ਤਰਨ ਤਾਰਨ ਨੂੰ ਅਪਰਾਧ-ਮੁਕਤ ਕਰਨ ਲਈ ਅਹਿਮ ਉਪਰਾਲਾ : ਸ਼ਹਿਰ ਦੇ 42 ਪੁਆਇੰਟਾਂ ਤੇ ਲੱਗਣਗੇ 175 ਅਤਿ-ਆਧੁਨਿਕ ਕੈਮਰੇ – ਵਿਧਾਇਕ ਹਰਮੀਤ ਸਿੰਘ ਸੰਧੂ

4914531
Total views : 5897782

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਬਾਰਡਰ ਨਿਊਜ ਸਰਵਿਸ   
ਤਰਨ ਤਾਰਨ ਸ਼ਹਿਰ ਨੂੰ ਅਪਰਾਧ-ਮੁਕਤ ਕਰਨ ਅਤੇ ਇਥੋਂ ਦੇ ਵਸਨੀਕਾਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਲਈ ਇੱਕ ਵੱਡਾ ਤੇ ਅਹਿਮ ਉਪਰਾਲਾ ਸ਼ੁਰੂ ਹੋਣ ਜਾ ਰਿਹਾ ਹੈ। ਇਸ ਤਹਿਤ ਸਮੁੱਚੇ ਸ਼ਹਿਰ ਚ ਪਹਿਲੀ ਵਾਰ ਅਤਿ-ਆਧੁਨਿਕ ਸੀ.ਸੀ.ਟੀ.ਵੀ ਨਿਗਰਾਨੀ ਪ੍ਰਣਾਲੀ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਇਹ ਪ੍ਰਗਟਾਵਾ ਵਿਧਾਇਕ ਤਰਨ ਤਾਰਨ ਹਰਮੀਤ ਸਿੰਘ ਸੰਧੂ ਨੇ ਅੱਜ ਆਪਣੇ ਨਿਵਾਸ ਸਥਾਨ ‘ਤੇ ਕੀਤੀ ਇਕ ਮਹੱਤਵਪੂਰਨ ਪ੍ਰੈੱਸ ਕਾਨਫਰੰਸ ਮੌਕੇ ਕੀਤਾ। ਉਨ੍ਹਾਂ ਦੱਸਿਆ ਕਿ ਇਸ ਅਹਿਮ ਉਪਰਾਲੇ ਤਹਿਤ ਸਮੁੱਚੇ ਸ਼ਹਿਰ ਨੂੰ ਕਵਰ ਕੀਤਾ ਜਾ ਰਿਹਾ ਹੈ ਅਤੇ ਸ਼ਹਿਰ ਦੇ 42 ਮਹੱਤਵਪੂਰਨ ਪੁਆਇੰਟਾਂ ‘ਤੇ 1.60 ਕਰੋੜ ਦੀ ਲਾਗਤ ਨਾਲ ਅਤਿ- ਆਧੁਨਿਕ ਅਤੇ ਉੱਚ ਗੁਣਵੱਤਾ ਵਾਲੇ 175 ਸੀ.ਸੀ.ਟੀ.ਵੀ ਕੈਮਰੇ ਲੱਗਣ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਕੈਮਰੇ ਉਚ ਰੈਜੋਲਊਸ਼ਨ ਤਸਵੀਰਾਂ ਅਤੇ ਵੀਡੀਓ ਰਿਕਾਰਡਿੰਗ ਪ੍ਰਦਾਨ ਕਰਨਗੇ।
1.60 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਦੇ ਪ੍ਰਮੁੱਖ ਚੌਕਾਂ ਅਤੇ ਥਾਵਾਂ ਨੂੰ ਕੀਤਾ ਜਾਵੇਗਾ ਕਵਰ

