





Total views : 5841165







Total views : 5841165ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਖ਼ਾਲਸਾ ਕਾਲਜ ਵਿਖੇ ਸੰਤਾਲੀ ਦੀ ਵੰਡ ਨੂੰ ਸਮਰਪਿਤ 9ਵੇਂ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲੇ ਦੇ ਚੌਥੇ ਦਿਨ ਦੀ ਸ਼ੁਰੂਆਤ ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਪਹੁੰਚੇ ਵਿਦਵਾਨ-ਚਿੰਤਕਾਂ ਨੂੰ ਪੌਦੇ ਭੇਂਟ ਕਰਕੇ ਜੀ ਆਇਆ ਕਹਿੰਦਿਆਂ ਕੀਤੀ। ‘ਸੰਤਾਲੀ ਦੀ ਵੰਡ: ਕਰਕ ਕਲੇਜੇ ਮਾਹਿ’ ਵਿਸ਼ੇ ਤਹਿਤ ਵਿਚਾਰ ਚਰਚਾ ਕਰਦਿਆਂ ਸੈਮੀਨਾਰ ਦੇ ਪਹਿਲੇ ਸੈਸ਼ਨ ਵਿਚ ਪ੍ਰਸਿੱਧ ਪੰਜਾਬੀ ਚਿੰਤਕ ਅਤੇ ਆਲੋਚਕ ਡਾ. ਰਵੀ ਰਵਿੰਦਰ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਸੰਤਾਲੀ ਦੀ ਵੰਡ ਨਾਲ ਸੰਬੰਧਿਤ ਕਵਿਤਾਵਾਂ ਦੇ ਹਵਾਲੇ ਦਿੰਦਿਆਂ ਦੇਸ਼ ਪਿਆਰ ਦੀ ਆਪਸੀ ਸਾਂਝ ਅਤੇ ਮੁਹੱਬਤ ਨੂੰ ਉਜਾਗਰ ਕੀਤਾ।
ਉਨ੍ਹਾਂ ਕਿਹਾ ਕਿ ਦੇਸ਼ ਦਾ ਬਟਵਾਰਾ ਇਕ ਤ੍ਰਾਸਦਿਕ ਵਰਤਾਰਾ ਸੀ ਜਿਸਨੇ ਸਮਾਜਿਕ, ਰਾਜਨੀਤਕ, ਧਾਰਮਿਕ, ਆਰਥਿਕ ਆਦਿ ਕਈ ਪੱਖਾਂ ਤੋਂ ਬਹੁਤ ਹੱਦ ਤੱਕ ਪ੍ਰਭਾਵਿਤ ਕੀਤਾ। ਇਹ ਇਕ ਕੋਝੀ ਰਾਜਨੀਤਕ ਚਾਲ ਸੀ ਜਿਸ ਨੂੰ ਆਧਾਰ ਬਣਾ ਕੇ ਇਹ ਵਰਤਾਰਾ ਵਾਪਰਿਆ। ਦੋਹਾਂ ਧਿਰਾਂ ਦੇ ਕੁਝ ਆਪਸੀ ਸੁਆਰਥਾਂ ਦੇ ਫ਼ੈਸਲਿਆਂ ਨੇ ਅਜਿਹੀ ਸਾਜ਼ਿਸ਼ ਨੂੰ ਅੰਜ਼ਾਮ ਦਿੱਤਾ।

