੇ ਆਦੇਸ਼ਾਂ ’ਤੇ ਥਾਣਾ ਸਿਟੀ ਤਰਨਤਾਰਨ ’ਚ ਸਾਬਕਾ ਮੈਨੇਜਰ ਕੁਲਵਿੰਦਰ ਸਿੰਘ ਵਾਸੀ ਮੇਜਰ ਜੀਵਨ ਸਿੰਘ ਨਗਰ ਤਰਨਤਾਰਨ ਅਤੇ ਸਾਬਕਾ ਮਹਿਲਾ ਕਲਰਕ ਜਸਵੰਤ ਕੌਰ ਵਾਸੀ ਤਰਨਤਾਰਨ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ,ਇਸ ਮਾਮਲੇ ਦੀ ਅਗਲੀ ਜਾਂਚ ਕਰ ਰਹੇ ਏਐੱਸਆਈ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।