Total views : 5504872
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨਤਾਰਨ / ਜਸਬੀਰ ਸਿੰਘ ਲੱਡੂ, ਲਾਲੀ ਕੈਰੋ
ਸੀਐੱਚਸੀ ਮੀਆਂਵਿੰਡ ਵਿਖੇ ਤਾਇਨਾਤ ਰਹਿੰਦਿਆਂ 35 ਲੱਖ ਤੋਂ ਵੱਧ ਦੀ ਰਾਸ਼ੀ ਦਾ ਗਬਨ ਕਰਨ ਦੇ ਕਥਿਤ ਦੋਸ਼ ਹੇਠ ਪੁਲਿਸ ਨੇ ਜਾਂਚ ਤੋਂ ਬਾਅਦ ਥਾਣਾ ਵੈਰੋਂਵਾਲ ਵਿਖੇ ਸਿਹਤ ਵਿਭਾਗ ਦੇ ਸੀਨੀਅਰ ਸਹਾਇਕ ਤੇ ਦਰਜਾ ਚਾਰ ਮੁਲਾਜ਼ਮ ਵਿਰੁੱਧ ਕੇਸ ਦਰਜ ਕੀਤਾ ਹੈ। ਇਹ ਕਾਰਵਾਈ ਤਰਨਤਾਰਨ ਦੇ ਤੱਤਕਾਲੀ ਸਿਵਲ ਸਰਜਨ ਦੀ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਹੈ, ਜਦਕਿ ਗਬਨ ਦਾ ਸਮਾਂ ਦਸੰਬਰ 2020 ਤੋਂ ਮਈ 2023 ਤੱਕ ਦਾ ਦੱਸਿਆ ਜਾ ਰਿਹਾ ਹੈ ਤੇ ਗਬਨ ਕੀਤੀ ਇਹ ਰਾਸ਼ੀ ਵਿਭਾਗ ਦੇ 9 ਕਰਮਚਾਰੀਆਂ ਦੇ ਨਿੱਜੀ ਖਾਤਿਆਂ ’ਚ ਪਾਈ ਜਾਣੀ ਸੀ।
ਤੱਤਕਾਲੀ ਸਿਵਲ ਸਰਜਨ ਡਾ: ਦਿਲਬਾਗ ਸਿੰਘ ਦੀ ਸ਼ਕਾਇਤ ਦੀ ਪੁਲਿਸ ਵਲੋ ਕੀਤੀ ਗਈ ਜਾਂਚ ਤੋ ਬਾਅਦ ਹੋਈ ਕਾਰਵਾਈ
ਤਰਨਤਾਰਨ ਦੇ ਤਤਕਾਲੀ ਸਿਵਲ ਸਰਜਨ ਡਾ. ਦਿਲਬਾਗ ਸਿੰਘ ਵੱਲੋਂ ਵੱਖ ਵੱਖ ਸਮਿਆਂ ’ਤੇ ਆਈਜੀ ਨੂੰ ਸ਼ਿਕਾਇਤਾਂ ਦਿੱਤੀਆਂ ਗਈਆਂ ਸਨ, ਜਿਸ ਮੁਤਾਬਕ ਸੀਐੱਚਸੀ ਮੀਆਂਵਿੰਡ ਵਿਖੇ ਤਾਇਨਾਤ ਸੀਨੀਅਰ ਸਹਾਇਕ ਰਵਿੰਦਰਪਾਲ ਸਿੰਘ ਅਤੇ ਦਰਜਾ ਚਾਰ ਕਰਮਚਾਰੀ ਬਲਕਾਰ ਸਿੰਘ ਵੱਲੋਂ 35 ਲੱਖ 24 ਹਜ਼ਾਰ 66 ਰੁਪਏ ਦਾ ਗਬਨ ਕੀਤਾ ਗਿਆ। ਉਨ੍ਹਾਂ ਸ਼ਿਕਾਇਤ ’ਚ ਦੱਸਿਆ ਕਿ ਰਵਿੰਦਰਪਾਲ ਸਿੰਘ ਨੇ ਆਪਣੇ ਨਿੱਜੀ ਖਾਤੇ ਵਿਚ 18 ਲੱਖ 77 ਹਜ਼ਾਰ 692 ਰੁਪਏ ਅਤੇ ਬਲਕਾਰ ਸਿੰਘ ਨੇ ਆਪਣੇ ਖਾਤੇ ਵਿਚ 16 ਲੱਖ 46 ਹਜ਼ਾਰ 374 ਰੁਪਏ ਦੀ ਰਾਸ਼ੀ ਕ੍ਰੈਡਿਟ ਕਰਵਾਈ, ਜਦਕਿ ਇਹ ਰਾਸ਼ੀ ਸੀਨੀਅਰ ਸਹਾਇਕ ਰਵਿੰਦਰਪਾਲ ਸਿੰਘ ਵੱਲੋਂ ਸੀਐੱਚਸੀ ਮੀਆਂਵਿੰਡ ਵਿਖੇ ਤਾਇਨਾਤ ਨੌਂ ਕਰਮਚਾਰੀਆਂ ਦੇ ਨਿੱਜੀ ਖਾਤਿਆਂ ’ਚ ਕ੍ਰੈਡਿਟ ਕਰਨੀ ਸੀ। ਉਕਤ ਸ਼ਿਕਾਇਤ ਦੀ ਪੜਤਾਲ ਡੀਐੱਸਪੀ ਸਬ ਡਵੀਜ਼ਨ ਗੋਇੰਦਵਾਲ ਸਾਹਿਬ ਵੱਲੋਂ ਕਰਨ ਅਤੇ ਡੀਏ ਲੀਗਲ ਦੀ ਰਾਏ ਲੈਣ ਉਪਰੰਤ ਐੱਸਐੱਸਪੀ ਦੇ ਹੁਕਮਾਂ ’ਤੇ ਥਾਣਾ ਵੈਰੋਂਵਾਲ ਵਿਖੇ ਰਵਿੰਦਰਪਾਲ ਸਿੰਘ ਤੇ ਬਲਕਾਰ ਸਿੰਘ ਵਿਰੁੱਧ ਧਾਰਾ 409 ਤੇ 120 ਬੀਆਈਪੀਸੀ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗਲੀ ਜਾਂਚ ਏਐੱਸਆਈ ਅਵਤਾਰ ਸਿੰਘ ਨੂੰ ਸੌਂਪੀ ਗਈ ਹੈ।