





Total views : 5841427







Total views : 5841427ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਪ੍ਰੀਤਮ ਸਿੰਘ
ਖ਼ਾਲਸ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਬਾਰ ਕੌਂਸਲ ਆਫ਼ ਇੰਗਲੈਂਡ ਐਂਡ ਵੇਲਜ਼ ਦੇ ਸਹਿਯੋਗ ਨਾਲ ‘ਗਲੋਬਲ ਲੀਗਲ ਐਥਿਕਸ: ਯੂਕੇ ਪਰਸਪੈਕਟਿਵਜ਼’ ਵਿਸ਼ੇ ’ਤੇ ਅੰਤਰਰਾਸ਼ਟਰੀ ਕਾਨੂੰਨੀ ਕਾਨਫਰੰਸ ਕਰਵਾਈ ਗਈ। ’ਵਰਸਿਟੀ ਦੇ ਕਾਨੂੰਨੀ ਵਿਗਿਆਨ ਦੇ ਡੀਨ ਪ੍ਰੋ. (ਡਾ.) ਜਸਪਾਲ ਸਿੰਘ ਦੀ ਅਗਵਾਈ ਹੇਠ ਆਯੋਜਿਤ ਉਕਤ ਕਾਨਫਰੰਸ ’ਚ ਮੁੱਖ ਮਹਿਮਾਨ ਵਜੋਂ ਕਿੰਗਜ਼ ਕੌਂਸਲ ਅਤੇ ਬਾਰ ਕੌਂਸਲ ਆਫ਼ ਇੰਗਲੈਂਡ ਐਂਡ ਵੇਲਜ਼ ਦੀ ਚੇਅਰਪਰਸਨ ਸ੍ਰੀਮਤੀ ਬਾਰਬਰਾ ਮਿੱਲਜ਼ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਬਾਰ ਕੌਂਸਲ ਆਫ਼ ਇੰਡੀਆ ਦੇ ਮੈਂਬਰ ਸ੍ਰੀ ਸੁਵੀਰ ਸਿੱਧੂ, ਬਾਰ ਕੌਂਸਲ ਆਫ਼ ਇੰਗਲੈਂਡ ਦੀ ਸਲਾਹਕਾਰ ਸ੍ਰੀਮਤੀ ਪੀਰਨ ਢਿੱਲੋਂ ਸਟਾਰਕਿੰਗਜ਼ ਅਤੇ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ: ਗੁਰਪ੍ਰੀਤ ਸਿੰਘ ਪਨੇਸਰ ਨੇ ਸ਼ਿਰਕਤ ਕੀਤੀ।
ਉਕਤ ਕਾਨਫਰੰਸ ਦੀ ਸ਼ੁਰੂਆਤ ਕਾਲਜ ਵਿਦਿਆਰਥੀਆਂ ਦੁਆਰਾ ਸ਼ਬਦ ਗਾਇਨ ਕਰਨ ਉਪਰੰਤ ’ਵਰਸਿਟੀ ਦੇ ਕਾਨੂੰਨੀ ਵਿਗਿਆਨ ਦੇ ਡੀਨ ਪ੍ਰੋ. (ਡਾ.) ਜਸਪਾਲ ਸਿੰਘ ਵੱਲੋਂ ਅੰਤਰਰਾਸ਼ਟਰੀ ਅਤੇ ਭਾਰਤੀ ਡੈਲੀਗੇਟਾਂ ਅਤੇ ਹੋਰ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਸ੍ਰੀ ਸਿੱਧੂ ਵੱਲੋਂ ਵਿਸ਼ੇ ਨਾਲ ਸਬੰਧਿਤ ਜਾਣਕਾਰੀ ਅਤੇ ਆਏ ਵਫ਼ਦ ਬਾਰੇ ਜਾਣ-ਪਛਾਣ ਕਰਵਾਈ ਗਈ। ਇਸ ਮੌਕੇ ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਸਮਾਜਿਕ ਵਿਸ਼ਵਾਸ ਨੂੰ ਬਣਾਈ ਰੱਖਣ ਅਤੇ ਨਿਆਂ ਦੀ ਪ੍ਰਾਪਤੀ ਲਈ ਕਾਨੂੰਨੀ ਨੈਤਿਕਤਾ ਅਤੇ ਪੇਸ਼ੇਵਰ ਜ਼ਿੰਮੇਵਾਰੀ ਪ੍ਰਤੀ ਦ੍ਰਿੜ ਵਚਨਬੱਧਤਾ ਜ਼ਰੂਰੀ ਹੈ।
