Total views : 5521233
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਝਬਾਲ/ਭਿੱਖੀਵਿੰਡ,ਬੱਬੂ ਬੰਡਾਲਾ
ਅੱਜ ਅੱਡਾ ਭਿੱਖੀਵਿੰਡ ਵਿਖੇ ਬਜ਼ੁਰਗ ਕਿਸਾਨ ਆਗੂ ਪੂਰਨ ਸਿੰਘ ਕੰਬੋ ਕੇ ਦੇ ਗ੍ਰਹਿ ਵਿਖੇ ਕੁੱਲ ਹਿੰਦ ਕਿਸਾਨ ਸਭਾ ਦਾ 89 ਵਾਂ ਸਥਾਪਨਾ ਦਿਵਸ ਅਤੇ ਕਿਸਾਨਾਂ ਦੇ ਮਹਾਨ ਆਗੂ ਤੇਜਾ ਸਿੰਘ ਸੁਤੰਤਰ ਦੀ 51 ਵੀਂ ਬਰਸੀ ਪੂਰਨ ਸਿੰਘ ਮਾੜੀਮੇਘਾ,ਅਰਸਾਲ ਸਿੰਘ ਪਹੂਵਿੰਡ ਤੇ ਪੂਰਨ ਸਿੰਘ ਕੰਬੋਕੇ ਦੀ ਪ੍ਰਧਾਨਗੀ ਹੇਠ ਮਨਾਈ ਗਈ।ਇਸ ਭਾਵ ਪੂਰਤ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਕੱਤਰ ਬਲਕਾਰ ਸਿੰਘ ਵਲਟੋਹਾ , ਦਵਿੰਦਰ ਸੋਹਲ ਤੇ ਸੂਬਾ ਕਮੇਟੀ ਮੈਂਬਰ ਮਹਾਂਬੀਰ ਸਿੰਘ ਗਿੱਲ ਨੇ ਕਿਹਾ ਕਿ ਅੱਜ ਜਦੋਂ ਮੌਜੂਦਾ ਬੀ ਜੇ ਪੀ ਦੀ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਕਿਸਾਨਾਂ ਨਾਲ ਕੀਤੇ ਵਾਅਦਿਆਂ ਤੋਂ ਮੁਨਕਰ ਹੋ ਗਈਆਂ ਹਨ, ਉਸ ਸਮੇਂ ਕੁੱਲ ਹਿੰਦ ਕਿਸਾਨ ਸਭਾ ਦਾ ਸ਼ਾਨਾਮੱਤਾ ਇਤਿਹਾਸ ਅਤੇ ਉੱਘੇ ਦੇਸ਼ ਭਗਤ ਤੇ ਇਨਕਲਾਬੀ ਕਿਸਾਨ ਆਗੂ ਤੇਜਾ ਸਿੰਘ ਸੁਤੰਤਰ ਦੀ ਅਗਵਾਈ ਵਿੱਚ ਹੋਇਆ ਸੰਘਰਸ਼ ਸਾਡੇ ਲਈ ਰਾਹ ਦਸੇਰਾ ਹਨ। ਸਾਡੇ ਦੇਸ਼ ਦੀ ਸੱਤਰ ਫ਼ੀਸਦੀ ਜਨਤਾ ਅੱਜ ਵੀ ਖੇਤੀ ਤੇ ਨਿਰਭਰ ਕਰਦੀ ਹੈ। ਛੋਟੇ ਤੇ ਦਰਮਿਆਨੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਇਸ ਕਰਕੇ ਕਾਰਪੋਰੇਟ ਘਰਾਣਿਆਂ ਦੀ ਹੱਥ ਠੋਕਾ ਸਰਕਾਰ ਨੂੰ ਚਲਦਾ ਕਰਨਾ ਵੀ ਜ਼ਰੂਰੀ ਹੈ ਅਤੇ ਕਿਸਾਨ ਤੇ ਅਨਾਜ ਖਪਤਕਾਰ ਦੇ ਹਿੱਤ ਵਿੱਚ ਹੈ ਕਿ ਐਮ ਐਸ ਪੀ ਸਵਾਮੀਨਾਥਨ ਕਮਿਸ਼ਨ ਅਨੁਸਾਰ ਮਿਲੇ ਤੇ ਖਪਤਕਾਰ ਲਈ ਖਰੀਦ ਮੁੱਲ ਵੀ ਤਹਿ ਕੀਤਾ ਜਾਵੇ।
ਕੁੱਲ ਹਿੰਦ ਕਿਸਾਨ ਸਭਾ ਦਾ ਸ਼ਾਨਾਮੱਤਾ ਇਤਿਹਾਸ
ਬੁਲਾਰਿਆਂ ਇਹ ਵੀ ਕਿਹਾ ਕਿ ਅਪ੍ਰੈਲ 1936 ਚ ਕੁੱਲ ਹਿੰਦ ਕਿਸਾਨ ਸਭਾ ਦੀ ਸਥਾਪਨਾ ਨਾਲ ਹੀ ਦੇਸ਼ ਦੀ ਆਜ਼ਾਦੀ ਲਈ ਵੱਡੇ ਸੰਘਰਸ਼ ਹੋਏ। ਰਾਜਿਆਂ ਤੇ ਜਗੀਰਦਾਰਾਂ ਤੋਂ ਜ਼ਮੀਨਾਂ ਖੋਹਕੇ ਕਿਸਾਨਾਂ ਵਿੱਚ ਵੰਡੀਆਂ ਗਈਆਂ। ਦੇਸ਼ ਦੇ ਵੱਖ ਵੱਖ ਇਲਾਕਾਈ ਕਿਸਾਨ ਜਥੇਬੰਦੀਆਂ ਨੂੰ ਇਕੱਠੇ ਕਰਕੇ ਦੇਸ਼ ਪੱਧਰ ਤੇ ਇੱਕੋ ਇੱਕ ਕਿਸਾਨਾਂ ਦੀ ਜਥੇਬੰਦੀ ਬਣਾਉਣ ਲਈ ਦੇਸ਼ ਦੇ ਹੋਰਨਾਂ ਕਿਸਾਨਾਂ ਆਗੂਆਂ ਦੇ ਨਾਲ ਪੰਜਾਬ ਤੋਂ ਸੋਹਣ ਸਿੰਘ ਜੋਸ਼ ਤੇ ਪੀ ਅਹਿਮਦ ਵਰਗੇ ਦਿਆਨਤਦਾਰ ਕਿਸਾਨ ਆਗੂ ਵੀ ਅਗਵਾਈ ਵਿੱਚ ਸਨ, ਜਿਸਦਾ ਪੰਜਾਬ ਨੂੰ ਮਾਣ ਹੈ।
ਕਿਸਾਨਾਂ ਦੇ ਮਹਾਨ ਇਨਕਲਾਬੀ ਯੋਧੇ ਤੇਜਾ ਸਿੰਘ ਸੁਤੰਤਰ ਵਰਗੇ ਯੋਧਿਆਂ ਦੀ ਅਗਵਾਈ ਵਿੱਚ ਮੁਜ਼ਾਰਾ ਲਹਿਰ ਵਰਗੇ ਖਾੜਕੂ ਸੰਘਰਸ਼ ਲੜਕੇ ਜਿੱਤ ਪ੍ਰਾਪਤ ਕੀਤੀ ਗਈ ਅਤੇ16 ਲੱਖ ਏਕੜ ਜ਼ਮੀਨ ਰਜਵਾੜਿਆਂ ਤੋਂ ਖੋਹਕੇ 784 ਪਿੰਡਾਂ ਦੇ ਹਲਵਾਹਕ ਕਿਸਾਨਾਂ ਨੂੰ ਵੰਡੀ ਗਈ। ਤੇਜਾ ਸਿੰਘ ਸੁਤੰਤਰ ਨੇ ਜਵਾਨੀ ਵੇਲੇ ਸੁਤੰਤਰ ਜਥਾ ਅਕਾਲੀ ਦੀ ਅਗਵਾਈ ਕਰਕੇ ਗੁਰਦੁਆਰਾ ਤੇਜਾ ਵੀਹਲਾ ਅੰਗਰੇਜ਼ ਪਿੱਠੂ ਮਹੰਤਾਂ ਤੋਂ ਆਜ਼ਾਦ ਕਰਵਾਇਆ,ਜਿਸ ਕਾਰਨ ਇਹਨਾਂ ਦਾ ਨਾਮ ਸਮੁੰਦ ਸਿੰਘ ਤੋਂ ਤੇਜਾ ਸਿੰਘ ਸੁਤੰਤਰ ਲੋਕਾਂ ਨੇ ਰੱਖ ਦਿੱਤਾ।ਅੱਜ ਫਿਰ ਅਜਿਹੇ ਮਹਾਨ ਇਨਕਲਾਬੀ ਯੋਧਿਆਂ ਨੂੰ ਯਾਦ ਕਰਦਿਆਂ ਕਾਰਪੋਰੇਟ ਘਰਾਣਿਆਂ ਨੂੰ ਖੇਤੀ ਸੈਕਟਰ ਤੋਂ ਪਰੇ ਕਰਨ ਲਈ ਅਤੇ ਸਾਂਝੀ ਤੇ ਸਹਿਕਾਰੀ ਖੇਤੀ ਵੱਲ ਸੰਘਰਸ਼ ਸ਼ੀਲ ਹੋਣ ਦੀ ਲੋੜ ਹੈ। ਇਸ ਮੌਕੇ ਮੰਗ ਕੀਤੀ ਗਈ ਕਿ ਹਰ ਕਿਸਾਨ ਮਜ਼ਦੂਰ ਦਾ ਕਰਜ਼ਾ ਮੁਆਫ਼ ਕੀਤਾ ਜਾਵੇ।ਹਰ ਕਿਸਾਨ ਮਜ਼ਦੂਰ ਨੂੰ 10000/- ਰੁਪਏ ਮਹੀਨਾ ਬੁਢਾਪਾ ਪੈਨਸ਼ਨ ਦਿੱਤੀ ਜਾਵੇ।ਹਰ ਬੱਚੇ ਲਈ ਮੁਫ਼ਤ ਤੇ ਲਾਜ਼ਮੀ ਵਿੱਦਿਆ ਦਿੱਤੀ ਜਾਵੇ ਅਤੇ ਰੁਜ਼ਗਾਰ ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਿਸਾਨ ਸਭਾ ਦੇ ਆਗੂ ਰਛਪਾਲ ਸਿੰਘ ਬਾਠ, ਨਰਿੰਦਰ ਸਿੰਘ ਅਲਗੋਂ, ਸੁਖਦੇਵ ਸਿੰਘ ਕਾਲਾ, ਰਛਪਾਲ ਸਿੰਘ ਨਾਰਲੀ, ਜਸਪਾਲ ਸਿੰਘ ਭਿੱਖੀਵਿੰਡ, ਸਲਵਿੰਦਰ ਸਿੰਘ ਪੱਧਰੀ, ਸੁਰਿੰਦਰ ਸਿੰਘ ਬਿੱਲਾ,ਰਾਜ ਗੋਬਿੰਦ ਸਿੰਘ,ਮਸਤਾਨ ਸਿੰਘ ਰਾਜੋਕੇ, ਦਿਲਬਾਗ ਸਿੰਘ ਪੱਟੀ, ਗੁਰਬਿੰਦਰ ਸਿੰਘ ਸੋਹਲ, ਕਵਲਜੀਤ ਢਿੱਲੋਂ, ਨੇ ਵੀ ਆਪਣੇ ਵਿਚਾਰ ਰੱਖੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-