ਰੇਤ ਬਜਰੀ ਕਾਰੋਬਾਰੀ ਵਲੋ ਕੀਤੀ ਖੁਦਕਸ਼ੀ ਮਾਮਲੇ ‘ਚ ਜੱਜ ਦੀ ਰੀਡਰ ਤੇ ਉਸ ਦਾ ਪਤੀ ਪੁਲਿਸ ਵਲੋ ਗ੍ਰਿਫਤਾਰ ! ਵਪਾਰ ਮੰਡਲ ਤੇ ਪ੍ਰੀਵਾਰ ਨੇ ਡੀ.ਐਸ.ਪੀ ਦੀ ਗ੍ਰਿਫਤਾਰੀ ਦੀ ਵੀ ਕੀਤੀ ਮੰਗ

4913028
Total views : 5895170

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਬਠਿੰਡਾ/ਬਾਰਡਰ ਨਿਊਜ ਸਰਵਿਸ

 ਰੇਤ ਬੱਜਰੀ ਦੇ ਕਾਰੋਬਾਰੀ ਸੰਦੀਪ ਕੁਮਾਰ ਵੱਲੋਂ ਖੁਦਕਸ਼ੀ ਕਰਨ ਦੇ ਮਾਮਲੇ ’ਚ ਆਪਣੇ ਇੱਕ ਅਫਸਰ ਦਾ ਨਾਮ ਆਉਣ ਕਾਰਨ ਹਿਰਾਸਤੀ ਮੌਤਾਂ ਵਰਗੇ ਸੰਗੀਨ ਦੋਸ਼ਾਂ ਦਾ ਸਾਹਮਣਾ ਕਰ ਰਹੀ ਬਠਿੰਡਾ ਪੁਲਿਸ ਨਵੇਂ ਵਿਵਾਦ ’ਚ ਉਲਝਦੀ ਦਿਸਦੀ ਹੈ। ਸੰਦੀਪ ਨੇ ਆਤਮਹੱਤਿਆ ਕਰਨ ਤੋਂ ਪਹਿਲਾਂ ਬਣਾਈ ਵੀਡੀਓ ਅਤੇ ਲਿਖੇ ਖੁਦਕਸ਼ੀ ਨੋਟ ’ਚ ਪੁਲਿਸ ਦੇ ਇੱਕ ਡੀਐਸਪੀ ਤੋਂ ਇਲਾਵਾ ਇੱਕ ਜੱਜ ਦੀ ਰੀਡਰ , ਉਸ ਦੇ ਪਤੀ , ਇੱਕ ਵਕੀਲ ਅਤੇ ਇੱਕ ਹੋਰ ਵਿਅਕਤੀ ’ਤੇ ਮਾਨਸਿਕ ਅਤੇ ਆਰਥਿਕ ਤੌਰ ’ਤੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਸਨ। ਪੁਲਿਸ ਨੇ ਮੁਲਜਮ ਪਤੀ ਪਤਨੀ ਦੀ ਗ੍ਰਿਫਤਾਰੀ ’ਚ ਤਾਂ ਝੱਟ ਕਰ ਲਈ ਪਰ ਹੈਰਾਨੀ ਵਾਲੀ ਗੱਲ ਹੈ ਕਿ ਡੀਐਸਪੀ ਨੂੰ ਨਾਮਜਦ ਨਹੀਂ ਕੀਤਾ ਹੈ। ਇਸ ਤੋਂ ਭੜਕੇ ਵਪਾਰ ਮੰਡਲ ਦੇ ਆਗੂਆਂ ਨੇ ਡੀਐਸਪੀ ਸਿਟੀ ਵਨ ਨੂੰ ਨਾਮਜਦ ਕਰਨ ਲਈ ਸ਼ਾਮ 7 ਵਜੇ ਤੱਕ ਦਾ ਅਲਟੀਮੇਟਮ ਦਿੱਤਾ ਹੈ।

   ਵਪਾਰ ਮੰਡਲ ਬਠਿੰਡਾ ਦੇ ਪ੍ਰਧਾਨ ਜੀਵਨ ਗੋਇਲ ਨੇ ਦੱਸਿਆ ਕਿ ਜੇਕਰ ਸਬੰਧਤ ਡੀਐਸਪੀ ਨੂੰ ਨਾਮਜਦ ਨਾਂ ਕੀਤਾ ਤਾਂ ਸੋਮਵਾਰ ਨੂੰ ਵੱਡਾ ਸੰਘਰਸ਼ ਉਲੀਕਿਆ ਜਾਏਗਾ। ਥਾਣਾ ਕੋਤਵਾਲੀ  ਪੁਲਿਸ ਨੇ  ਰਮਨ ਜੈਨ , ਉਸ ਦੀ ਪਤਨੀ ਰੇਨੂੰ ਬਾਲਾ , ਇੱਕ ਵਕੀਲ ਤੇ ਇੱਕ ਹੋਰ ਵਿਅਕਤੀ ਖਿਲਾਫ ਮੁੱਕਦਮਾ ਦਰਜ ਕਰਨ ਤੋਂ ਬਾਅਦ ਰਮਨ ਅਤੇ ਰੇਨੂੰ ਨੂੰ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕ ਦੇ ਭਰਾ ਮਨੀਸ਼ ਕੁਮਾਰ ਨੇ ਦੱਸਿਆ ਕਿ  ਸੰਦੀਪ ਰੇਤਾ ਬੱਜਰੀ ਆਦਿ ਸਪਲਾਈ ਕਰਨ ਦਾ ਕਾਰੋਬਾਰ ਕਰਦਾ ਸੀ। ਉਸ ਨੇ ਦੱਸਿਆ ਕਿ ਰਮਨ ਦੀ ਕੋਠੀ ਬਣ ਰਹੀ ਹੈ ਜਿੱਥੇ ਸੰਦੀਪ ਨੇ ਸਮਾਨ ਸਪਲਾਈ ਕੀਤਾ ਸੀ। ਇਸੇ ਸਮਾਨ ਦੇ ਲੈਣ ਦੇਣ ਨੂੰ ਲੈਕੇ ਦੋਵਾਂ ਵਿਚਕਾਰ ਵਿਵਾਦ ਪੈਦਾ ਹੋ ਗਿਆ ਸੀ।  ਸੰਦੀਪ ਨੇ ਵੀਡੀਓ ’ਚ ਕਿਹਾ , ਮੇਰੀ ਫਰਮ ਕਿਸੇ ਦੇ ਨਾਮ ਨਹੀਂ ਹੈ। ਉਹ ਆਪਣੀ ਪਤਨੀ ਦੇ ਖਾਤੇ ’ਚ 8 ਲੱਖ ਰੁਪਏ ਦੀ ਐਂਟਰੀ ਕਰਵਾ ਬੈਠਾ  ਜੋ ਮੇਰਾ ਨੈਗੇਟਿਵ ਪੁਆਇੰਟ ਬਣ ਗਿਆ। ਇੰਨ੍ਹਾਂ ਦਾ ਵਕੀਲ ਚਾਚਾ ਮੈਨੂੰ ਰੋਜ ਧਮਕੀਆਂ ਦਿੰਦੇ ਕਿ ਸੰਦੀਪ ਸਾਡੇ ਪੈਸੇ ਵਾਪਿਸ ਕਰ ਦੇ।
 ਵੀਡੀਓ ਮੁਤਾਬਕ ਜਦੋਂ ਮੈਂ ਪੈਸੇ ਦੇਣੇ ਹੀ ਨਹੀਂ ਹਨ  ਤਾਂ ਵਾਪਿਸ ਕਿੱਥੋਂ ਕਰਾਂ। ਜਿੰਨੀ ਪੇਮੈਂਟ ਆਈ ਸੀ ਓਨਾਂ ਇੰਨ੍ਹਾਂ ਨੂੰ ਮਾਲ ਦਿੱਤਾ ਹੋਇਆ ਹੈ। ਇੰਨ੍ਹਾਂ ਨੇ ਮੇਰੇ ਖਿਲਾਫ ਡੀਐਸਪੀ ਵਨ ਨੂੰ ਅਰਜੀ ਦੇ ਦਿੱਤੀ ਜੋ ਇੰਨ੍ਹਾਂ ਦਾ ਹੀ ਬੰਦਾ ਹੈ। ਉਹ ਵੀ ਮੈਨੂੰ ਧਮਕੀਆਂ ਦਿੰਦਾ  ਹੈ ਕਿ ਇੰਨ੍ਹਾਂ ਦੇ ਪੈਸੇ ਵਾਪਿਸ ਕਰ ਦੇ। ਇਹ ਧਮਕੀਆਂ ਦਿੰਦੇ ਹਨ ਕਿ ਤੇਰੇ ’ਤੇ ਚੂਹੇ ਛੱਡੇ ਜਾਣਗੇ, ਤੈਨੂੰ ਕਰੰਟ ਲਾਇਆ ਜਾਏਗਾ। ਇੰਨ੍ਹਾਂ ਨੇ ਮੇਰਾ ਖੂਨ ਚੂਸ ਲਿਆ ਹੈ। ਇੰਨ੍ਹਾਂ ਨੇ ਮੈਨੂੰ ਮਰਨ ਲਈ ਮਜਬੂਰ ਕਰ ਦਿੱਤਾ ਹੈ। ਜੇਕਰ ਮੈਨੂੰ ਕੁੱਝ ਹੁੰਦਾ ਹੈ ਜਾਂ  ਕੋਈ ਸਮੱਸਿਆ ਹੁੰਦੀ ਹੈ ਤਾਂ ਇਸ ਦੇ ਜਿੰਮੇਵਾਰ ਇਹ ਪੰਜੇ ਹਨ। ਮੇਰੇ ਤੋਂ ਬਾਅਦ ਮੇਰੇ ਘਰ ਵਾਲਿਆਂ ਨੂੰ ਇਨਸਾਫ ਦਿਵਾਇਆ ਜਾਏ। ਮੈਂ ਅੱਜ ਜਾਂ ਸੁਭਾ ਮਰਨ ਦੀ ਕੋਸ਼ਿਸ਼ … ਮਰੂੰਗਾ ਮੈਂ।  ਮੇਰੀ ਸਰਕਾਰ ਨੂੰ ਗੁਜਾਰਿਸ਼ ਹੈ ਕਿ ਇੰਨ੍ਹਾਂ ਨੂੰ ਕਿਸੇ ਵੀ ਹਾਲਤ ਵਿੱਚ ਛੱਡਣਾ ਨਹੀਂ ਹੈ।