ਪ੍ਰਸਿੱਧ ਨਾਟਕਕਾਰ ਅਤੇ ਨਿਰਦੇਸ਼ਕ ਕੇਵਲ ਧਾਲੀਵਾਲ ਨੇ ਨਾਟਕ ‘ਯਾਤਰਾ 1947’ ਦੇ ਹਵਾਲੇ ਨਾਲ ਗੱਲ ਕਰਦਿਆਂ ਕਿਹਾ ਕਿ ਸੰਤਾਲੀ ਦੀ ਵੰਡ ਦੇ ਹੰਢਾਏ ਹੋਏ ਸੰਤਾਪ ਦੀ ਪੇਸ਼ਕਾਰੀ ਹੈ। ਅਜਿਹੀ ਸੰਵੇਦਨਾ ਹਰੇਕ ਪੀੜ੍ਹੀ ਦੇ ਜੀਵਨ ਦਾ ਅਨਿੱਖੜ ਹਿੱਸਾ ਬਣਿਆ ਹੋਇਆ ਹੈ। ਦੇਸ਼ ਦੀ ਵੰਡ ਦਾ ਮਸਲਾ ਕੇਵਲ ਦੇਸ਼ ਵੰਡ ਤੱਕ ਹੀ ਸੀਮਤ ਨਹੀਂ ਬਲਕਿ ਭਾਵਕ ਸਾਂਝ ਨਾਲ ਜੁੜਿਆ ਹੋਇਆ ਹੈ। ਇਹ ਭਾਵਨਾ ਹਰੇਕ ਪੀੜ੍ਹੀ ਰਾਹੀਂ ਪੇਸ਼ ਹੁੰਦੀ ਰਹੇਗੀ। ਇਹੀ ਕਾਰਨ ਹੈ ਕਿ ਅਸੀਂ ਬਾਰ-ਬਾਰ ਇਸ ਘਟਨਾ ਦਾ ਜ਼ਿਕਰ ਕਰਦੇ ਹਾਂ।
ਮੁੱਖ ਮਹਿਮਾਨ ਪਰਮਿੰਦਰ ਸੋਢੀ ਨੇ ਕਿਹਾ ਕਿ ਮਨੁੱਖ ਦਾ ਵਿਸ਼ੇਸ਼ ਧਰਮ ਮਨੁੱਖਤਾ ਹੈ। ਮਨੁੱਖਤਾ ਦੇ ਵਿਵਹਾਰ ਦਾ ਮੂਲ ਮੰਤਰ ਸਮਾਨਤਾ ਹੈ। ਜੇਕਰ ਮਨੁੱਖ ਆਪਸੀ ਧਾਰਮਿਕ ਕੱਟੜਤਾ ਨੂੰ ਨਿਕਾਰਦਾ ਨਹੀਂ ਹੈ ਤਾਂ ਅਜਿਹੇ ਹਾਲਾਤ ਪੈਦਾ ਹੋਣ ਦੇ ਆਸਾਰ ਫਿਰ ਤੋਂ ਪੈਦਾ ਹੋਣ ਦੀ ਸੰਭਾਵਨਾ ਪੈਦਾ ਕਰ ਸਕਦੇ ਹਨ।
ਡਾ. ਕੁਲਦੀਪ ਸਿੰਘ ਦੀਪ ਨੇ ਰੰਗਮੰਚ ਦੇ ਹਵਾਲੇ ਨਾਲ ਗੱਲ ਕਰਦਿਆਂ ਕਿਹਾ ਕਿ ਆਜ਼ਾਦੀ ਜਦੋਂ ਸਾਨੂੰ ਸਾਡੇ ਨਾਲ ਵਾਪਰੀਆਂ ਘਟਨਾਵਾਂ ਦੀ ਪੀੜਾ ਦਾ ਅਹਿਸਾਸ ਕਰਾਉਂਦੀ ਹੈ ਤਾਂ ਸਾਡਾ ਕਥਾਰਸਿਸ ਹੁੰਦਾ ਹੈ। ਇਸ ਦੀ ਪੇਸ਼ਕਾਰੀ ਰੰਗਮੰਚ ਰਾਹੀਂ ਅਤੇ ਫ਼ਿਲਮਾਂ ਵਿਚ ਹੁੰਦੀ ਆ ਰਹੀ ਹੈ।
ਇਸ ਚੌਥੇ ਦਿਨ ਦੇ ਦੂਜੇ ਸੈਸ਼ਨ ‘ਸੰਤਾਲੀ ਦੀ ਵੰਡ: ਨਵੀਂ ਪੀੜ੍ਹੀ ਦੁਆਰਾ ਸਿਮਰਦਿਆਂ’ ਦੀ ਪੈਨਲ ਚਰਚਾ ਦੀ ਸ਼ੁਰੂਆਤ ਵਿਚ ਸੈਮੀਨਾਰ ਦੇ ਕਨਵੀਨਰ ਡਾ. ਹੀਰਾ ਸਿੰਘ ਅਤੇ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਪਹੁੰਚੇ ਹੋਏ ਵਿਦਵਾਨਾਂ ਨੂੰ ਜੀ ਆਇਆ ਕਹਿੰਦਿਆ ਕੀਤੀ। ਇਸ ਪੈਨਲ ਚਰਚਾ ਵਿਚ ਡਾ. ਸਿਰਮਨਜੀਤ ਸਿੰਘ ਨੇ ਪੰਜਾਬੀ ਗਾਇਕੀ ਦੇ ਸੰਦਰਭ ਵਿਚ ਦੇਸ਼ ਵੰਡ ਦੀ ਗੱਲ ਕਰਦਿਆਂ ਕਿਹਾ ਕਿ ਰੇਡੀਓ ਅਤੇ ਰਿਕਾਰਡਿੰਗ ਗਾਇਕੀ ਦਾ ਸੰਨ 1947 ਅਤੇ ਬਾਅਦ ਦੀ ਗਾਇਕੀ ਦੀ ਪੇਸ਼ਕਾਰੀ ਵਿਚ ਬਹੁਤਾ ਜਿਆਦਾ ਫ਼ਰਕ ਹੈ। ਇਹ ਗਾਇਕੀ ਵੰਡ ਤੋਂ ਬਾਅਦ ਧਾਰਮਿਕ ਅਤੇ ਸਿਆਸੀ ਰੰਗਤ ਧਾਰਨ ਕਰ ਲੈਂਦੀ ਹੈ। ਇਸ ਤੋਂ ਬਾਅਦ ਡਾ. ਰਾਜਵਿੰਦਰ ਕੌਰ, ਡਾ. ਵਿਸ਼ਾਲ, ਡਾ. ਹਰਿੰਦਰ ਕੌਰ ਸੋਹਲ, ਡਾ. ਹਰਵੰਤ ਕੌਰ ਅਤੇ ਡਾ. ਗੁਰਦੀਪ ਕੌਰ ਸੂਰਾ ਨੇ ਸੰਬੰਧਿਤ ਵਿਸ਼ੇ ਨਾਲ ਗਹਿਨ ਗੰਭੀਰ ਵਿਚਾਰ ਚਰਚਾ ਕਰਦਿਆਂ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ।
ਦੁਪਹਿਰ ਸਮੇਂ ਗੀਤ ਲੋਕ ਗੀਤ ਪ੍ਰੋਗਰਾਮ ਦੇ ਚਲਦਿਆਂ ਕਾਲਜ ਦੇ ਸੰਗੀਤ ਵਿਭਾਗ ਵੱਲੋਂ ਆਪਣੀ ਗਾਇਕੀ ਦੇ ਰੰਗ ਬਖੇਰੇ ਗਏ। ਇਸ ਉਪਰੰਤ ਰੰਗਮੰਚ ਅਤੇ ਫ਼ਿਲਮ ਪ੍ਰੋਡਕਸ਼ਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਯੁਵਕ ਭਲਾਈ ਅਤੇ ਸਭਿਆਚਾਰਕ ਗਤੀਵਿਧੀਆਂ ਵਿਭਾਗ ਦੁਆਰ ਨਾਟਕਕਾਰ ਬਾਦਲ ਸਰਕਾਰ ਦਾ ਨਾਟਕ ‘ਏਵਮ ਇੰਦਰਜੀਤ’ ਦੀ ਓਪਨ ਏਅਰ ਥੀਏਟਰ ਵਿਚ ਪੇਸ਼ਕਾਰੀ ਕੀਤੀ ਗਈ। ਇਸ ਨਾਟਕ ਦੇ ਨਿਰਦੇਸ਼ਕ ਡਾ. ਜਸਪਾਲ ਕੌਰ ਦਿਓਲ ਹਨ। ਸ਼ਾਮ ਸਮੇਂ ‘ਐ ਪੰਜਾਬ ਕਰਾਂ ਕੀ ਸਿਫ਼ਤ ਤੇਰੀ’ ਪ੍ਰੋਗਰਾਮ ਦੇ ਚਲਦਿਆਂ ਪੰਜਾਬੀ ਲੋਕ ਗਾਇਕ ਪਰਮ ਨਿਮਾਣਾ ਅਤੇ ਗੁਰੂ ਭੁੱਲਰ ਨੇ ਆਪਣੀ ਗਾਇਕੀ ਦੇ ਫਨ ਦਾ ਮੁਜ਼ਾਹਰਾ ਕੀਤਾ। ਸਮਾਗਮ ਦਾ ਸਿਖ਼ਰ ਲੋਕ ਨਾਚ ਗਿੱਧੇ ਨਾਲ ਹੋਇਆ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-