Total views : 5513016
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਜਲੰਧਰ/ਬੀ.ਐਨ.ਈ ਬਿਊਰੋ
ਜਲੰਧਰ ਦੇ ਜੰਡਿਆਲਾ ‘ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ ਹੈ। ਦੋਵਾਂ ਪਾਸਿਆਂ ਤੋਂ ਹੋਈ ਗੋਲੀਬਾਰੀ ਵਿਚ ਇਕ ਬਦਮਾਸ਼ ਦਵਿੰਦਰ ਨੂੰ ਗੋਲੀ ਲੱਗੀ। ਇਹ ਮੁਕਾਬਲਾ ਸੀਆਈਏ ਸਟਾਫ਼ ਦੇ ਇੰਚਾਰਜ ਸੁਰਿੰਦਰ ਸਿੰਘ ਕੰਬੋਜ ਦੀ ਟੀਮ ਵਲੋਂ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਬਦਮਾਸ਼ਾਂ ਨੇ ਪਹਿਲਾਂ ਪੁਲਿਸ ‘ਤੇ ਫਾਇਰਿੰਗ ਕੀਤੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ‘ਤੇ ਜਵਾਬੀ ਕਾਰਵਾਈ ਕੀਤੀ। ਹੁਣ ਤਕ ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਘਟਨਾ ਵਿਚ ਇਕ ਬਦਮਾਸ਼ ਨੂੰ ਗੋਲੀ ਲੱਗੀ ਹੈ। ਜ਼ਖਮੀ ਗੈਂਗਸਟਰ ਦੀ ਪਛਾਣ ਦਵਿੰਦਰ ਵਜੋਂ ਹੋਈ ਹੈ।
ਘਟਨਾ ‘ਚ ਬਦਮਾਸ਼ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਹੈ। ਇਸ ਦੌਰਾਨ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਮੁਕਾਬਲੇ ਦੀ ਪੁਸ਼ਟੀ ਕੀਤੀ ਹੈ। ਅਪਰਾਧੀ ਦੀ ਲੱਤ ਵਿਚ ਗੋਲੀ ਲੱਗੀ ਹੈ। ਜਲੰਧਰ ਕਮਿਸ਼ਨਰੇਟ ਪੁਲਿਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਮੁਲਜ਼ਮਾਂ ਦਾ ਹਥਿਆਰ ਅਤੇ ਮੋਟਰਸਾਈਕਲ ਕਬਜ਼ੇ ਵਿਚ ਲੈ ਲਿਆ ਹੈ।
ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਉਕਤ ਗੈਂਗਸਟਰ ਨੇ ਟਰੈਵਲ ਏਜੰਸੀ ਤੋਂ ਫਿਰੌਤੀ ਮੰਗੀ ਸੀ। ਉਸ ਨੇ ਬੀਤੇ ਦਿਨ ਬੱਸ ਸਟੈਂਡ ਨੇੜੇ ਸਥਿਤ ਡੈਲਟਾ ਟਾਵਰ ਵਿਚ ਇਕ ਟਰੈਵਲ ਏਜੰਟ ’ਤੇ ਗੋਲੀ ਚਲਾਈ ਸੀ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਉਕਤ ਮੁਲਜ਼ਮ ਦਾ ਸਬੰਧ ਹਰਿਆਣਾ ਦੇ ਗੈਂਗਸਟਰ ਕੌਸ਼ਲ ਚੌਧਰੀ ਨਾਲ ਸੀ।
ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਇਹ ਗੱਲ ਸਾਫ ਸ਼ਬਦਾਂ ਵਿੱਚ ਕਹਿ ਚੁੱਕੇ ਹਨ ਕਿ ਕਿਸੇ ਵੀ ਅਪਰਾਧੀ ਨੂੰ ਬਖਸ਼ਿਆ ਨਹੀਂ ਜਾਏਗਾ ਤੇ ਇਸ ਗੱਲ ‘ਤੇ ਪੰਜਾਬ ਪੁਲਿਸ ਪੂਰੀ ਗੰਭੀਰਤਾ ਨਾਲ ਅਮਲ ਕਰਦੇ ਹੋਏ ਹਰ ਜ਼ਿਲ੍ਹੇ ਵਿੱਚ ਐਕਸ਼ਨ ਮੋਡ ਵਿੱਚ ਹੈ। ਆਏ ਦਿਨ ਗੈਂਗਸਟਰਾਂ ਨਾਲ ਮੁਠਭੇੜ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।