Total views : 5510115
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਸੁਖਮਿੰਦਰ ਸਿੰਘ ‘ਗੰਡੀ ਵਿੰਡ’
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸੂਬੇ ‘ਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦੇ ਮਕਸਦ ਨਾਲ ਵਿੱਢੀ ਮੁਹਿੰਮ ਦੌਰਾਨ ਵਿਜੀਲੈਂਸ ਬਿਊਰੋ ਨੇ ਅੱਜ ਮਾਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਕੰਗਣਵਾਲ ਦੇ ਸੇਵਾ ਕੇਂਦਰ ਵਿਖੇ ਤਾਇਨਾਤ ਕੰਪਿਊਟਰ ਆਪਰੇਟਰ ਮੰਗਜੀਤ ਸਿੰਘ ਨੂੰ 4000 ਰੁਪਏ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪਿੰਡ ਰਾਮਗੜ੍ਹ ਸਰਦਾਰਾਂ, ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣਾ ਵਾਸੀ ਉਕਤ ਦੋਸ਼ੀ ਮੰਗਜੀਤ ਸਿੰਘ ਨੂੰ ਸ਼ਿਕਾਇਤਕਰਤਾ ਸਿਕੰਦਰ ਖਾਨ ਵਾਸੀ ਪਿੰਡ ਕੰਗਣਵਾਲ ਦੀ ਸ਼ਿਕਾਇਤ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਹੈ ਕਿ ਮੈਰਿਜ ਸਰਟੀਫਿਕੇਟ ‘ਤੇ ਉਸਦੀ ਪਤਨੀ ਦੇ ਪਿਤਾ ਦਾ ਨਾਮ ਦਰੁਸਤ ਕਰਨ ਬਦਲੇ ਉਕਤ ਕੰਪਿਊਟਰ ਅਪਰੇਟਰ ਨੇ 5,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ।
ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾ ਕੇ ਦੋਸ਼ੀ ਸੇਵਾ ਕੇਂਦਰ ਆਪਰੇਟਰ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 4,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕਰ ਲਿਆ।ਇਸ ਸਬੰਧੀ ਉਕਤ ਮੁਲਜ਼ਮ ਖ਼ਿਲਾਫ਼ ਵਿਜੀਲੈਂਸ ਬਿਊਰੋ ਥਾਣਾ ਲੁਧਿਆਣਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਜਾਂਚ ਆਰੰਭ ਦਿੱਤੀ ਹੈ।
ਵਕਫ਼ ਬੋਰਡ ਦੇ ਮੁਲਾਜ਼ਮ ਲਈ 10,000 ਰੁਪਏ ਰਿਸ਼ਵਤ ਲੈਂਦਾ ਪ੍ਰਾਈਵੇਟ ਵਿਅਕਤੀ ਕਾਬੂ
ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਅੱਜ ਫਾਜ਼ਿਲਕਾ ਵਿਖੇ ਤਾਇਨਾਤ ਵਕਫ਼ ਬੋਰਡ ਦੇ ਮੁਲਾਜ਼ਮ ਨਾਜ਼ਰ ਅਲੀ ਖਾਤਰ 10,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਐਮ.ਆਰ. ਕਾਲਜ ਰੋਡ, ਫਾਜ਼ਿਲਕਾ ਦੇ ਵਾਸੀ ਇੱਕ ਪ੍ਰਾਈਵੇਟ ਵਿਅਕਤੀ ਇੰਦਰਜੀਤ ਸ਼ਰਮਾ ਪਟਵਾਰੀ ਨੂੰ ਕਾਬੂ ਕੀਤਾ ਹੈ। ਇਸ ਮਾਮਲੇ ਵਿੱਚ ਪਿੰਡ ਉਰਸੀ ਜੱਟਾਂ, ਰਾਜਪੁਰਾ, ਪਟਿਆਲਾ ਦੇ ਫਰਾਰ ਵਕਫ਼ ਬੋਰਡ ਦੇ ਉਕਤ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਵਿਜੀਲੈਂਸ ਬਿਊਰੋ ਵੱਲੋਂ ਪਹਿਲਾਂ ਹੀ ਟੀਮਾਂ ਦਾ ਗਠਨ ਕੀਤਾ ਜਾ ਚੁੱਕਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪ੍ਰਾਈਵੇਟ ਵਿਅਕਤੀ ਨੂੰ ਸੁਰਜੀਤ ਸਿੰਘ ਵਾਸੀ ਚੱਕ ਬਲੋਚਾਂ ਵਾਲਾ (ਮਹਾਲਮ), ਜਲਾਲਾਬਾਦ, ਫਾਜ਼ਿਲਕਾ ਦੀ ਸ਼ਿਕਾਇਤ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਹੈ ਕਿ ਵਕਫ਼ ਬੋਰਡ ਦੀ ਦੋ ਕਨਾਲ ਦਾ ਪਟਾ ਉਸ ਦੀ ਪਤਨੀ ਦੇ ਨਾਂ ‘ਤੇ ਕਰਨ ਬਦਲੇ ਉਕਤ ਮੁਲਾਜ਼ਮ ਅਤੇ ਉਸ ਦੇ ਸਾਥੀ ਪ੍ਰਾਈਵੇਟ ਵਿਅਕਤੀ ਨੇ ਰਿਸ਼ਵਤ ਵਜੋਂ 60,000 ਰੁਪਏ ਦੀ ਮੰਗ ਕੀਤੀ ਹੈ।
ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਾਇਆ ਕਿ ਉਕਤ ਦੋਸ਼ੀ ਪਹਿਲਾਂ ਹੀ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 5,000 ਰੁਪਏ ਲੈ ਚੁੱਕਾ ਹੈ ਅਤੇ ਬਾਕੀ ਪੈਸੇ ਉਸ ਨੇ ਕਿਸ਼ਤਾਂ ਵਿੱਚ ਦੇਣ ਦਾ ਝੂਠਾ ਵਾਅਦਾ ਕੀਤਾ ਹੈ। ਸ਼ਿਕਾਇਤਕਰਤਾ ਨੇ ਕਥਿਤ ਦੋਸ਼ੀ ਵੱਲੋਂ ਰਿਸ਼ਵਤ ਦੀ ਮੰਗ ਕਰਨ ਸਮੇਂ ਦੀ ਸਾਰੀ ਗੱਲਬਾਤ ਨੂੰ ਰਿਕਾਰਡ ਕਰ ਲਿਆ ਅਤੇ ਇਸ ਨੂੰ ਸਬੂਤ ਵਜੋਂ ਦੋਸ਼ੀ ਵਿਰੁੱਧ ਮੁਕੱਦਮਾ ਦਰਜ ਕਰਨ ਲਈ ਵਿਜੀਲੈਂਸ ਬਿਊਰੋ ਅੱਗੇ ਪੇਸ਼ ਕੀਤਾ।
ਬੁਲਾਰੇ ਨੇ ਦੱਸਿਆ ਕਿ ਮੁੱਢਲੀ ਤਫ਼ਤੀਸ਼ ਉਪਰੰਤ ਫਿਰੋਜ਼ਪੁਰ ਯੂਨਿਟ ਦੀ ਵਿਜੀਲੈਂਸ ਟੀਮ ਨੇ ਜਾਲ ਵਿਛਾ ਕੇ ਦੋਸ਼ੀ ਪ੍ਰਾਈਵੇਟ ਵਿਅਕਤੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।