ਤਰਨ ਤਾਰਨ ਜਿਲੇ ‘ਚ ਅਸਲਾ ਲਾਇਸੈਸਾਂ ਦਾ ਫਰਜੀਵਾੜਾ ਸਾਹਮਣੇ ਆਉਣ ‘ਤੇ ਪ੍ਰਸ਼ਾਸਨਿਕ ਹਲਕਿਆਂ ਵਿੱਚ  ਮੱਚਿਆ ਹੜਕੰਮ! ਉਤਰਾਖੰਡ ਰਹਿੰਦੇ 39 ਪ੍ਰੀਵਾਰਾਂ ਦੇ ਜਾਅਲੀ ਪਾਏ ਗਏ ਅਸਲਾ ਲਾਇਸੈਂਸ

4966769
Total views : 5971036

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ


 

ਤਰਨਤਾਰਨ /ਗੁਰਪ੍ਰੀਤ ਸਿੰਘ ਕੱਦ ਗਿੱਲ

ਤਰਨਤਾਰਨ ਜ਼ਿਲ੍ਹੇ ਵਿੱਚ ਅਸਲਾ ਲਾਇਸੈਂਸਾਂ ਦੇ ਫਰਜ਼ੀਵਾੜੇ ਦਾ ਇੱਕ ਹੋਰ ਗੰਭੀਰ ਮਾਮਲਾ ਸਾਹਮਣੇ ਆਉਣ ਨਾਲ ਪ੍ਰਸ਼ਾਸਨਿਕ ਹਲਕਿਆਂ ਵਿੱਚ ਹੜਕੰਪ ਮਚ ਗਿਆ ਹੈ। ਉੱਤਰਾਖੰਡ ਵਿੱਚ ਰਹਿ ਰਹੇ ਤਰਨਤਾਰਨ ਜ਼ਿਲ੍ਹੇ ਨਾਲ ਸਬੰਧਤ 39 ਪਰਿਵਾਰਾਂ ਦੇ ਅਸਲਾ ਲਾਇਸੈਂਸ ਜਾਂਚ ਦੌਰਾਨ ਜਾਅਲੀ ਪਾਏ ਗਏ ਹਨ। ਮੁੱਢਲੀ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਇਹ ਲਾਇਸੈਂਸ ਕੰਪਿਊਟਰ ਰਾਹੀਂ ਫੋਟੋ ਐਡੀਟਿੰਗ ਕਰਕੇ ਤਿਆਰ ਕੀਤੇ ਗਏ ਸਨ ਅਤੇ ਇਨ੍ਹਾਂ ਉੱਪਰ ਨਕਲੀ ਮੋਹਰਾਂ ਦੀ ਵਰਤੋਂ ਕੀਤੀ ਗਈ ਸੀ। ਹੋਰ ਵੀ ਹੈਰਾਨੀਜਨਕ ਗੱਲ ਇਹ ਹੈ ਕਿ ਇਨ੍ਹਾਂ ਜਾਅਲੀ ਲਾਇਸੈਂਸਾਂ ਦੇ ਆਧਾਰ ’ਤੇ ਤਰਨਤਾਰਨ ਦੇ ਕੁਝ ਗੰਨ ਹਾਊਸਾਂ ਤੋਂ ਹਥਿਆਰਾਂ ਦੀ ਵਿਕਰੀ ਵੀ ਕੀਤੀ ਗਈ। ਹੁਣ ਇਸ ਪੂਰੇ ਮਾਮਲੇ ਵਿੱਚ ਗੰਨ ਹਾਊਸਾਂ ਦੇ ਕਰਮਚਾਰੀਆਂ ਦੀ ਭੂਮਿਕਾ ਵੀ ਜਾਂਚ ਦੇ ਘੇਰੇ ਵਿੱਚ ਆ ਗਈ ਹੈ।

ਫੋਟੋ ਐਡੀਟਿੰਗ ਤੇ ਨਕਲੀ ਮੋਹਰਾਂ ਨਾਲ ਤਿਆਰ ਕੀਤੇ ਗਏ ਸਨ ਅਸਲਾ ਲਾਇਸੈਂਸ, ਗੰਨ ਹਾਊਸਾਂ ਤੋਂ ਹਥਿਆਰਾਂ ਦੀ ਵਿਕਰੀ ਹੋਣ ਦਾ ਵੀ ਖੁਲਾਸਾ