ਇਸ ਮੌਕੇ ਮੁੱਖ ਬੁਲਾਰੇ ਸ੍ਰੀਮਤੀ ਬਾਰਬਰਾ ਮਿੱਲਜ਼ ਨੇ ਕਿਹਾ ਕਿ ਇਕ ਸੁਤੰਤਰ ਬਾਰ ਆਪਣੇ ਗ੍ਰਾਹਕਾਂ ਦੇ ਕਾਰਨਾਂ ਤੋਂ ਬੌਧਿਕ ਨਿਰਲੇਪਤਾ ’ਤੇ ਕੇਂਦਿ੍ਰਤ ਕਰਦੀ ਹੈ ਅਤੇ ਰਾਜਨੀਤਿਕ ਜਾਂ ਹੋਰ ਬਾਹਰੀ ਏਜੰਡਿਆਂ ਤੋਂ ਪ੍ਰਭਾਵਿਤ ਨਹੀਂ ਹੁੰਦੀ। ਇਸ ਮੌਕੇ ਡਾ. ਜਸਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਨਫਰੰਸ ਦੇ ਵਿਸ਼ੇਸ਼ ਪੈਨਲਿਸਟਾਂ ’ਚ ਸ੍ਰੀਮਤੀ ਢਿੱਲੋਂ ਅਤੇ ਸ: ਪਨੇਸਰ ਨੇ ਆਪਣੇ ਅਹਿਮ ਵਿਚਾਰ ਹਾਜ਼ਰੀਨ ਨਾਲ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਕਾਨਫਰੰਸ ਮੌਕੇ ਸ੍ਰੀਮਤੀ ਪੀਰਨ ਨੇ ਮੌਜੂਦਾ ਸਮੇਂ ’ਚ ਸਰਹੱਦ ਪਾਰ ਕਾਨੂੰਨੀ ਸਿੱਖਿਆ ਦੀ ਮਹੱਤਤਾ ’ਤੇ ਚਾਨਣਾ ਪਾਇਆ, ਜਦੋਂ ਕਿ ਸ: ਪਨੇਸਰ ਨੇ ਕਾਨੂੰਨੀ ਪੇਸ਼ੇ ’ਚ ਨੈਤਿਕਤਾ ਦੇ ਭਾਰਤੀ ਦ੍ਰਿਸ਼ਟੀਕੋਣ ’ਤੇ ਧਿਆਨ ਕੇਂਦਰਿਤ ਕੀਤਾ।
ਉਨ੍ਹਾਂ ਕਿਹਾ ਕਿ ਕਾਨਫਰੰਸ ਦਾ ਪ੍ਰਧਾਨਗੀ ਭਾਸ਼ਣ ’ਵਰਸਿਟੀ ਦੇ ਅਕਾਦਮਿਕ ਮਾਮਲੇ ਡੀਨ ਡਾ. ਸੁਰਿੰਦਰ ਕੌਰ ਵੱਲੋਂ ਦਿੱਤਾ ਗਿਆ, ਜਦਕਿ ਸੰਚਾਲਕ ਵਜੋਂ ਐਡਵੋਕੇਟ ਰਮਿੰਦਰ ਕੌਰ ਨੇ ਵਿਦਿਆਰਥੀਆਂ ਨਾਲ ਇਕ ਇੰਟਰਐਕਟਿਵ ਸੈਸ਼ਨ ਦੀ ਅਗਵਾਈ ਕੀਤੀ ਤਾਂ ਜੋ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਜਾ ਸਕਣ। ਇਸ ਮੌਕੇ ਡਾ. ਜਸਪਾਲ ਸਿੰਘ ਨੇ ਕਿਹਾ ਕਿ ਕਾਨਫਰੰਸ ਦੌਰਾਨ ਵਿਦਿਆਰਥੀਆਂ ਵੱਲੋਂ ਖਾਸ ਤੌਰ ’ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਯੁੱਗ ’ਚ ਕਾਨੂੰਨੀ ਨੈਤਿਕਤਾ ਦੇ ਅੰਤਰਰਾਸ਼ਟਰੀ ਦ੍ਰਿਸ਼ਟੀਕੋਣ ਅਤੇ ਮੌਜੂਦਾ ਯੁੱਗ ’ਚ ਇਕ ਮਜ਼ਬੂਤ, ਸਮਾਵੇਸ਼ੀ ਅਤੇ ਸੁਤੰਤਰ ਬਾਰ ਦੀ ਮਹੱਤਤਾ ਬਾਰੇ ਕਈ ਸਵਾਲ ਪੁੱਛੇ ਗਏ। ਇਸ ਮੌਕੇ ਸਕੂਲ ਆਫ਼ ਲਾਅ ਦੀ ਮੁਖੀ ਡਾ. ਗੁਨੀਸ਼ਾ ਸਲੂਜਾ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਸਮਾਗਮ ’ਚ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਜੁਆਇੰਟ ਸਕੱਤਰ ਸ: ਅਜ਼ਮੇਰ ਸਿੰਘ ਹੇਰ, ਮੈਂਬਰ ਸ: ਸਰਬਜੀਤ ਸਿੰਘ ਹੁਸ਼ਿਆਰ ਨਗਰ ਆਦਿ ਹਾਜ਼ਰ ਸਨ। ਕਾਨਫਰੰਸ ’ਚ ਫੈਕਲਟੀ ਮੈਂਬਰ ਅਤੇ ਬੀ. ਏ. ਐਲ. ਐਲ. ਬੀ., ਬੀ. ਕਾਮ. ਐਲ. ਐਲ. ਬੀ. ਅਤੇ ਐਲ. ਐਲ. ਬੀ. ਦੇ ਲਗਭਗ 400 ਵਿਦਿਆਰਥੀਆਂ ਨੇ ਭਾਗ ਲਿਆ, ਜਿਨ੍ਹਾਂ ਨੂੰ ਆਪਣੇ ਕਰੀਅਰ ’ਚ ਪੇਸ਼ੇਵਰਤਾ ਦੇ ਉੱਚਤਮ ਮਿਆਰਾਂ ਨੂੰ ਕਾਇਮ ਰੱਖਣ ਲਈ ਗਿਆਨ ਅਤੇ ਪ੍ਰੇਰਿਤ ਕੀਤਾ ਗਿਆ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

