





Total views : 5895180







Total views : 5895180ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ
ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਉੱਚ ਸਿੱਖਿਆ ਸੰਸਥਾਵਾਂ ਨੂੰ ਨਵੀਆਂ ਤਕਨੀਕਾਂ, ਬਦਲਦੀਆਂ ਆਰਥਿਕ ਸਥਿਤੀਆਂ ਅਤੇ ਉੱਭਰਦੀਆਂ ਸਮਾਜਿਕ ਚੁਣੌਤੀਆਂ ਦੇ ਹੱਲ ਲਈ ਸਾਂਝੇ ਤੌਰ ’ਤੇ ਇਕਜੁਟ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਨਵੀਆਂ ਤਬਦੀਲੀਆਂ ਅਪਨਾਉਦਿਆਂ ਅਦਾਰਿਆਂ ਨੂੰ ਆਪਣੀਆਂ ਕਦਰਾਂ-ਕੀਮਤਾਂ ਅਤੇ ਵਿੱਦਿਆ ਦੇ ਬੁਨਿਆਦੀ ਟੀਚੇ ਨਹੀਂ ਭੁਲਣੇ ਚਾਹੀਦੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਖ਼ਾਲਸਾ ਯੂਨੀਵਰਸਿਟੀ ਵਿਖੇ ਅੱਜ ਸ੍ਰੀ ਕਟਾਰੀਆ ਨੇ ‘ਉੱਚ ਸਿੱਖਿਆ ਨੀਤੀ: ਨੈਵੀਗੇਟਿੰਗ ਗਲੋਬਲ ਚੁਣੌਤੀਆਂ ਅਤੇ ਰਾਸ਼ਟਰੀ ਤਰਜੀਹਾਂ’ ਵਿਸ਼ੇ ’ਤੇ ਕਰਵਾਈ ਗਈ ਰਾਸ਼ਟਰੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿਸ਼ਵ ਪੱਧਰ ’ਤੇ ਉਭਰ ਰਹੇ ਬਦਲਾਅ ਸਬੰਧੀ ਤਿਆਰ-ਬਰ-ਤਿਆਰ ਰਹਿਣ ਲਈ ਹੋਕਾ ਦਿੰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਉੱਚ ਸਿੱਖਿਆ ਨੂੰ ਸਮਾਵੇਸ਼ੀ ਵਿਕਾਸ, ਸਮਾਜਿਕ ਸਮਾਨਤਾ ਅਤੇ ਰੁਜ਼ਗਾਰ ਪੈਦਾ ਕਰਨ ਨੂੰ ਉਤਸ਼ਾਹਿਤ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਣੀ ਚਾਹੀਦੀ ਹੈ।
ਰਾਜਪਾਲ ਕਟਾਰੀਆ ਨੇ ਉੱਚ ਸਿੱਖਿਆ ਨੂੰ ਦਰਪੇਸ਼ ਚੁਣੌਤੀਆਂ ਦੇ ਹੱਲ ਲਈ ਇਕਜੁਟਤਾ ਦਾ ਦਿੱਤਾ ਸੱਦਾ

ਇਸ ਤੋਂ ਪਹਿਲਾਂ ਉਨ੍ਹਾਂ ਨੇ ਖ਼ਾਲਸਾ ਯੂਨੀਵਰਸਿਟੀ ਦੇ ਵਿਜ਼ਟਰ ਵਜੋਂ ’ਵਰਸਿਟੀ ਦੇ ਪ੍ਰੋ-ਚਾਂਸਲਰ ਸ: ਰਜਿੰਦਰ ਮੋਹਨ ਸਿੰਘ ਛੀਨਾ, ਖ਼ਾਲਸਾ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ, ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ ਅਤੇ ਯੂ. ਜੀ. ਸੀ. ਵੱਲੋਂ ਸੰਯੁਕਤ ਸਕੱਤਰ ਡਾ. ਅਮੋਲ ਐਮ. ਅੰਧਾਰੇ ਨਾਲ ਯੂਨੀਵਰਸਿਟੀ ਦੇ ਪ੍ਰਸ਼ਾਸ਼ਨਿਕ ਅਤੇ ਅਕਾਦਮਿਕ ਕਾਰਵਾਈਆਂ ਸਬੰਧੀ ਜਾਣਕਾਰੀਆਂ ਹਾਸਲ ਕੀਤੀ।
