ਅੰਮ੍ਰਿਤਸਰ ਪੁਲਿਸ ਨੇ ਨਾਰਕੋ-ਹਵਾਲਾ ਕਾਰਟੈਲ ਦਾ ਕੀਤਾ ਪਰਦਾਫਾਸ਼ : 1.06 ਕਰੋੜ ਰੁਪਏ ਦੀ ਡਰੱਗ ਮਨੀ ਤੇ 1.10 ਕਿਲੋਗ੍ਰਾਮ ਹੈਰੋਇਨ ਸਮੇਤ ਤਿੰਨ ਕੀਤੇ ਕਾਬੂ

4739418
Total views : 5613099

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ /ਉਪਿੰਦਰਜੀਤ ਸਿੰਘ 

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੌਰਾਨ ਅੰਤਰਰਾਸ਼ਟਰੀ ਨਸ਼ਾ ਤਸਕਰੀ ਅਤੇ ਹਵਾਲਾ ਕਾਰਟੈਲ ਨੂੰ ਕਰਾਰੀ ਸੱਟ ਮਾਰਦਿਆਂ, ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਤੁਰਕੀ ਅਧਾਰਿਤ ਤਸਕਰ ਨਵਪ੍ਰੀਤ ਸਿੰਘ ਉਰਫ਼ ਨਵ ਭੁੱਲਰ ਨਾਲ ਸਬੰਧਤ ਨਾਰਕੋ-ਹਵਾਲਾ ਕਾਰਟੈਲ ਦੇ ਤਿੰਨ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਕੇ ਇਸ ਕਾਰਟੈਲ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਮੁਲਜ਼ਮ ਗੁਰਦੀਪ ਆਪਣੇ ਤੁਰਕੀ ਅਧਾਰਤ ਹੈਂਡਲਰ ਨਵ ਭੁੱਲਰ ਦੇ ਇਸ਼ਾਰਿਆਂ ‘ਤੇ ਸਥਾਨਕ ਨੈੱਟਵਰਕ ਚਲਾ ਰਿਹਾ ਸੀ: ਡੀਜੀਪੀ ਗੌਰਵ ਯਾਦਵ


ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅੰਮ੍ਰਿਤਸਰ ਦੇ ਟੈਕਸੀ ਡਰਾਈਵਰ ਗੁਰਦੀਪ ਸਿੰਘ ਉਰਫ਼ ਸਾਬ (35), ਰਾਜਸਥਾਨ ਦੇ ਬੀਕਾਨੇਰ ਤੋਂ ਕੱਪੜਾ ਦੁਕਾਨਦਾਰ ਪਰਦੀਪ ਸ਼ਰਮਾ (29) ਅਤੇ ਲੁਧਿਆਣਾ ਦੇ ਕੱਪੜਾ ਕਾਰੋਬਾਰੀ ਮਨੀ ਸ਼ਰਮਾ (36) ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਉਨ੍ਹਾਂ ਕੋਲੋਂ 1.10 ਕਿਲੋਗ੍ਰਾਮ ਹੈਰੋਇਨ, 1.06 ਕਰੋੜ ਰੁਪਏ ਦੀ ਹਵਾਲਾ ਮਨੀ (84.02 ਲੱਖ ਰੁਪਏ ਨਕਦ ਅਤੇ 22 ਲੱਖ ਰੁਪਏ ਬੈਂਕ ਖਾਤਿਆਂ ਵਿੱਚ ਫਰੀਜ਼), ਇੱਕ ਪੈਸੇ ਗਿਣਨ ਵਾਲੀ ਮਸ਼ੀਨ ਬਰਾਮਦ ਕਰਨ ਤੋਂ ਇਲਾਵਾ ਉਨ੍ਹਾਂ ਦੀ ਸਵਿਫਟ ਡਿਜ਼ਾਇਰ ਕਾਰ (ਬਿਨਾਂ ਨੰਬਰ ਪਲੇਟ) ਨੂੰ ਵੀ ਜ਼ਬਤ ਕਰ ਲਿਆ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਗੁਰਦੀਪ ਆਪਣੇ ਹੈਂਡਲਰ ਨਵ ਭੁੱਲਰ ਦੇ ਇਸ਼ਾਰਿਆਂ ‘ਤੇ ਹਵਾਲਾ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਸਬੰਧੀ ਸਥਾਨਕ ਨੈੱਟਵਰਕ ਚਲਾ ਰਿਹਾ ਸੀ ਅਤੇ ਨਵ ਭੁੱਲਰ ਨੇ ਉਸਨੂੰ ਅੰਮ੍ਰਿਤਸਰ ਵਿੱਚ ਛੁਪਣਗਾਹ ਵਜੋਂ ਵਰਤਣ ਲਈ ਇੱਕ ਘਰ ਅਤੇ ਕਾਰਟੈਲ ਚਲਾਉਣ ਲਈ ਸਾਰੀ ਲੌਜਿਸਟਿਕ ਸਹਾਇਤਾ ਪ੍ਰਦਾਨ ਕਰ ਰਿਹਾ ਸੀ। ਉਨ੍ਹਾਂ ਅੱਗੇ ਦੱਸਿਆ ਕਿ ਦੋਸ਼ੀ ਨਵ ਭੁੱਲਰ ਵੱਖ-ਵੱਖ ਕੇਂਦਰ ਅਤੇ ਰਾਜ ਏਜੰਸੀਆਂ ਨੂੰ ਨਸ਼ੀਲੇ ਪਦਾਰਥਾਂ ਅਤੇ ਹਵਾਲਾ ਸਬੰਧੀ ਵੱਡੇ ਮਾਮਲਿਆਂ ਵਿੱਚ ਲੋੜੀਂਦਾ ਹੈ।ਡੀਜੀਪੀ ਨੇ ਕਿਹਾ ਕਿ ਇਸ ਕਾਰਟੇਲ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ।

