ਖਾਲਸਾ ਕਾਲਜ ਨੇ ਰੈਨਬ੍ਰੋਸ ਗਲੋਬਲ, ਆਸਟਰੇਲੀਆ ਨਾਲ ਕੀਤਾ ਸਮਝੌਤਾ

4878758
Total views : 5841385

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਪ੍ਰੀਤਮ ਸਿੰਘ 

ਖਾਲਸਾ ਕਾਲਜ ਨੇ ਰੈਨਬ੍ਰੋਸ ਗਲੋਬਲ, ਅੰਤਰਰਾਸ਼ਟਰੀ ਸਾਫ਼ਟਵੇਅਰ ਕੰਪਨੀ, ਆਸਟਰੇਲੀਆ ਨਾਲ ਇਕ ਮਹੱਤਵਪੂਰਨ ਸਮਝੌਤਾ ਕੀਤਾ। ਇਹ ਸਮਝੌਤਾ ਅਕਾਦਮਿਕ ਅਤੇ ਇੰਡਸਟਰੀ ਦੇ ਵਿਚਕਾਰ ਗਲੋਬਲ ਸਹਿਯੋਗ ਦੇ ਨਵੇਂ ਅਧਿਆਇ ਦੀ ਸ਼ੁਰੂਆਤ ਹੈ।
ਇਸ ਸਬੰਧੀ ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥੀਆਂ ਦੇ ਭਵਿੱਖ ਲਈ ਉਦਯੋਗਕਾਰੀ ਤਜ਼ਰਬਾ ਅਤੇ ਅੰਤਰਰਾਸ਼ਟਰੀ ਅਕਾਦਮਿਕ ਸਾਂਝ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ  ਇਹ ਭਾਗੀਦਾਰੀ ਵਿਦਿਆਰਥੀਆਂ ਦੀ ਰੁਜ਼ਗਾਰ ਯੋਗਤਾ ਨੂੰ ਵਧਾਉਣ, ਤਕਨੀਕੀ ਨਵੀਨਤਾ ਨੂੰ ਪ੍ਰੋਤਸਾਹਿਤ ਕਰਨ ਅਤੇ ਅਕਾਦਮਿਕ ਕੋਰਸਾਂ ਨੂੰ ਟੈਕਨਾਲੋਜੀ ਦੀਆਂ ਬਦਲਦੀਆਂ ਲੋੜਾਂ ਨਾਲ ਮਿਲਾਉਣ ਲਈ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਇਸ ਸਮਝੌਤੇ ਅਧੀਨ ਰੈਨਬ੍ਰੋਸ ਗਲੋਬਲ ਵਿਦਿਆਰਥੀਆਂ ਨੂੰ ਖ਼ਾਸਕਰ ਡਾਟਾ ਐਨਾਲੇਟਿਕਸ ਅਤੇ ਏ. ਆਈ. ਦੇ ਤੇਜ਼ੀ ਨਾਲ ਬਦਲਦੇ ਖੇਤਰਾਂ ’ਚ ਤਾਜ਼ਾ ਖੋਜ, ਉਦਯੋਗਕਾਰੀ ਅਭਿਆਸਾਂ ਅਤੇ ਗਲੋਬਲ ਮਿਆਰਾਂ ਨਾਲ ਜਾਣ-ਪਛਾਣ ਕਰਵਾਏਗਾ। ਇਸ ਮੌਕੇ ਟਰੇਨਿੰਗ ਅਤੇ ਪਲੇਸਮੈਂਟ ਸੈੱਲ ਡਾਇਰੈਕਟਰ ਡਾ. ਹਰਭਜਨ ਸਿੰਘ ਰੰਧਾਵਾ ਨੇ ਕਿਹਾ ਕਿ ਰੈਨਬ੍ਰੋਸ ਗਲੋਬਲ ਨਾਲ ਹੱਥ ਮਿਲਾ ਕੇ ਅਸੀਂ ਆਪਣੇ ਵਿਦਿਆਰਥੀਆਂ ਨੂੰ ਤੇਜ਼ੀ ਨਾਲ ਬਦਲ ਰਹੀ ਡਿਜ਼ੀਟਲ ਅਰਥਵਿਵਸਥਾ ’ਚ ਕਾਮਯਾਬ ਹੋਣ ਲਈ ਲਾਜ਼ਮੀ ਹੁਨਰਾਂ ਨਾਲ ਲੈਸ ਕਰਨ ਲਈ ਵਚਨਬੱਧ ਹਾਂ।
ਇਸ ਮੌਕੇ ਅਕਾਦਮਿਕ ਅਫੇਅਰਸ ਡੀਨ ਡਾ. ਤਮਿੰਦਰ ਸਿੰਘ ਭਾਟੀਆ ਨੇ ਉਮੀਦ ਜਾਹਿਰ ਕਰਦਿਆਂ ਕਿਹਾ ਕਿ ਇਹ ਸਾਂਝ ਕਾਲਜ ਲਈ ਇਕ ਇਤਿਹਾਸਕ ਪੜਾਅ ਸਾਬਤ ਹੋਵੇਗੀ। ਜਦਕਿ ਟ੍ਰੇਨਿੰਗ ਅਤੇ ਪਲੇਸਮੈਂਟ ਸੈੱਲ ਅਸਿਸਟੈਂਟ ਡਾਇਰੈਕਟਰ ਡਾ. ਅਨੁਰੀਤ ਕੌਰ ਨੇ ਕਿਹਾ ਕਿ ਡਾਟਾ ਐਨਾਲੇਟਿਕਸ ਅਤੇ ਏ. ਆਈ. ਭਵਿੱਖ ਦੀ ਰਚਨਾ ਕਰ ਰਹੇ ਹਨ ਅਤੇ ਸਾਨੂੰ ਮਾਣ ਹੈ ਕਿ ਵਿਦਿਆਰਥੀਆਂ ਨੂੰ ਉਦਯੋਗ ਮਾਹਿਰਾਂ ਤੋਂ ਸਿੱਖਣ ਅਤੇ ਤਜਰਬਾ ਹਾਸਲ ਕਰਨ ਦਾ ਮੌਕਾ ਦੇ ਰਹੇ ਹਾਂ। ਇਸ ਮੌਕੇ ਪ੍ਰੋ. ਸੁਖਵਿੰਦਰ ਕੌਰ, ਡਾ. ਮਨੀ ਅਰੋੜਾ, ਪ੍ਰੋ. ਹਰਿਆਲੀ ਢਿੱਲੋਂ, ਪ੍ਰੋ. ਰੋਹਿਤ ਕਾਕੜੀਆ ਤੋਂ ਇਲਾਵਾ ਹੋਰ ਸਟਾਫ਼ ਹਾਜ਼ਰ ਸੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News