





Total views : 5906456







Total views : 5906456ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ
ਪੰਜਾਬ ਵਿਜੀਲੈਂਸ ਬਿਊਰੋ ਨੇ ਅਕਾਲੀ ਸਰਕਾਰ ਵੇਲੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਕੰਮਾਂ ਵਿੱਚ ਹੋਈਆਂ ਕਥਿਤ ਬੇਨਿਯਮੀਆਂ ਨੂੰ ਲੈ ਕੇ ਵਿਜੀਲੈਂਸ ਦੇ ਆਰਥਿਕ ਅਪਰਾਧ ਵਿੰਗ (Economic Offences Wing), ਲੁਧਿਆਣਾ ਨੇ ਬੁੱਧਵਾਰ ਸਵੇਰੇ ਪਾਵਰਕਾਮ ਦੇ ਸਾਬਕਾ ਸੀ.ਐਮ.ਡੀ. ਕੇ.ਡੀ. ਚੌਧਰੀ ਅਤੇ ਸਾਬਕਾ ਐਸ.ਡੀ.ਓ. (ਜੋ ਡਿਪਟੀ ਚੀਫ਼ ਇੰਜੀਨੀਅਰ ਵਜੋਂ ਸੇਵਾਮੁਕਤ ਹੋਏ) ਸੰਜੀਵ ਪ੍ਰਭਾਕਰ ਨੂੰ ਉਨ੍ਹਾਂ ਦੀ ਲੁਧਿਆਣਾ ਸਥਿਤ ਰਿਹਾਇਸ਼ ਤੋਂ ਹਿਰਾਸਤ ਵਿੱਚ ਲੈ ਕੇ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਦੇ ਨਾਲ ਹੀ ਲੁਧਿਆਣਾ ਦੇ ਇੱਕ ਨਿੱਜੀ ਬਿਲਡਰ ਅਮਿਤ ਗਰਗ ਨੂੰ ਵੀ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਜੀਲੈਂਸ ਦੀ ਲੰਬੀ ਜਾਂਚ ਤੋਂ ਬਾਅਦ ਇਹ ਵੱਡੀ ਗ੍ਰਿਫ਼ਤਾਰੀ ਅਮਲ ਵਿੱਚ ਆਈ ਹੈ। ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਇਨ੍ਹਾਂ ਅਧਿਕਾਰੀਆਂ ਨੇ ਨਿਯਮਾਂ ਨੂੰ ਪੂਰੀ ਤਰ੍ਹਾਂ ਛਿੱਕੇ ਟੰਗ ਕੇ ਲੁਧਿਆਣਾ ਦੇ ਬਸੰਤ ਸਿਟੀ ਸਥਿਤ ਇੱਕ ਨਿੱਜੀ ਹਾਊਸਿੰਗ ਕਲੋਨੀ ਦੇ ਬਿਲਡਰ ਨੂੰ ਨਾਜਾਇਜ਼ ਫਾਇਦਾ ਪਹੁੰਚਾਇਆ।
ਨਿੱਜੀ ਬਿਲਡਰ ਨੂੰ ਫਾਇਦਾ ਪਹੁੰਚਾਉਣ ਲਈ ਸਰਕਾਰੀ ਫੰਡਾਂ ਦੀ ਕਥਿਤ ਦੁਰਵਰਤੋਂ ਦਾ ਮਾਮਲਾ:ਲੁਧਿਆਣਾ ਦੀ ਬਸੰਤ ਸਿਟੀ ਕਲੋਨੀ ‘ਚ ਨਿਯਮਾਂ ਦੇ ਉਲਟ ਲਗਾਇਆ ਸੀ 66 KV ਸਬ-ਸਟੇਸ਼ਨ
ਨਿਯਮਾਂ ਅਨੁਸਾਰ, ਨਿੱਜੀ ਕਲੋਨੀ ਵਿੱਚ 66 KV ਦਾ ਬਿਜਲੀ ਸਬ-ਸਟੇਸ਼ਨ ਸਥਾਪਤ ਕਰਨ ਦਾ ਪੂਰਾ ਖ਼ਰਚਾ ਬਿਲਡਰ ਨੇ ਖੁਦ ਕਰਨਾ ਸੀ। ਪਰ ਤਤਕਾਲੀ ਐਸ.ਡੀ.ਓ. ਸੰਜੀਵ ਪ੍ਰਭਾਕਰ ਅਤੇ ਤਤਕਾਲੀ ਸੀ.ਐਮ.ਡੀ. ਕੇ.ਡੀ. ਚੌਧਰੀ ਨੇ ਆਪਸੀ ਮਿਲੀਭੁਗਤ ਨਾਲ ਵਿਭਾਗ ਦੇ ਨਿਯਮਾਂ ਨੂੰ ਨਜ਼ਰਅੰਦਾਜ਼ ਕਰਕੇ, ਸਰਕਾਰੀ ਫੰਡਾਂ ਦੀ ਵਰਤੋਂ ਕਰਕੇ ਇਹ ਸਬ-ਸਟੇਸ਼ਨ ਲਗਾ ਦਿੱਤਾ, ਜਿਸ ਨਾਲ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਾਇਆ ਗਿਆ।
ਜ਼ਿਕਰਯੋਗ ਹੈ ਕਿ ਇਸ ਹਾਈ-ਪ੍ਰੋਫਾਈਲ ਮਾਮਲੇ ਵਿੱਚ ਫਸੇ ਐਸ.ਡੀ.ਓ. ਸੰਜੀਵ ਪ੍ਰਭਾਕਰ ਕੁਝ ਸਾਲ ਪਹਿਲਾਂ ਵਿਭਾਗ ਤੋਂ ਡਿਪਟੀ ਚੀਫ਼ ਇੰਜੀਨੀਅਰ ਵਜੋਂ ਸੇਵਾਮੁਕਤ ਹੋਏ ਸਨ, ਜਦਕਿ ਪਾਵਰਕਾਮ ਦੇ ਤਾਕਤਵਰ ਅਫ਼ਸਰ ਰਹੇ ਕੇ.ਡੀ. ਚੌਧਰੀ ਸਾਲ 2017 ਵਿੱਚ ਸੇਵਾਮੁਕਤ ਹੋਏ ਸਨ।
ਵਿਜੀਲੈਂਸ ਦੇ ਸੂਤਰਾਂ ਨੇ ਦੱਸਿਆ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸਾਲ 2021 ਤੋਂ ਲਗਾਤਾਰ ਚੱਲ ਰਹੀ ਸੀ। ਲੰਬੀ ਪੜਤਾਲ ਅਤੇ ਸਬੂਤ ਇਕੱਠੇ ਕਰਨ ਤੋਂ ਬਾਅਦ FIR no 6/26 u/s 13(1) 13(2) pc act and 409,120 B IPC ਤਹਿਤ ਵਿਜੀਲੈਂਸ ਵੱਲੋਂ ਦਰਜ ਕੀਤੀ ਗਈ, ਜਿਸ ਦੇ ਆਧਾਰ ‘ਤੇ ਅੱਜ ਸਵੇਰੇ ਦੋਵਾਂ ਸਾਬਕਾ ਅਫ਼ਸਰਾਂ ਅਤੇ ਬਿਲਡਰ ਨੂੰ ਜਾਲ ਵਿਛਾ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-