ਪੁਲਿਸ ਦਾ ਡੰਡਾ:ਐਸ.ਐਸ.ਪੀ ਵਲੋ ਪ੍ਰਬੰਧਾਂ ਦੀ ਚੂੜੀ ਕੱਸਣ ‘ਤੇ ਗਧੇ ਦੇ ਸਿੰਗਾਂ ਵਾਂਗ ਗਾਇਬ ਹੋਈ ਸੜਕਾਂ ਤੇ ਦਿਨ ਰਾਤ ਹਰਲ ਹਰਲ ਫਿਰਦੀ ਮੰਡੀਰ

4679935
Total views : 5514445

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਬਠਿੰਡਾ/ਅਸ਼ੋਕ ਵਰਮਾ:ਸੀਨੀਅਰ ਪੁਲਿਸ ਕਪਤਾਨ ਹਰਮਨਬੀਰ ਸਿੰਘ ਗਿੱਲ ਵੱਲੋਂ ਪ੍ਰਬੰਧਾਂ ਦੀ ਚੂੜੀ ਕਸਣ ਦਾ ਨਤੀਜਾ ਹੈ ਕਿ ਦਿਨ ਰਾਤ ਸੜਕਾਂ ਤੇ ਭਲਵਾਨੀ ਗੇੜੇ ਮਾਰਕੇ ਚੀਕਾਂ ਮਾਰਦੀ ਫਿਰਦੀ ਮੰਡੀਰ ਅਤੇ ਅਮਨ ਕਾਨੂੰਨ ਭੰਗ ਕਰਨ ਵਾਲਾ ਟੋਲਾ ਗਧੇ ਦੇ ਸਿਰ ਤੋਂ ਸਿੰਗਾਂ ਵਾਗ ਗਾਇਬ ਹੋ ਗਿਆ ਹੈ। ਹੈਰਾਨੀ ਵਾਲੀ ਗੱਲ ਹੈ ਕਿ ਜਿਸ ਬਠਿੰਡਾ ’ਚ ਅੱਖ ਝਪਕਦਿਆਂ ਮੋਬਾਇਲ ਫੋਨ ਖੋਹਣ ਅਤੇ ਔਰਤਾਂ ਦੇ ਗਲਾਂ ਵਿੱਚੋਂ ਚੈਨੀਆਂ ਝਪਟਣ ਦੀ ਵਾਰਦਾਤ ਹੋ ਜਾਂਦੀ ਸੀ ਉੱੱਸੇ ਸ਼ਹਿਰ ’ਚ ਪਿਛਲੇ ਇੱਕ ਹਫਤੇ ਤੋਂ ਇੰਨ੍ਹਾਂ ਵਾਰਦਾਤਾਂ ਦੇ ਪੱਖ ਤੋਂ ਠੰਢ ਵਰਤੀ ਹੋਈ ਹੈ। ਇਹ ਤਬਦੀਲੀ ਲੰਘੀ 23 ਨਵੰਬਰ ਮਗਰੋਂ ਦੇਖਣ ਨੂੰ ਮਿਲੀ ਹੈ ਜਦੋਂ ਤੋਂ ਵੱਡੀ ਗਿਣਤੀ ਪੁਲਿਸ ਮੁਲਾਜਮਾਂ ਨੂੰ ਸੜਕਾਂ ਤੇ ਉਤਾਰਿਆ ਗਿਆ ਹੈ।              
ਮਹੱਤਵਪੂਰਨ ਤੱਥ ਇਹ ਹੈ ਕਿ ਇਸ ਦੌਰਾਨ  ਸ਼ਹਿਰ ਦੀਆਂ ਸੜਕਾਂ ਤੇ ਹੁੜਦੰਗ ਮਚਾਉਣ, ਜਨਤਕ ਤੌਰ ਤੇ ਟੱਲੀ ਹੋਕੇ ਖਰੂਦ ਪਾਉਣ ਅਤੇ ਬੁਲੇਟ ਦੇ ਪਟਾਕੇ ਮਾਰਨ ਦਾ ਵੀ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।

ਇਸ ਤੋਂ ਇਲਾਵਾ ਪਿਛਲੇ 7-8 ਦਿਨਾਂ ਤੋਂ ਸ਼ਹਿਰ ਵਿਚਲੇ ਲੜਕੀਆਂ ਦੇ ਕਾਲਜ਼ਾਂ ਖਾਸ ਤੌਰ ਤੇ ਰਜਿੰਦਰਾ ਕਾਲਜ ਲਾਗੇ ਮਜਨੂੰਆਂ ਦੀ ਟੋਲੀ ਵੀ ਦਿਖਾਈ ਨਹੀਂ ਦਿੱਤੀ ਹੈ।

ਬਠਿੰਡਾ ਦਾ ਬੱਸ ਅੱਡਾ ਵੀ ਇੰਨ੍ਹਾਂ ਦਿਨਾਂ ਦੌਰਾਨ ਪਹਿਲਾਂ ਨਾਲੋਂ ਸ਼ਾਂਤ ਰਿਹਾ ਹੈ ਜਿੱਥੇ ਅਕਸਰ ਲੜਾਈ ਝਗੜੇ ਸਧਾਰਨ ਜਿਹੀ ਗੱਲ ਹੁੰਦੀ ਸੀ। ਹਾਲਾਂਕਿ ਸ਼ਹਿਰ ’ਚ ਬਣਿਆ ਇਹ ਮਹੌਲ ਕਿਨਾਂ ਸਮਾਂ ਬਰਕਰਾਰ ਰਹਿੰਦਾ ਜਾਂ ਫਿਰ ਰੱਖਿਆ ਜਾਂਦਾ ਹੈ ਇਹ ਤਾਂ ਸਮਾਂ ਹੀ ਤੈਅ ਕਰੇਗਾ ਪਰ ਸ਼ਹਿਰ ਵਾਸੀਆਂ ਨੇ ਪੁਲਿਸ ਪ੍ਰਬੰਧਾਂ ਕਾਰਨ ਇੱਕ ਵਾਰ ਰਾਹਤ ਜਰੂਰ ਮਹਿਸੂਸ ਕੀਤੀ ਹੈ।

Share this News