Total views : 5507101
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ, ਅੰਮ੍ਰਿਤਸਰ ਵਿਖੇ ਮਹਾਰਿਸ਼ੀ ਦਯਾਨੰਦ ਸਰਸਵਤੀ ਜੀ ਦੀ 200ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ 53ਵੇਂ ‘ਡਿਗਰੀ ਵੰਡ’ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਪ੍ਰੋ. (ਡਾ.) ਧਨੰਨਜਯ ਸਿੰਘ, ਮੈਂਬਰ ਸੈਕਟਰੀ, ਇੰਡੀਅਨ ਕਾਊਂਸਲ ਆਫ ਸੋਸ਼ਲ ਸਾਈਂਸ ਰੀਸਰਚ, ਨਵੀਂ ਦਿੱਲੀ ਨੇ ਮੁੱਖ ਮਹਿਮਾਨ ਵਜੋਂ ਅਤੇ ਪਦਮਸ਼੍ਰੀ ਡਾ. ਹਰਮੋਹਿੰਦਰ ਸਿੰਘ ਬੇਦੀ, ਕੁਲਪਤੀ, ਕੇਂਦਰੀ ਯੂਨੀਵਰਸਿਟੀ, ਹਿਮਾਚਲ ਪ੍ਰਦੇਸ਼ ਨੇ ਵਿਸ਼ੇਸ਼ ਮਹਿਮਾਨ ਦੇ ਰੂਪ ‘ਚ ਸ਼ਿਰਕਤ ਕੀਤੀ। ਇਸ ਸਮਾਰੋਹ ‘ਚ 800 ਤੋਂ ਵੱਧ ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਵਿਦਿਆਰਥਣਾਂ ਨੂੰ ਡਿਗਰੀ ਪ੍ਰਦਾਨ ਕੀਤੀ ਗਈ। ਪ੍ਰੋਗਰਾਮ ਦਾ ਆਗ਼ਾਜ ਡੀ.ਏ.ਵੀ ਗਾਨ ਅਤੇ ਵੇਦ-ਮੰਤਰ ਗਾਇਨ ਸਹਿਤ ਸ਼ਮ੍ਹਾਂ ਰੌਸ਼ਨ ਨਾਲ ਹੋਇਆ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਅਤੇ ਸ਼੍ਰੀ ਸੁਦਰਸ਼ਨ ਕਪੂਰ, ਚੇਅਰਮੈਨ, ਸਥਾਨਕ ਪ੍ਰਬੰਧਕ ਕਮੇਟੀ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਦਾ ਸਵਾਗਤ ਵਾਤਾਵਰਣ ਦੇ ਰੱਖਿਅਕ ਨੰਨ੍ਹੇ ਪੌਧੇ ਦੇ ਕੇ ਕੀਤਾ। ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਕਾਲਜ ਦੀ ਸਲਾਨਾ ਰਿਪੋਰਟ ਪੜ੍ਹੀ ਜਿਸ ਵਿਚ ਕਾਲਜ ਦੀ ਅਕਾਦਮਿਕ, ਖੇਡ, ਸੰਸਕ੍ਰਿਤਕ, ਐਨ ਸੀ ਸੀ, ਐਨ ਐਸ ਐਸ, ਵਿਭਿੰਨ ਸਭਾਵਾਂ ਅਤੇ ਕਾਲਜ ਸਟਾਫ ਦੀਆਂ ਉਪਲਬਧੀਆਂ ਤੇ ਗਤੀਵਿਧੀਆਂ ‘ਤੇ ਚਾਨਣਾ ਪਾਇਆ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਆਪਣੇ ਸੰਬੋਧਨ ‘ਚ ਸਭ ਤੋਂ ਪਹਿਲਾਂ ਡਿਗਰੀ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਇਸ ਮੌਕੇ ‘ਤੇ ਵਧਾਈ ਦਿੰਦੀਆਂ ਕਿਹਾ ਕਿ ਸਿੱਖਿਆ ਸਮਾਜਿਕ ਗਤੀਸ਼ੀਲਤਾ ਦਾ ਇਕ ਸ੍ਰੋਤ ਹੈ। ਉਹਨਾ ਨੇ ਵਿਦਿਆਰਥਣਾਂ ਨੰ ਸੁਨੇਹਾ ਦਿੰਦੇ ਹੋਏ ਕਿਹਾ ਕਿ ਸਵੈ-ਵਿਸ਼ਵਾਸ ਰੱਖਦੇ ਹੋਏ ਆਪਣੇ ਵਿਚਾਰਾਂ ਅਨੁਸਾਰ ਸਮਾਜ ਨੂੰ ਬਦਲਣ ਦੀ ਹਿੰਮਤ ਰੱਖੋ, ਅੱਗੇ ਵਧੋ, ਖੁਸ਼ ਰਹੋ ਕਿਉਂਕਿ ਮਹਾਂਰਿਸ਼ੀ ਦਯਾਨੰਦ ਨੂੰ ਸਮਰਪਿਤ ਇਹ ਡੀ ਏ ਵੀ ਸੰਸਥਾਵਾਂ ਤੁਹਾਡੀਆਂ ਹਨ। ਉਹਨਾਂ ਕਿਹਾ ਕਿ ਮਹਾਰਿਸ਼ੀ ਦਯਾਨੰਦ ਦੁਆਰਾ ਵਿਸ਼ੇਸ਼ ਰੂਪ ‘ਚ ਨਾਰੀ ਜਾਤੀ ਨੂੰ ਦਿੱਤਾ ਗਿਆ ਇਹ ਅਕਾਸ਼ ਉਨਮੁਕਤ ਹੈ।
ਵਿਸ਼ੇਸ਼ ਮਹਿਮਾਨ ਪਦਮਸ਼੍ਰੀ ਡਾ. ਹਰਮੋਹਿੰਦਰ ਸਿੰਘ ਬੇਦੀ ਨੇ ਆਪਣੇ ਸੰਬੋਧਨੀ ਭਾਸ਼ਣ ‘ਚ ਵਿਦਿਆਰਥਣਾਂ ਨੂੰ ਸ਼ੁੱਭ ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਡੀ ਏ ਵੀ ਸੰਸਥਾਵਾਂ ਨੇ ਨਾਰੀ ਸਿੱਖਿਆ ਦੇ ਖੇਤਰ ‘ਚ ਭਾਰਤ ‘ਚ ਕ੍ਰਾਂਤੀ ਪੈਦਾ ਕੀਤੀ। ਉਹਨਾਂ ਨੇ ਕਿਹਾ ਕਿ ਤੁਸੀਂ ਇਹ ਡਿਗਰੀ ਪ੍ਰਾਪਤ ਕਰਕੇ ਪਰਿਵਾਰ, ਸਮਾਜ ਤੇ ਰਾਸ਼ਟਰ ‘ਚ ਨਵੀਂ ਚੇਤਨਾ ਪੈਦਾ ਕਰੋਗੇ ਕਿਉਂਕਿ ਨਾਰੀ ਸਿੱਖਿਆ ਰਾਹੀਂ ਹੀ ਸਮਾਜ ‘ਚ ਪਰਿਵਰਤਨ ਸੰਭਵ ਹੈ। ਸੰਸਥਾ ਤੋਂ ਪ੍ਰਾਪਤ ਨੈਤਿਕ ਮੁੱਲ਼, ਸੰਸਕ੍ਰਿਤੀ ਅਤੇ ਵਿਰਾਸਤ ਨੂੰ ਸੰਸਾਰ ਦੇ ਸਾਹਮਣੇ ਲਿਆਉਣ ਦਾ ਇਹ ਇਕ ਮੌਕਾ ਹੈ।
ਮੁੱਖ ਮਹਿਮਾਨ ਪ੍ਰੋ. (ਡਾ.) ਧਨੰਨਜਯ ਸਿੰਘ ਨੇ ਆਪਣੇ ਸੰਬੋਧਨੀ ਭਾਸ਼ਣ ‘ਚ ਸਭ ਤੋਂ ਪਹਿਲਾਂ ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ, ਮੈਨੇਜਮੈਂਟ, ਸਮੂਹ ਅਧਿਆਪਕ ਅਤੇ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਵਾਮੀ ਦਯਾਨੰਦ ਜੀ ਦੀ 200ਵੀਂ ਜਯੰਤੀ ਨੂੰ ਸਮਰਪਿਤ ਨਾਰੀ ਸਸ਼ਕਤੀਕਰਨ ਦੀ ਪ੍ਰਤੀਕ ਐਸੀ ਸੰਸਥਾ ਦੇ ਡਿਗਰੀ ਵੰਡ ਸਮਾਰੋਹ ਦਾ ਹਿੱਸਾ ਹੋਣ ‘ਤੇ ਮਾਣ ਮਹਿਸੂਸ ਕਰ ਰਿਹਾ ਹਾਂ। ਕੋਈ ਵੀ ਸਮਾਜ ਅਤੇ ਰਾਸ਼ਟਰ ਔਰਤ ਨੂੰ ਨਜ਼ਰ-ਅੰਦਾਜ਼ ਕਰਕੇ ਤਰੱਕੀ ਨਹੀਂ ਕਰ ਸਕਦਾ। ਇਕ ਸਿੱਖਿਅਕ ਔਰਤ ਪਰਿਵਾਰ, ਸਮਾਜ ਅਤੇ ਰਾਸ਼ਟਰ ਦੀ ਉਨੱਤੀ ‘ਚ ਮਹੱਤਵਪੂਰਨ ਯੋਗਦਾਨ ਦਿੰਦੀ ਹੈ। ਉਹਨਾਂ ਕਿਹਾ ਕਿ ਆਰਟੀਫੀਸ਼ਲ ਇੰਟੈਲੀਜੈਂਸ ਰੋਜ਼ਗਾਰ ਦੇ ਖੇਤਰ ‘ਚ ਨੌਜਵਾਨ ਪੀੜ੍ਹੀ ਲਈ ਚੁਣੌਤੀਪੂਰਵਕ ਹੈ। ਉਹਨਾਂ ਨੇ ਵਿਦਿਆਰਥਣਾਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਮਿਹਨਤ ਦੁਆਰਾ ਜੀਵਨ ਉਦੇਸ਼ ਨੂੰ ਪ੍ਰਾਪਤ ਕਰਦੇ ਹੋਏ ਸਫਲਤਾ ਪ੍ਰਾਪਤ ਕਰੋ।
ਇਸ ਡਿਗਰੀ ਵੰਡ ਸਮਾਰੋਹ ‘ਚ ਐਮ ਏ ਅੰਗ੍ਰੇਜ਼ੀ, ਐਮ ਏ ਫਾਈਨ ਆਰਟਸ, ਐਮ ਡਿਜਾਈਨ ਮਲਟੀਮੀਡੀਆ, ਐਮ ਐਸਸੀ ਫੈਸ਼ਨ ਡਿਜ਼ਾਈਨਿੰਗ, ਐਮ ਐਸਸੀ ਕੰਪਿਊਟਰ ਸਾਇੰਸ, ਐਮ ਐਸਸੀ ਇੰਟਰਨੈੱਟ ਸਟੱਡੀਜ਼, ਐਮ ਕਾਮ, ਐਮ ਏ ਜੇ ਐਮ ਸੀ, ਬੈਚਲਰ ਇੰਨ ਡਿਜ਼ਾਈਨ, ਬੀ ਬੀ ਏ, ਬੀ ਐਸਸੀ ਮੈਡੀਕਲ, ਬੀ ਐਸਸੀ ਨਾਨ-ਮੈਡੀਕਲ, ਬੀ ਐਸਸੀ ਬਾਇਓਟੈਕਨੌਲੋਜੀ, ਬੀ ਐਸਸੀ ਇਕਨੌਮਿਕਸ, ਬੀ ਏ ਆਨਰਜ਼ ਇੰਨ ਇੰਗਲਿਸ਼, ਬੀ ਕਾਮ ਆਨਰਜ਼ ਅਤੇ ਬੀ ਏ ਦੀਆਂ ਵਿਦਿਆਰਥਣਾਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ।
ਪ੍ਰੋਗਰਾਮ ਨੂੰ ਸਭਿਆਚਾਰਕ ਰੰਗ ਦੇਣ ਲਈ ਕਾਲਜ ਦੀਆਂ ਵਿਦਿਆਰਥਣਾਂ ਨੇ ਗਿੱਧੇ ਦੀ ਪੇਸ਼ਕਾਰੀ ਕੀਤੀ। ਪ੍ਰੋਗਰਾਮ ਦੇ ਅੰਤ ‘ਤੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਅਤੇ ਸ਼੍ਰੀ ਸੁਦਰਸ਼ਨ ਕਪੂਰ ਜੀ ਨੇ ਮਹਿਮਾਨਾਂ ਨੂੰ ਸਮਰਿਤੀ ਚਿੰਨ੍ਹ ਭੇਂਟ ਕੀਤੇ। ਚੇਅਰਮੈਨ ਸ਼੍ਰੀ ਸੁਦਰਸ਼ਨ ਕਪੂਰ ਜੀ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ਡਾ. ਅਨੀਤਾ ਨਰੇਂਦਰ, ਮੁਖੀ, ਹਿੰਦੀ ਵਿਭਾਗ ਦੁਆਰਾ ਕੁਸ਼ਲ ਮੰਚ ਸੰਚਾਲਨ ਕੀਤਾ ਗਿਆ।
ਇਸ ਮੌਕੇ ਆਰਿਆ ਸਮਾਜ ਤੋਂ ਸ਼੍ਰੀ ਰਾਕੇਸ਼ ਮਹਿਰਾ, ਸ਼੍ਰੀ ਸੰਦੀਪ ਅਹੁਜਾ, ਸ਼੍ਰੀ ਕਰਨਲ ਵੇਦ ਮਿੱਤਰ, ਸ਼੍ਰੀ ਜਵਾਹਰ ਲਾਲ, ਸ਼੍ਰੀ ਅਤੁਲ ਮਹਿਰਾ, ਸ਼੍ਰੀ ਇੰਦਰਜੀਤ ਠੁਕਰਾਲ, ਸ਼੍ਰੀ ਵਿਮਲ ਅਤੇ ਸ਼੍ਰੀਮਤੀ ਰਜਨੀ ਸਹਿਤ ਕਾਲਜ ਦੇ ਟੀਚਿੰਗ ਅਤੇ ਨਾਨ-ਟੀਚਿੰਗ ਦੇ ਮੈਂਬਰ ਵੀ ਮੌਜੂਦ ਸਨ। ਰਾਸ਼ਟਰ ਗਾਨ ਨਾਲ ਡਿਗਰੀ ਵੰਡ ਸਮਾਰੋਹ ਸੰਪੰਨ ਹੋਇਆ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-