





Total views : 5895731







Total views : 5895731ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਮਾਡਿਊਲ ਨੂੰ ਪੂਰੀ ਤਰ੍ਹਾਂ ਕੱਟੜਪੰਥੀ ਬਣਾ ਕੇ ਪੁਲਿਸ ਅਦਾਰਿਆਂ ਨੂੰ ਨਿਸ਼ਾਨਾ ਬਣਾਉਣ ਲਈ ਕੀਤਾ ਗਿਆ ਸੀ ਪ੍ਰੇਰਿਤ, ਮੁਲਜ਼ਮਾਂ ਨੂੰ ਚੰਗੇ ਪੈਸਿਆਂ ਦਾ ਦਿੱਤਾ ਜਾਂਦਾ ਸੀ ਲਾਲਚ: ਡੀਜੀਪੀ ਗੌਰਵ ਯਾਦਵ
— ਦੋਸ਼ੀਆਂ ਨੇ ਘਰਿੰਡਾ ਨੇੜਿਓਂ ਹੈਂਡ ਗ੍ਰਨੇਡ ਪ੍ਰਾਪਤ ਕਰਕੇ ਥਾਣੇ ਦੀ ਰੇਕੀ ਕਰਨ ਉਪਰੰਤ ਹਮਲੇ ਨੂੰ ਦਿੱਤਾ ਅੰਜ਼ਾਮ: ਡੀਆਈਜੀ ਸੰਦੀਪ ਗੋਇਲ
ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਜਾਰੀ ਮੁਹਿੰਮ ਦੌਰਾਨ ਵੱਡੀ ਸਫ਼ਲਤਾ ਹਾਸਲ ਕਰਦਿਆਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਜ਼ਿਲ੍ਹਾ ਪੁਲਿਸ ਫਰੀਦਕੋਟ ਅਤੇ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਦੋ ਪਿਸਤੌਲਾਂ ਸਮੇਤ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਥਾਣਾ ਭਿੰਡੀ ਸੈਦਾਂ ਵਿਖੇ ਗ੍ਰਨੇਡ ਹਮਲੇ ਦੇ ਕੇਸ ਨੂੰ ਸਫ਼ਲਤਾਪੂਰਵਕ ਸੁਲਝਾ ਲਿਆ ਹੈ। ਇਹ ਜਾਣਕਾਰੀ ਅੱਜ ਇਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅੰਮ੍ਰਿਤਸਰ ਦੇ ਪਿੰਡ ਚੱਕ ਡੋਗਰਾ ਦੇ ਰਹਿਣ ਵਾਲੇ ਬਲਜੀਤ ਸਿੰਘ; ਅੰਮ੍ਰਿਤਸਰ ਦੇ ਛੋਟਾ ਫਤਿਹਵਾਲ ਦੇ ਰਹਿਣ ਵਾਲੇ ਪ੍ਰਭ ਸਿੰਘ; ਅੰਮ੍ਰਿਤਸਰ ਦੇ ਬਾਬਾ ਗਮ ਚੱਕ ਬੱਲਰਵਾਲ ਦੇ ਰਹਿਣ ਵਾਲੇ ਰਾਜਬੀਰ ਸਿੰਘ; ਅੰਮ੍ਰਿਤਸਰ ਦੇ ਠੱਠਾ ਰਾਜਪੂਤਾਂ ਦੇ ਰਹਿਣ ਵਾਲੇ ਸੁਖਪ੍ਰੀਤ ਸਿੰਘ; ਅੰਮ੍ਰਿਤਸਰ ਦੇ ਲੋਪੋਕੇ ਦੇ ਰਹਿਣ ਵਾਲੇ ਅਜੈਦੀਪ ਸਿੰਘ ਉਰਫ਼ ਅਜੇ ਉਰਫ਼ ਗਜ਼ਨੀ; ਅਤੇ ਅੰਮ੍ਰਿਤਸਰ ਦੇ ਸਾਰੰਗਦੇਵ ਦੇ ਰਹਿਣ ਵਾਲੇ ਸਾਹਿਬ ਸਿੰਘ ਉਰਫ਼ ਸਾਬਾ ਵਜੋਂ ਹੋਈ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਮਾਡਿਊਲ ਨੂੰ ਪਾਕਿਸਤਾਨ ਦੀ ਆਈ.