ਜਾਣਕਾਰੀ ਅਨੁਸਾਰ ਉੱਤਰਾਖੰਡ ਸਰਕਾਰ ਵੱਲੋਂ ਕੀਤੀ ਜਾ ਰਹੀ ਜਾਂਚ ਦੌਰਾਨ ਇਨ੍ਹਾਂ 39 ਅਸਲਾ ਲਾਇਸੈਂਸਾਂ ਦੀ ਪ੍ਰਮਾਣਿਕਤਾ ’ਤੇ ਸ਼ੱਕ ਪੈਦਾ ਹੋਇਆ ਸੀ, ਜਿਸ ਤੋਂ ਬਾਅਦ ਉੱਤਰਾਖੰਡ ਪ੍ਰਸ਼ਾਸਨ ਨੇ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਇਨ੍ਹਾਂ ਲਾਇਸੈਂਸਾਂ ਸਬੰਧੀ ਅਧਿਕਾਰਤ ਰਿਕਾਰਡ ਦੀ ਪੁਸ਼ਟੀ ਮੰਗੀ। 28 ਅਕਤੂਬਰ ਨੂੰ ਇਸ ਸਬੰਧੀ ਪੱਤਰ ਮਿਲਣ ਉਪਰੰਤ ਉੱਤਰਾਖੰਡ ਦੀ ਵਿਸ਼ੇਸ਼ ਟੀਮ ਤਰਨਤਾਰਨ ਪਹੁੰਚੀ ਅਤੇ ਜ਼ਿਲ੍ਹੇ ਦੀ ਅਸਲਾ ਸ਼ਾਖਾ ਦੇ ਰਿਕਾਰਡ ਨਾਲ ਲਾਇਸੈਂਸਾਂ ਦਾ ਮਿਲਾਨ ਕੀਤਾ। ਇਸ ਤੋਂ ਬਾਅਦ 4 ਨਵੰਬਰ ਨੂੰ ਡਿਪਟੀ ਕਮਿਸ਼ਨਰ ਵੱਲੋਂ ਮਾਮਲੇ ਦੀ ਵਿਭਾਗੀ ਜਾਂਚ ਸ਼ੁਰੂ ਕਰਵਾਈ ਗਈ।

ਜਾਂਚ ਦੌਰਾਨ ਸਪੱਸ਼ਟ ਹੋਇਆ ਕਿ ਸਬੰਧਤ 39 ਲਾਇਸੈਂਸ ਤਰਨਤਾਰਨ ਪ੍ਰਸ਼ਾਸਨ ਵੱਲੋਂ ਜਾਰੀ ਹੀ ਨਹੀਂ ਕੀਤੇ ਗਏ ਸਨ। ਇਨ੍ਹਾਂ ਵਿੱਚੋਂ ਅੱਠ ਮਾਮਲਿਆਂ ਵਿੱਚ ਇੱਕੋ ਲਾਇਸੈਂਸ ਅਧੀਨ ਦੋ-ਦੋ ਹਥਿਆਰ ਦਰਜ ਹੋਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਇਨ੍ਹਾਂ ਲਾਇਸੈਂਸਾਂ ਦਾ ਆਨਲਾਈਨ ਰਿਕਾਰਡ ਵਿੱਚ ਵੀ ਕੋਈ ਵੇਰਵਾ ਨਹੀਂ ਮਿਲਿਆ, ਜਿਸ ਤੋਂ ਬਾਅਦ ਜਾਂਚ ਏਜੰਸੀਆਂ ਵੱਲੋਂ ਇਸ ਫਰਜ਼ੀਵਾੜੇ ਦੇ ਪਿੱਛੇ ਕੰਮ ਕਰ ਰਹੇ ਲੋਕਾਂ ਦੀ ਪਛਾਣ ਕਰਨ ਲਈ ਜਾਂਚ ਤੇਜ਼ ਕਰ ਦਿੱਤੀ ਗਈ ਹੈ।

19 ਸਾਲਾਂ ਵਿੱਚ ਛੇ ਵਾਰ ਸਾਹਮਣੇ ਆਇਆ ਅਸਲਾ ਲਾਇਸੈਂਸਾਂ ਦਾ ਫਰਜ਼ੀਵਾੜਾ

ਜ਼ਿਕਰਯੋਗ ਹੈ ਕਿ ਜੂਨ 2006 ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ 400ਵੇਂ ਸ਼ਹੀਦੀ ਪੁਰਬ ਸਮਾਗਮਾਂ ਦੌਰਾਨ ਤਤਕਾਲੀ ਕੈਪਟਨ ਸਰਕਾਰ ਵੱਲੋਂ ਪੁਲਿਸ ਜ਼ਿਲ੍ਹਾ ਤਰਨਤਾਰਨ ਨੂੰ ਮਾਲੀਆ ਜ਼ਿਲ੍ਹੇ ਦਾ ਦਰਜਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਅਸਲਾ ਸ਼ਾਖਾ ਸਥਾਪਿਤ ਕੀਤੀ ਗਈ ਸੀ। ਪਿਛਲੇ ਕਰੀਬ 19 ਸਾਲਾਂ ਦੌਰਾਨ ਅਸਲਾ ਲਾਇਸੈਂਸਾਂ ਵਿੱਚ ਧੋਖਾਧੜੀ ਦੇ ਛੇ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਦੇ ਬਾਵਜੂਦ ਪਹਿਲਾਂ ਸਾਹਮਣੇ ਆਏ ਮਾਮਲਿਆਂ ਦੇ ਠੋਸ ਨਤੀਜੇ ਨਾ ਨਿਕਲਣਾ ਪ੍ਰਸ਼ਾਸਨਿਕ ਕਾਰਜਪ੍ਰਣਾਲੀ ’ਤੇ ਵੀ ਸਵਾਲ ਖੜ੍ਹੇ ਕਰਦਾ ਹੈ।

ਗੰਨ ਹਾਊਸਾਂ ਦੀ ਭੂਮਿਕਾ ਦੀ ਵੀ ਹੋਵੇਗੀ ਜਾਂਚ

ਏਡੀਸੀ ਆਦਿੱਤਿਆ ਸ਼ਰਮਾ ਨੇ ਦੱਸਿਆ ਕਿ ਉੱਤਰਾਖੰਡ ਪ੍ਰਸ਼ਾਸਨ ਵੱਲੋਂ 39 ਅਸਲਾ ਲਾਇਸੈਂਸਾਂ ਦੀ ਪ੍ਰਮਾਣਿਕਤਾ ਸਬੰਧੀ ਜਾਣਕਾਰੀ ਮੰਗੀ ਗਈ ਸੀ। ਰਿਕਾਰਡ ਦੀ ਜਾਂਚ ਕਰਨ ’ਤੇ ਪਤਾ ਲੱਗਾ ਕਿ ਇਹ ਲਾਇਸੈਂਸ ਤਰਨਤਾਰਨ ਪ੍ਰਸ਼ਾਸਨ ਵੱਲੋਂ ਜਾਰੀ ਨਹੀਂ ਕੀਤੇ ਗਏ। ਇਸ ਮਾਮਲੇ ਵਿੱਚ ਵਿਭਾਗੀ ਜਾਂਚ ਜਾਰੀ ਹੈ।

ਐਸਐਸਪੀ ਸੁਰੇਂਦਰ ਲਾਂਬਾ ਨੇ ਕਿਹਾ ਕਿ ਸਿਵਲ ਪ੍ਰਸ਼ਾਸਨ ਦੇ ਨਾਲ-ਨਾਲ ਪੁਲਿਸ ਵੱਲੋਂ ਵੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉੱਤਰਾਖੰਡ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਮਾਮਲੇ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੁਝ ਗੰਨ ਹਾਊਸਾਂ ਦੀ ਭੂਮਿਕਾ ਵੀ ਜਾਂਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਧੋਖਾਧੜੀ ਵਿੱਚ ਸ਼ਾਮਲ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਸ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News