ਧਰਨੇ ਦੇ ਦਬਾਅ ’ਤੇ ਕਾਰਵਾਈ-ਵਪਾਰੀ ਸੰਦੀਪ ਕੁਮਾਰ ਦੀ ਮੌਤ ਹੋਣ ਤੋਂ ਬਾਅਦ ਭੜਕੇ ਪ੍ਰੀਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਆਮ ਲੋਕਾਂ ਦੇ ਸਹਿਯੋਗ ਨਾਲ ਹਾਈਵੇਅ ਜਾਮ ਕਰ ਦਿੱਤਾ ਸੀ।  ਪ੍ਰੀਵਾਰ ਨੇ ਚਿਤਾਵਨੀ ਦਿੱਤੀ ਸੀ ਕਿ ਜਦੋਂ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਹ ਸੰਦੀਪ ਦਾ ਪੋਸਟਮਾਰਟਮ ਨਹੀਂ ਹੋਣ ਦੇਣਗੇ ਅਤੇ ਨਾਂ ਹੀ ਧਰਨਾ ਖਤਮ ਕਰਨਗੇ। ਆਵਾਜਾਈ ਜਾਮ ਹੋਣ ਕਾਰਨ ਧਰਨੇ ਦੇ ਦਬਾਅ ਕਰਕੇ ਮੁਲਜਮਾਂ ਦੇ ਰਸੂਖਵਾਨ ਹੋਣ ਦੇ ਬਾਵਜੂਦ ਹਰਕਤ ਵਿੱਚ ਆਈ ਪੁਲਿਸ ਨੂੰ ਕਾਰਵਾਈ ਕਰਨੀ ਪਈ ਹੈ।
           ਕੀ ਕਹਿੰਦੇ ਹਨ ਐਸ.ਪੀ ?ਥਾਣਾ ਕੋਤਵਾਲੀ ਪੁਲਿਸ ਨੇ ਰਮਨ ਕੁਮਾਰ , ਉਸ ਦੀ ਪਤਨੀ ਰੇਨੂੰ ਅਤੇ ਇੱਕ ਵਕੀਲ ਖਿਲਾਫ ਖੁਦਕਸ਼ੀ ਲਈ ਮਜਬੂਰ ਕਰਨ ਸਮੇਤ ਵੱਖ ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਐਸਪੀ ਸਿਟੀ ਨਰਿੰਦਰ ਸਿੰਘ ਨੇ ਇਸ ਸਬੰਧੀ ਪੁਸ਼ਟੀ ਕਰਦਿਆਂ ਦੱਸਿਆ ਕਿ ਮੁੱਖ ਮੁਲਜਮ ਰਮਨ ਅਤੇ ਉਸ ਦੀ ਪਤੀ ਰੇਨੂੰ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜਮਾਂ ਨੇ ਡੀਐਸਪੀ ਸਿਟੀ ਕੋਲ ਦਰਖਾਸਤ ਦਿੱਤੀ ਸੀ ਜਿਸ ਦੀ ਪੜਤਾਲ ਤੋਂ ਪਹਿਲਾਂ ਹੀ ਸੰਦੀਪ ਨੇ ਖੁਦਕਸ਼ੀ ਕਰ ਲਈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਜੋ ਵੀ ਤੱਥ ਸਾਹਮਣੇ ਆਉਣਗੇ ਉਨ੍ਹਾਂ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਏਗੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News