ਐਸ.ਆਈ. ਦੀ ਹਮਾਇਤ ਪ੍ਰਾਪਤ ਸੀ। ਉਨ੍ਹਾਂ ਕਿਹਾ ਕਿ ਉਕਤ ਮੁਲਜ਼ਮ ਪਾਕਿਸਤਾਨ ਅਧਾਰਤ ਹੈਂਡਲਰ ਦੇ ਸੰਪਰਕ ਵਿੱਚ ਸੀ, ਜੋ ਵਿਦੇਸ਼ ਤੋਂ ਇਸ ਮਾਡਿਊਲ ਨੂੰ ਚਲਾ ਰਿਹਾ ਸੀ। ਉਕਤ ਹੈਂਡਲਰ ਆਪਣੇ ਕਾਰੁਕਨਾਂ ਨੂੰ ਪੰਜਾਬ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਦਾ ਕੰਮ ਸੌਂਪਦਾ ਸੀ।
ਡੀਜੀਪੀ ਨੇ ਦੱਸਿਆ ਕਿ ਪੁਲਿਸ ਅਦਾਰਿਆਂ ਨੂੰ ਨਿਸ਼ਾਨਾ ਬਣਾਉਣ ਦੇ ਇਰਾਦੇ ਨਾਲ ਇਸ ਮਾਡਿਊਲ ਨੂੰ ਪੂਰੀ ਤਰ੍ਹਾਂ ਕੱਟੜਪੰਥੀ ਬਣਾਇਆ ਗਿਆ ਸੀ ਅਤੇ ਘਟਨਾ ਨੂੰ ਅੰਜ਼ਾਮ ਦੇਣ ਲਈ ਉਕਤ ਮੁਲਜ਼ਮਾਂ ਨੂੰ ਚੰਗੇ ਪੈਸਿਆਂ ਦਾ ਲਾਲਚ ਦੇ ਕੇ ਪ੍ਰੇਰਿਤ ਕੀਤਾ ਜਾਂਦਾ ਸੀ।
ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀਆਈਜੀ) ਬਾਰਡਰ ਰੇਂਜ ਸੰਦੀਪ ਗੋਇਲ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਬਲਜੀਤ ਸਿੰਘ ਅਤੇ ਪ੍ਰਭ ਸਿੰਘ ਨੇ ਘਰਿੰਡਾ ਨੇੜੇ ਇੱਕ ਸਥਾਨ ਤੋਂ ਦੋ ਹੈਂਡ ਗ੍ਰਨੇਡ ਹਾਸਲ ਕੀਤੇ ਸਨ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਘਟਨਾ ਨੂੰ ਅੰਜ਼ਾਮ ਦੇਣ ਲਈ ਉਕਤ ਮੁਲਜ਼ਮਾਂ ਨੂੰ ਵੱਡੀ ਰਕਮ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਹਮਲੇ ਉਪਰੰਤ ਪਾਕਿਸਤਾਨੀ ਹੈਂਡਲਰ ਵੱਲੋਂ ਉਨ੍ਹਾਂ ਨੂੰ ਬਹੁਤ ਘੱਟ ਪੈਸੇ ਦਿੱਤੇ ਗਏ।
ਕਾਰਵਾਈ ਸਬੰਧੀ ਵੇਰਵੇ ਸਾਂਝੇ ਕਰਦਿਆਂ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਨਾਲ ਇੱਕ ਖੁਫੀਆ ਕਾਰਵਾਈ ਵਿੱਚ ਪੁਲਿਸ ਟੀਮਾਂ ਨੇ ਥਾਣਾ ਭਿੰਡੀ ਸੈਦਾਂ ਗ੍ਰਨੇਡ ਹਮਲੇ ਦੇ ਕੇਸ ਵਿੱਚ ਸ਼ਾਮਲ ਦੋ ਮੁਲਜ਼ਮਾਂ ਨੂੰ ਫਰੀਦਕੋਟ ਤੋਂ ਗ੍ਰਿਫ਼ਤਾਰ ਕਰ ਲਿਆ ਸੀ। ਇਸ ਉਪਰੰਤ ਅੱਗੇ ਦੀ ਜਾਂਚ ਦੌਰਾਨ ਚਾਰ ਹੋਰ ਮੁਲਮਜ਼ਾਂ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।