ਉਨ੍ਹਾਂ ਦੱਸਿਆ ਕਿ ਪੁਲਿਸ ਕੰਟਰੋਲ ਰੂਮ ‘ਤੇ ਇਨ੍ਹਾਂ ਕੈਮਰਿਆਂ ਦੀ ਸਕਰੀਨਿੰਗ ਹੋਵੇਗੀ ਅਤੇ ਫੁਟੇਜ ਵੀ ਲਈ ਜਾ ਸਕੇਗੀ। ਉਨ੍ਹਾਂ ਕਿਹਾ ਕਿ ਚਾਰ-ਪੰਜ ਮਹੀਨਿਆਂ ਵਿੱਚ ਸਮੁੱਚੇ ਸ਼ਹਿਰ ਨੂੰ ਅਪਰਾਧ ਮੁਕਤ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 41 ਆਟੋਮੈਟਿਕ ਨੰਬਰ ਪਲੇਟ ਰੀਡਰ (ਏ.ਐਨ.ਪੀ.ਆਰ) ਕੈਮਰੇ ਵੀ ਸਥਾਪਿਤ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਏ.ਐਨ.ਪੀ.ਆਰ ਕੈਮਰਿਆਂ ਦੀ ਮਦਦ ਨਾਲ ਸ਼ਹਿਰ ਵਿੱਚ ਦਾਖ਼ਲ ਹੋਣ ਅਤੇ ਬਾਹਰ ਜਾਣ ਵਾਲੇ ਵਾਹਨਾਂ ਦੇ ਨੰਬਰਾਂ ਦਾ ਆਟੋਮੈਟਿਕ ਰਿਕਾਰਡ ਰੱਖਿਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰਣਾਲੀ ਵਾਹਨਾਂ ਦੀ ਆਵਾਜਾਈ ਦੀ ਨਿਗਰਾਨੀ, ਸ਼ੱਕੀ ਗਤੀਵਿਧੀਆਂ ਦੀ ਪਛਾਣ ਅਤੇ ਅਪਰਾਧਿਕ ਮਾਮਲਿਆਂ ਦੀ ਜਾਂਚ ਵਿੱਚ ਪੁਲਿਸ ਅਤੇ ਪ੍ਰਸ਼ਾਸਨ ਲਈ ਬਹੁਤ ਲਾਭਦਾਇਕ ਸਾਬਿਤ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਆਧੁਨਿਕ ਨਿਗਰਾਨੀ ਪ੍ਰਣਾਲੀ ਦੇ ਲਾਗੂ ਹੋਣ ਨਾਲ ਤਰਨ ਤਾਰਨ ਸ਼ਹਿਰ ਵਿੱਚ ਸੁਰੱਖਿਆ ਵਿਵਸਥਾ ਹੋਰ ਮਜਬੂਤ ਹੋਵੇਗੀ ਅਤੇ ਅਪਰਾਧ, ਲੁੱਟਾਂ-ਖੋਹਾਂ ਤੇ ਫਿਰੌਤੀ ਆਦਿ ਮੰਗਣ ਦਾ ਖ਼ਾਤਮਾ ਹੋ ਜਾਵੇਗਾ।

ਵਿਧਾਇਕ ਸੰਧੂ ਨੇ ਦੱਸਿਆ ਕਿ ਇਸ ਕੰਮ ਲਈ ਵਾਇਰਿੰਗ ਆਦਿ ਦਾ ਕੰਮ ਮੁਕੰਮਲ ਹੋ ਗਿਆ ਹੈ ਅਤੇ ਪੋਲ ਵੀ ਲੱਗ ਚੁੱਕੇ ਹਨ। ਉਨ੍ਹਾਂ ਕਿਹਾ ਕਿ 15 ਅਗਸਤ ਤੋਂ ਪਹਿਲਾਂ-ਪਹਿਲਾਂ ਸਮੁੱਚਾ ਕੰਮ ਮੁਕੰਮਲ ਕਰ ਲਿਆ ਜਾਵੇਗਾ। ਉਹ ਨਾ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਪੰਚਮ ਪਾਤਸ਼ਾਹ ਦੀ ਇਸ ਪਵਿੱਤਰ ਨਗਰੀ ਦੇ ਵਿਕਾਸ ਲਈ ਹੋਰ ਵੀ ਕਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਸਮੂਹ ਕੌਂਸਲਰ ਅਤੇ ਸ਼ਹਿਰ ਦੀਆਂ ਹੋਰ ਮਾਣਮੱਤੀਆਂ ਸ਼ਖਸੀਅਤਾਂ ਹਾਜ਼ਰ ਸਨ।