ਇਸ ਮੌਕੇ ਸ੍ਰੀ ਕਟਾਰੀਆ ਨੇ ਆਪਣੇ ਭਾਸ਼ਣ ਦੌਰਾਨ ਖਾਲਸਾ ਯੂਨੀਵਰਸਿਟੀ ਪ੍ਰਬੰਧਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖ਼ਾਲਸਾ ਕਾਲਜ ਸੋਸਾਇਟੀ ਜੋ ਕਿ 1890 ਤੋਂ ਸਿੱਖਿਆ ਪ੍ਰਦਾਨ ਕਰਨ ’ਚ ਅਹਿਮ ਭੂਮਿਕਾ ਨਿਭਾਅ ਰਹੀ ਹੈ ਪ੍ਰੋਫੈਸ਼ਨਲ ਕਾਲਜਿਸ, ਯੂਨੀਵਰਸਿਟੀ ਅਤੇ ਸਕੂਲ ਚਲਾ ਕੇ ਸਮਾਜ ਸੇਵਾ ਨੂੰ ਸਮਰਪਿਤ ਹੈ।
ਇਸ ਮੌਕੇ ਸ: ਛੀਨਾ ਨੇ ਆਪਣੇ ਸਵਾਗਤੀ ਭਾਸ਼ਣ ’ਚ ਜਿੱਥੇ ਰਾਜਪਾਲ ਨੂੰ ਜੀ ਆਇਆ ਕਿਹਾ, ਉਥੇ ਉਨ੍ਹਾਂ ਨੇ ਉਚ ਸਿੱਖਿਆ ’ਚ ਉੱਭਰ ਰਹੀਆਂ ਚੁਣੌਤੀਆਂ ਤੇ ਉੱਚ ਸਿੱਖਿਆ ਦੇ ਡਿੱਗਦੇ ਮਿਆਰ ’ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਡਾ. ਮਹਿਲ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਨੇ ਉਕਤ ਵਿਸ਼ੇ ’ਤੇ ਅਕਾਦਮਿਕ ਸੈਸ਼ਨ 2026-27 ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਆਪਣੀ ਇਸ ਪਲੇਠੀ ਦੀ ਕਾਨਫਰੰਸ ਆਯੋਜਿਤ ਕਰਕੇ ਇਕ ਪਹਿਲਕਦਮੀ ਕੀਤੀ ਹੈ, ਜਿਸ ਦਾ ਮੰਤਵ ਅਕਾਦਮਿਕ ਐਕਸੀਲੈਂਸ, ਨਵੀਨਤਾ ਅਤੇ ਪ੍ਰੋਫੈਸ਼ਨਲ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਹੈ। ਇਸ ਮੌਕੇ ਡਾ. ਅੰਧਾਰੇ ਨੇ ਕਿਹਾ ਕਿ ਸਾਨੂੰ ਅਜਿਹੀਆਂ ਸੰਸਥਾਵਾਂ ਦਾ ਪਾਲਣ-ਪੋਸ਼ਣ ਕਰਨਾ ਚਾਹੀਦਾ ਹੈ ਜੋ ਸਮਾਜ ਅਤੇ ਰਾਸ਼ਟਰ ਦੀਆਂ ਬਦਲਦੀਆਂ ਜ਼ਰੂਰਤਾਂ ਪ੍ਰਤੀ ਸਰਗਰਮ ਹੋ ਕੇ ਇਨ੍ਹਾਂ ਦੇ ਹੱਲ ਤਲਾਸ਼ਣ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਇਹ ਕਾਨਫਰੰਸ ਖਾਲਸਾ ਯੂਨੀਵਰਸਿਟੀ ਦੇ ਸਿੱਖਿਆ ਦੇ ਮਿਆਰ ਨੂੰ ਵਧਾਉਣ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਣਾ ਹੈ।
