Total views : 5514449
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਜਗਰਾਓਂ/ਬੀ.ਐਨ.ਈ ਬਿਊਰੋ
ਜਗਰਾਓਂ ਵਿੱਚ ਇੱਕ ਸ਼ਾਤਿਰ ਔਰਤ ਦੋ ਸਹੇਲੀਆਂ ਨਾਲ ਬੈਂਕ ਵਿੱਚ ਨਕਲੀ ਸੋਨਾ ਗਿਰਵੀ ਰੱਖ ਕੇ ਲੱਖਾਂ ਰੁਪਏ ਦਾ ਕਰਜ਼ਾ ਲੈਣ ਪਹੁੰਚ ਗਈ। ਇੰਨਾ ਹੀ ਨਹੀਂ ਲੋਨ ਦੀ ਅਰਜ਼ੀ ਦੇ ਸਮੇਂ ਦਸਤਾਵੇਜ਼ ਵੀ ਜਾਅਲੀ ਲਾਏ ਗਏ। ਹਾਲਾਂਕਿ ਵੇਖਣ ਵਿੱਚ ਗਹਿਣੇ ਅਸਲੀ ਲੱਗ ਰਹੇ ਸਨ ਪਰ ਜਦੋਂ ਬੈਂਕ ਮੈਨੇਜਰ ਨੇ ਗਹਿਣਿਆਂ ਦੀ ਜਾਂਚ ਕਰਨ ਲਈ ਸੁਨਿਆਰੇ ਨੂੰ ਬੁਲਾਇਆ ਤਾਂ ਵਾਲੀਆਂ ਦਾ ਭਾਰ ਜ਼ਿਆਦਾ ਹੋਣ ਕਾਰਨ ਉਸ ਦੀ ਪੋਲ ਖੁਲ੍ਹ ਗਈ।
ਸ਼ੱਕ ਹੋਣ ‘ਤੇ ਮੈਨੇਜਰ ਨੇ ਪੁਲਿਸ ਨੂੰ ਬੁਲਾਇਆ। ਪੁਲਿਸ ਨੇ ਔਰਤ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਉਨ੍ਹਾਂ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀਆਂ ਦੀ ਪਛਾਣ ਅਮਨਦੀਪ ਕੌਰ ਉਰਫ਼ ਅਮਨ ਵਾਸੀ ਖੰਡੂਰ, ਛਿੰਦਰ ਕੌਰ ਉਰਫ਼ ਛਿੰਦੋ ਵਾਸੀ ਘੁਬਾਇਆ ਅਤੇ ਸੰਤ ਕੌਰ ਉਰਫ਼ ਗੋਗਾ ਵਾਸੀ ਪਿੰਡ ਤਲਵੰਡੀ ਨੌ ਅਬਾਦ ਵਜੋਂ ਹੋਈ ਹੈ।
ਜਗਰਾਓਂ ਥਾਣਾ ਸਿਟੀ ਦੇ ਏਐਸਆਈ ਜ਼ੋਰਾਵਰ ਸਿੰਘ ਨੇ ਦੱਸਿਆ ਕਿ ਲਾਜਪਤ ਰਾਏ ਰੋਡ ’ਤੇ ਸਥਿਤ ਐਚਡੀਐਫਸੀ ਬੈਂਕ ਦੇ ਮੈਨੇਜਰ ਰਾਕੇਸ਼ ਜੈਨ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਦੱਸਿਆ ਕਿ ਦੋਸ਼ੀ ਅਮਨਦੀਪ ਕੌਰ ਨੇ ਗੋਲਡ ਲੋਨ ਲੈਣਾ ਸੀ, ਜਿਸ ਕਾਰਨ ਉਹ ਆਪਣੀਆਂ ਸਹੇਲੀਆਂ ਨਾਲ ਉਨ੍ਹਾਂ ਦੇ ਬੈਂਕ ‘ਚ ਆਈ ਅਤੇ ਗੋਲਡ ਲੋਨ ਲੈਣ ਬਾਰੇ ਪੁੱਛਗਿੱਛ ਕਰਨ ਲੱਗੀ। ਫਿਰ ਦੋਸ਼ੀਆਂ ਨੇ ਸੋਨੇ ਦੇ ਗਹਿਣੇ ਕੱਢ ਲਏ ਅਤੇ ਲੱਖਾਂ ਰੁਪਏ ਦਾ ਕਰਜ਼ਾ ਲੈਣ ਦੀ ਗੱਲ ਕੀਤੀ।
ਜਦੋਂ ਉਸ ਨੇ ਸੁਨਿਆਰੇ ਨੂੰ ਬੈਂਕ ਵਿੱਚ ਸੋਨੇ ਦੇ ਗਹਿਣੇ ਚੈੱਕ ਕਰਨ ਲਈ ਬੁਲਾਇਆ ਤਾਂ ਗਹਿਣਿਆਂ ਦਾ ਭਾਰ 23 ਗ੍ਰਾਮ ਤੋਂ ਵੱਧ ਸੀ। ਉਸ ਨੇ ਦੱਸਿਆ ਕਿ ਗਹਿਣੇ ਤਾਂ ਅਸਲੀ ਲੱਗਦੇ ਸਨ, ਪਰ ਜਦੋਂ ਵਾਲੀਆਂ ਨੂੰ ਤੋਲਿਆ ਗਿਆ ਤਾਂ ਉਹ ਬਹੁਤ ਭਾਰੀਆਂ ਸਨ, ਜਿਸ ਕਾਰਨ ਉਸ ਨੂੰ ਔਰਤਾਂ ‘ਤੇ ਸ਼ੱਕ ਹੋ ਗਿਆ। ਇਸ ਮਗਰੋਂ ਹਰੇਕ ਗਹਿਣੇ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਇਹ ਨਕਲੀ ਪਾਏ ਗਏ। ਗਹਿਣਿਆਂ ਵਿੱਚ ਚਾਰ ਮੁੰਦਰੀਆਂ ਅਤੇ ਵਾਲੀਆਂ ਸ਼ਾਮਲ ਸਨ।
ਉਨ੍ਹਾਂ ਔਰਤਾਂ ਨੂੰ ਲੋਨ ਦੇ ਫਾਰਮ ਆਦਿ ਭਰਨ ਲਈ ਕਹਿ ਕੇ ਪੁਲਿਸ ਨੂੰ ਸੂਚਿਤ ਕੀਤਾ। ਉਦੋਂ ਤੱਕ ਔਰਤਾਂ ਨੇ ਫਾਰਮ ਦੇ ਨਾਲ ਜਾਅਲੀ ਕਾਗਜ਼ ਵੀ ਬਣਾ ਕੇ ਬੈਂਕ ਮੈਨੇਜਰ ਨੂੰ ਦੇ ਦਿੱਤੇ ਸਨ। ਜਦੋਂ ਕਾਗਜ਼ਾਂ ਦੀ ਜਾਂਚ ਕੀਤੀ ਗਈ ਤਾਂ ਉਹ ਵੀ ਫਰਜ਼ੀ ਨਿਕਲੇ। ਪੁਲਿਸ ਨੇ ਉਕਤ ਔਰਤਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਹੈ। ਉਸ ਦੇ ਹੋਰ ਸਾਥੀਆਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।