ਇਨ੍ਹਾਂ ਮਹੱਤਵਪੂਰਨ ਪੁਆਇੰਟਾਂ ‘ਤੇ ਲੱਗਣਗੇ ਕੈਮਰੇ –

ਵਿਧਾਇਕ ਹਰਮੀਤ ਸਿੰਘ ਸੰਧੂ ਨੇ ਦੱਸਿਆ ਕਿ ਸ਼ਹਿਰ ਦੇ ਜਿਨ੍ਹਾਂ ਮਹੱਤਵਪੂਰਨ ਪੁਆਇੰਟਾਂ ‘ਤੇ ਕੈਮਰੇ ਲੱਗਣ ਜਾ ਰਹੇ ਹਨ, ਉਨ੍ਹਾਂ ਵਿੱਚ ਪੁਰਾਣਾ ਬਲਾਕ ਦਫ਼ਤਰ ਗਿਆਨ ਢਾਬਾ, ਸਦਰ ਥਾਣਾ, ਐਸਡੀਐਮ ਦਫਤਰ, ਨਾਲ਼ੇ ਵਾਲੇ ਬ੍ਰਿਜ, ਗੁਰਦੁਆਰਾ ਟੱਕਰ ਸਾਹਿਬ, ਬਾਬਾ ਬਸਤਾ ਸਿੰਘ ਰੋਡ, ਯੋਧਪੁਰ ਰੋਡ, ਚੌਕ ਦੀਨਪੁਰ, ਤਹਿਸੀਲ ਚੌਕ, ਨਗਰ ਕੌਂਸਲ ਚੌਕ, ਚਾਰ ਖੰਭਾ ਚੌਕ, ਬੋਹੜੀ ਚੌਕ, ਜਗਦੇਵ ਮਾਰਕੀਟ, ਦਰਬਾਰ ਸਾਹਿਬ ਪਾਰਕਿੰਗ ਰੋਡ, ਕੋਜੀ ਕੋਟ ਰੋਡ, ਮੇਜਰ ਜੀਵਨ ਸਿੰਘ ਨਗਰ ਗੇਟ, ਦੀਪ ਐਵੀਨਿਊ ਰੋਡ, ਆਈਸ ਫੈਕਟਰੀ, ਗੁਰਦੁਆਰਾ ਲਕੀਰ ਸਾਹਿਬ ਰੋਡ, ਅੰਬਾਂ ਵਾਲਾ ਬਾਜ਼ਾਰ ਰੋਡ (ਨੇੜੇ ਸਤਕਾਰ ਪੈਲੇਸ), ਜੀ.ਟੀ.ਬੀ ਨਗਰ, ਅੰਮ੍ਰਿਤਸਰ ਚੌਕ, ਝਬਾਲ ਰੋਡ ਕਾਜੀਕੋਟ ਬਾਈਪਾਸ, ਝਬਾਲ ਰੋਡ ਰੋਹੀ ਬ੍ਰਿਜ, ਪਲਾਸੌਰ ਰੋਡ ਚੌਕ (ਨੇੜੇ ਹਰੀ ਰਾਮ ਸ਼ੈਲਰ), ਨੂਰ ਦੀ ਬਾਜ਼ਾਰ ਚੌਕ, ਗੁਰਦੁਆਰਾ ਨਾਮਦੇਵ ਭਗਤ, ਗੁਰੂ ਕਾ ਖੂਹ ਚੌਕ, ਸ਼ੌਕਰ ਸ਼ਾਹ ਸਮਾਧ ਚੌਕ, ਗੋਇੰਦਵਾਲ ਫਾਟਕ, ਗੋਇੰਦਵਾਲ ਪੁਲ, ਮਾਸਟਰ ਕਲੋਨੀ ਗੁਰੂ ਨਾਨਕ ਹਸਪਤਾਲ ਚੌਕ, ਗੋਇੰਦਵਾਲ ਪੁਲ ਹਾਈਵੇਅ, ਮੁਰਾਦਪੁਰਾ ਰੋਡ, ਬਾਠ ਰੋਡ ਚੌਕ ਪੁਰਾਣਾ ਬਾਈਪਾਸ, ਜੰਡਿਆਲਾ ਚੌਕ, ਬੱਸ ਸਟੈਂਡ ਰੋਡ, 80 ਫੁੱਟ ਰੋਡ, ਪੁਰਾਣਾ ਡੀ.ਸੀ ਦਫ਼ਤਰ ਚੌਕ, ਸਟੇਸ਼ਨ ਰੋਡ, ਗਾਂਧੀ ਪਾਰਕ ਰੋਡ ਪੀਰਾਂ ਵਾਲਾ ਚੌਕ ਅਤੇ ਮੁਰਾਦਪੁਰਾ ਫਾਟਕ ਚੌਕ ਸ਼ਾਮਿਲ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News