ਮਾਮਲੇ ਦੀ ਹੋਰ ਜਾਂਚ ਜਾਰੀ; ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ: ਸੀਪੀ ਅੰਮ੍ਰਿਤਸਰ ਗੁਰਪ੍ਰੀਤ ਭੁੱਲਰ


ਆਪਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਖੁਫੀਆ ਜਾਣਕਾਰੀ ‘ਤੇ ਕਾਰਵਾਈ ਕਰਦਿਆਂ, ਇੰਚਾਰਜ ਸੀਆਈਏ-1 ਅਮੋਲਕਦੀਪ ਸਿੰਘ ਨੇ ਪੁਲਿਸ ਟੀਮ ਨਾਲ ਮਿਲ ਕੇ ਰਣਨੀਤਕ ਤੌਰ ‘ਤੇ ਵੱਖ-ਵੱਖ ਟੀਮਾਂ ਬਣਾਈਆਂ ਅਤੇ ਗੁਰਦੀਪ ਸਿੰਘ ਉਰਫ਼ ਸਾਬ ਨੂੰ ਲੋਕ ਹਾਰਟ ਸਕੂਲ, ਰਾਮ ਤੀਰਥ ਰੋਡ, ਅੰਮ੍ਰਿਤਸਰ ਦੇ ਨੇੜਿਓਂ ਗ੍ਰਿਫ਼ਤਾਰ ਕਰ ਲਿਆ ਅਤੇ ਉਸਦੇ ਕਬਜ਼ੇ ਵਿੱਚੋਂ ਨਸ਼ੀਲੇ ਪਦਾਰਥਾਂ ਦੀ ਖੇਪ ਅਤੇ ਡਰੱਗ ਮਨੀ ਬਰਾਮਦ ਕੀਤੀ। ਇਹ ਕਾਰਵਾਈ ਡੀਸੀਪੀ ਡਿਟੈਕਟਿਵ ਰਵਿੰਦਰਪਾਲ ਸਿੰਘ, ਏਡੀਸੀਪੀ ਡਿਟੈਕਟਿਵ ਜਗਬਿੰਦਰ ਸਿੰਘ ਅਤੇ ਏਸੀਪੀ ਡਿਟੈਕਟਿਵ ਹਰਮਿੰਦਰ ਸਿੰਘ ਸੰਧੂ ਦੀ ਨਿਗਰਾਨੀ ਹੇਠ ਕੀਤੀ ਗਈ।
ਸੀਪੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ, ਮੁਲਜ਼ਮ ਗੁਰਦੀਪ ਸਿੰਘ ਨੇ ਮੁਲਜ਼ਮ ਪਰਦੀਪ ਸ਼ਰਮਾ ਅਤੇ ਮਨੀ ਸ਼ਰਮਾ ਦੇ ਸ਼ਾਮਲ ਹੋਣ ਬਾਰੇ ਜ਼ਿਕਰ ਕੀਤਾ ਅਤੇ ਇਹ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਨੇ 5-5 ਲੱਖ ਰੁਪਏ ਡਰੱਗ ਮਨੀ ਡਿਲੀਵਰ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਸ ਖੁਲਾਸੇ ਉਪਰੰਤ ਪੁਲਿਸ ਟੀਮਾਂ ਨੇ ਦੋਵਾਂ ਮੁਲਜ਼ਮਾਂ ਦਾ ਸਫਲਤਾਪੂਰਵਕ ਟਰੈਕ ਕਰਕੇ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਦੀ ਹੋਰ ਜਾਂਚ ਜਾਰੀ ਹੈ।
ਇਸ ਸਬੰਧੀ ਐਫਆਈਆਰ ਨੰਬਰ 76 ਮਿਤੀ 06-05-2025 ਨੂੰ ਐਨਡੀਪੀਐਸ ਐਕਟ ਦੀਆਂ ਧਾਰਾਵਾਂ 21-ਸੀ, 27-ਏ, 25 ਅਤੇ 29 ਤਹਿਤ ਅੰਮ੍ਰਿਤਸਰ ਦੇ ਥਾਣਾ ਛਾਉਣੀ ਵਿਖੇ ਦਰਜ ਕੀਤੀ ਗਈ ਹੈ।ਖਬਰ ਨੂੰ ਵਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News