ਇਸ ਮੌਕੇ ਖ਼ਾਲਸਾ ’ਵਰਸਿਟੀ ਦੇ ਰਜਿਸਟਰਾਰ ਅਤੇ ਡੀਨ ਫੈਕਲਟੀ ਆਫ਼ ਐਜੂਕੇਸ਼ਨ ਡਾ. ਖੁਸ਼ਵਿੰਦਰ ਕੁਮਾਰ, ਜਿਨ੍ਹਾਂ ਨੇ ਇਸ ਕਾਨਫਰੰਸ ਨੂੰ ਉਲੀਕਣ ’ਚ ਆਪਣੀ ਅਹਿਮ ਭੂਮਿਕਾ ਨਿਭਾਈ, ਨੇ ਇਸ ਪ੍ਰੋਗਰਾਮ ਦੀ ਟੀਚਿਆਂ ਨੂੰ ਉਜਾਗਰ ਕਰਦਿਆਂ ਕਿਹਾ ਕਿ ਕਾਨਫਰੰਸ ’ਚ ਵਿੱਦਿਅਕ ਮਾਹਿਰਾਂ ਵੱਲੋਂ ਨਵੀਂ ਵਿੱਦਿਅਕ ਨੀਤੀ ਨੂੰ ਅਪਨਾਉਣ ਬਾਰੇ ਜਾਣਕਾਰੀਆਂ ਸਾਂਝੀਆਂ ਕਰਨਾ ਸੀ। ਉਨ੍ਹਾਂ ਕਿਹਾ ਕਿ ਉਚ ਸਿੱਖਿਆ ਨੂੰ ਮੌਜ਼ੂਦਾ ਚੁਣੌਤੀਆਂ ਲਈ ਰਣਨੀਤੀਆਂ ਤਿਆਰ ਕਰਨ ਲਈ ਉਕਤ ਕਾਨਫਰੰਸ ਸਾਂਝਾ ਪਲੇਟਫਾਰਮ ਪ੍ਰਦਾਨ ਕਰਨ ਲਈ ਰਾਹ ਪੱਧਰਾ ਕਰੇਗੀ।
ਇਸ ਮੌਕੇ ਡੀਨ ਅਕਾਦਮਿਕ ਡਾ. ਸੁਰਿੰਦਰ ਕੌਰ ਨੇ ਆਪਣੇ ਧੰਨਵਾਦੀ ਪ੍ਰਸਤਾਵ ’ਚ ਰਾਜਪਾਲ, ਵਿਸ਼ੇਸ਼ ਮਹਿਮਾਨਾਂ, ਭਾਗੀਦਾਰਾਂ ਅਤੇ ਵੱਖ-ਵੱਖ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਜ਼ ਜਿਨ੍ਹਾਂ ’ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਕਰਮਜੀਤ ਸਿੰਘ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੇ ਉੱਪ ਕੁਲਪਤੀ ਪ੍ਰੋ. (ਡਾ.) ਸੰਜੀਵ ਸ਼ਰਮਾ, ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ, ਗੁਰਦਾਸਪੁਰ ਦੇ ਉੱਪ ਕੁਲਪਤੀ ਪ੍ਰੋ. (ਡਾ.) ਸੁਸ਼ੇਂਦਰ ਕੁਮਾਰ ਮਿਸ਼ਰਾ, ਪੁਲਿਸ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਭੁੱਲਰ, ਡਿਪਟੀ ਕਮਿਸ਼ਨਰ ਸ: ਦਲਵਿੰਦਰਜੀਤ ਸਿੰਘ (ਆਈ.ਏ.ਐਸ.) ,ਸਰਕਾਰੀ ਕਾਲਜ, ਗੁਰਦਾਸਪੁਰ ਤੋਂ ਪ੍ਰਿੰਸੀਪਲ ਪ੍ਰੋ. (ਡਾ.) ਅਸ਼ਵਨੀ ਭੱਲਾ ਅਤੇ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਹਿੱਸਾ ਲਿਆ ਅਤੇ ਵੱਖ-ਵੱਖ ਅਕਾਦਮਿਕ ਵਿਸ਼ਿਆਂ ’ਤੇ ਚਰਚਾ ਦੀ ਅਗਵਾਈ ਕੀਤੀ।
ਇਸ ਮੌਕੇ ਕੌਂਸਲ ਦੇ ਮੀਤ ਪ੍ਰਧਾਨ ਸ: ਸਵਿੰਦਰ ਸਿੰਘ ਕੱਥੂਨੰਗਲ, ਜੁਆਇੰਟ ਸਕੱਤਰ ਸ: ਗੁਨਬੀਰ ਸਿੰਘ, ਸ: ਰਾਜਬੀਰ ਸਿੰਘ, ਸ: ਸੰਤੋਖ ਸਿੰਘ ਸੇਠੀ, ਸ: ਲਖਵਿੰਦਰ ਸਿੰਘ ਢਿੱਲੋਂ, ਸ: ਪਰਮਜੀਤ ਸਿੰਘ ਬੱਲ, ਸ: ਗੁਰਪ੍ਰੀਤ ਸਿੰਘ ਗਿੱਲ ਤੋਂ ਇਲਾਵਾ ਖ਼ਾਲਸਾ ਅਦਾਰਿਆਂ ਦੇ ਵੱਖ-ਵੱਖ ਪ੍ਰਿੰਸੀਪਲ, ਡਾਇਰੈਕਟਰ ਤੋਂ ਇਲਾਵਾ ਹੋਰ ਕਈ ਸਖ਼ਸ਼ੀਅਤਾਂ ਹਾਜ਼ਰ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-